ਸੋਨੂੰ ਸੂਦ ਦੇ ਨਾਮ ‘ਤੇ ਵਿਅਕਤੀ ਕਰ ਰਿਹਾ ਸੀ ਧੋਖਾਧੜੀ, ਅਦਾਕਾਰ ਬੋਲੇ- ‘ਜਲਦ ਹੋਵੋਗੇ ਗ੍ਰਿਫ਼ਤਾਰ’
ਅਪਣੀ ਦਰਿਆਦਿਲੀ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਹਨੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ।
ਨਵੀਂ ਦਿੱਲੀ: ਅਪਣੀ ਦਰਿਆਦਿਲੀ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਹਨੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿਚ ਉਹਨਾਂ ਦੇ ਨਾਮ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਨੇ ਇਕ ਟਵੀਟ ਜ਼ਰੀਏ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਸੋਨੂੰ ਸੂਦ ਨੇ ਟਵੀਟ ਕਰ ਕੇ ਧੋਖਾਧੜੀ ਕਰਨ ਵਾਲੇ ਅਰੋਪੀ ਨੂੰ ਚੇਤਾਵਨੀ ਵੀ ਦਿੱਤੀ ਹੈ। ਦਰਅਸਲ ਸੋਨੂੰ ਸੂਦ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਨਾਮ ‘ਤੇ ਇਕ ਫਰਜ਼ੀ ਅਕਾਊਂਟ ਚੱਲ ਰਿਹਾ ਹੈ। ਜਦੋਂ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਸਖ਼ਤ ਸ਼ਬਦਾਂ ਵਿਚ ਅਰੋਪੀਆਂ ਨੂੰ ਚੇਤਾਵਨੀ ਦਿੱਤੀ ਅਤੇ ਟਵੀਟ ਕੀਤਾ।
ਉਹਨਾਂ ਨੇ ਲਿਖਿਆ, ‘ ਮਾਸੂਮ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਵਿਚ ਤੁਸੀਂ ਜਲਦੀ ਹੀ ਗ੍ਰਿਫ਼ਤਾਰ ਹੋ ਜਾਓਗੇ, ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ, ਸੁਧਰ ਜਾਓ’। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨੂੰ ਸੂਦ ਦੇ ਨਾਮ ‘ਤੇ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹੋਣ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਮ ‘ਤੇ ਕਈ ਤਰ੍ਹਾਂ ਦੇ ਟਵੀਟ ਕੀਤੇ ਗਏ ਹਨ।
ਲੌਕਡਾਊਨ ਦੌਰਾਨ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਉਹਨਾਂ ਨੇ ਅਪਣੇ ਫੈਨਜ਼ ਨੂੰ ਸੁਚੇਤ ਕੀਤਾ ਸੀ, ਤਾਂ ਜੋ ਉਹ ਧੋਖਾਧੜੀ ਦਾ ਸ਼ਿਕਾਰ ਨਾ ਹੋਣ। ਜ਼ਿਕਰਯੋਗ ਹੈ ਕਿ ਤਾਲਾਬੰਦੀ ਦੇ ਸਮੇਂ ਤੋਂ ਹੀ ਸੋਨੂੰ ਸੂਦ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਬੀਤੇ ਦਿਨੀਂ ਸੋਨੂੰ ਸੂਦ ਨੇ ਬਿਹਾਰ ਦੇ ਇਕ ਵਿਅਕਤੀ ਲਈ ਇਕ ਮੱਝ ਖਰੀਦੀ ਸੀ, ਜਿਸ ਦਾ ਜ਼ਿਕਰ ਉਹਨਾਂ ਨੇ ਆਪਣੇ ਟਵਿਟਰ ਹੈਂਡਲ ‘ਤੇ ਕੀਤਾ ਹੈ।