ਸੋਨੂੰ ਸੂਦ ਦਾ Troll ਕਰਨ ਵਾਲਿਆਂ ਨੂੰ ਜਵਾਬ- ਜਿਨ੍ਹਾਂ ਦੀ ਮਦਦ ਕੀਤੀ, ਮੇਰੇ ਕੋਲ ਸਾਰਾ ਡੇਟਾ ਹੈ

ਏਜੰਸੀ

ਮਨੋਰੰਜਨ, ਬਾਲੀਵੁੱਡ

ਮੈਨੂੰ ਟਰੋਲ ਕਰਨ ਦੀ ਬਜਾਏ ਬਾਹਰ ਜਾਓ ਅਤੇ ਕਿਸੇ ਦੀ ਮਦਦ ਕਰੋ- ਸੋਨੂੰ ਸੂਦ

Sonu Sood

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ਵਿਚ ਗਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਇਕ ਮਸੀਹੇ ਵਜੋਂ ਸਾਹਮਣੇ ਆਏ। ਉਹਨਾਂ ਨੇ ਮਹਾਂਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਲੋੜਵੰਦਾਂ ਦੀ ਹਰ ਮਦਦ ਕੀਤੀ। ਇਸ ਸਭ ਦੌਰਾਨ ਹਾਲ ਹੀ ਵਿਚ ਕੁੱਝ ਲੋਕਾਂ ਵੱਲੋਂ ਉਹਨਾਂ ਨੂੰ ਟਰੋਲ ਕੀਤਾ ਗਿਆ।

ਯੂਜ਼ਰਸ ਨੇ ਅਦਾਕਾਰ ਨੂੰ ਉਹਨਾਂ ਦੇ ਕੰਮਾਂ ਨੂੰ ਲੈ ਕੇ ਸਵਾਲ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਇੱਥੋਂ ਤੱਕ ਕਿ ਕੁਝ ਲੋਕ ਤਾਂ ਸੋਨੂੰ ਸੂਦ ਨੂੰ ‘ਫਰਾਡ’ ਕਹਿ ਰਹੇ ਹਨ। ਯੂਜ਼ਰਸ ਦੇ ਇਹਨਾਂ ਸਵਾਲਾਂ ਤੋਂ ਬਾਅਦ ਅਦਾਕਾਰ ਨੇ ਇਸ ‘ਤੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਹਾਲ ਹੀ ਵਿਚ ਸੋਨੂੰ ਸੂਦ ਨੇ ਪੱਤਰਕਾਰ ਬਰਖਾ ਦੱਤ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਖੁਦ ਨੂੰ ਟਰੋਲ ਕੀਤੇ ਜਾਣ ‘ਤੇ ਪ੍ਰਤੀਕਿਰਿਆ ਦਿੱਤੀ।

ਉਹਨਾਂ  ਕਿਹਾ, ‘ਹੋ ਸਕਦਾ ਹੈ ਕਿ ਉਹ ਅਜਿਹਾ ਇਸ ਲਈ ਕਰਦੇ ਹੋਣਗੇ ਕਿਉਂਕਿ ਇਹ ਉਹਨਾਂ  ਦਾ ਪੇਸ਼ਾ ਹੈ ਅਤੇ ਇਸ ਦੇ ਲਈ ਉਹਨਾਂ ਨੂੰ ਭੁਗਤਾਨ ਕੀਤਾ ਜਾ ਰਿਹਾ ਹੋਵੇਗਾ ਪਰ ਇਹ ਮੈਨੂੰ ਪ੍ਰਭਾਵਿਤ ਨਹੀਂ ਕਰਦਾ। ਮੈਂ ਜੋ ਕਰ ਰਿਹਾ ਹਾਂ ਉਹ ਕਰਦਾ ਰਹਾਂਗਾ’। ਉਹਨਾਂ ਨੇ ਇਕ ਕਹਾਣੀ ਜ਼ਰੀਏ ਅਪਣੀ ਗੱਲ਼ ਰੱਖੀ।

ਸੋਨੂੰ ਸੂਦ ਨੇ ਕਿਹਾ, ‘ਜਦੋਂ ਮੈਂ ਛੋਟਾ ਸੀ, ਤਾਂ ਮੈਂ ਇਕ ਕਹਾਣੀ ਸੁਣੀ ਸੀ। ਇਕ ਸਾਧੂ ਕੋਲ ਇਕ ਸ਼ਾਨਦਾਰ ਘੋੜਾ ਸੀ। ਉਹ ਜੰਗਲ ਵਿਚੋਂ ਜਾ ਰਹੇ ਸੀ। ਉਸੇ ਸਮੇਂ ਇਕ ਡਾਕੂ ਨੇ ਉਹਨਾਂ ਨੂੰ ਘੋੜਾ ਦੇਣ ਲਈ ਕਿਹਾ। ਸਾਧੂ ਨੇ ਮਨ੍ਹਾਂ ਕਰ ਦਿੱਤਾ ਅਤੇ ਅੱਗੇ ਵਧ ਗਿਆ। ਜੰਗਲ ਵਿਚ ਉਹਨਾਂ ਨੂੰ ਇਕ ਬਜ਼ੁਰਗ ਵਿਅਕਤੀ ਮਿਲਿਆ, ਜੋ ਮੁਸ਼ਕਿਲ ਨਾਲ ਚੱਲ ਰਿਹਾ ਸੀ।

ਅਜਿਹੇ ਵਿਚ ਸਾਧੂ ਨੇ ਘੋੜਾ ਉਸ ਬਜ਼ੁਰਗ ਨੂੰ ਦੇ ਦਿੱਤਾ। ਜਿਵੇਂ ਹੀ ਬਜ਼ੁਰਗ ਘੋੜੇ ‘ਤੇ ਬੈਠਿਆ, ਉਸ ਨੇ ਖੁਦ ਦੇ ਡਾਕੂ ਹੋਣ ਦਾ ਖੁਲਾਸਾ ਕੀਤਾ ਅਤੇ ਭੱਜਣ ਲੱਗਿਆ। ਇਸ ‘ਤੇ ਸਾਧੂ ਨੇ ਉਸ ਨੂੰ ਰੋਕਿਆ ਅਤੇ ਕਿਹਾ ਕਿ ਤੁਸੀਂ ਘੋੜੇ ਨੂੰ ਲਿਜਾ ਸਕਦੇ ਹੋ ਪਰ ਕਿਸੇ ਨੂੰ ਇਹ ਨਾ ਦੱਸਿਓ ਕਿ ਤੁਸੀਂ ਮੇਰਾ ਘੋੜਾ ਕਿਵੇਂ ਲਿਆ, ਨਹੀਂ ਤਾਂ ਲੋਕ ਚੰਗਾ ਕੰਮ ਕਰਨ ਵਿਚ ਵਿਸ਼ਵਾਸ ਕਰਨਾ ਬੰਦ ਕਰ ਦੇਣਗੇ’।

ਸੋਨੂੰ ਸੂਦ ਨੇ ਕਿਹਾ, ‘ਜੋ ਲੋਕ ਦਾਅਵਾ ਕਰਦੇ ਹਨ ਕਿ ਮੈਂ ਕੁਝ ਨਹੀਂ ਕਰ ਰਿਹਾ। ਉਹਨਾਂ ਲਈ ਮੇਰਾ ਜਵਾਬ ਇਹੀ ਹੈ ਕਿ ਮੇਰੇ ਕੋਲ 7,03,246 ਲੋਕਾਂ ਦਾ ਡੇਟਾ ਹੈ, ਜਿਨ੍ਹਾਂ ਦੀ ਮੈਂ ਮਦਦ ਕੀਤੀ ਹੈ ਅਤੇ ਜਿਨ੍ਹਾਂ ਦੇ ਪਤੇ, ਫੋਨ ਨੰਬਰ, ਅਧਾਰ ਕਾਰਡ ਨੰਬਰ ਮੇਰੇ ਕੋਲ ਹਨ। ਜਿਨ੍ਹਾਂ ਵਿਦਿਆਰਥੀਆਂ ਦੀ ਮੈਂ ਵਿਦੇਸ਼ ਤੋਂ ਆਉਣ ਵਿਚ ਮਦਦ ਕੀਤੀ ਹੈ, ਮੇਰੇ ਕੋਲ ਉਹਨਾਂ ਸਬੰਧੀ ਜਾਣਕਾਰੀ ਹੈ। ਮੈਂ ਸਪੱਸ਼ਟ ਨਹੀਂ ਕਰਨਾ ਚਾਹੁੰਦਾ ਪਰ ਮੇਰੇ ਕੋਲ ਜਾਣਕਾਰੀ ਹੈ। ਮੈਨੂੰ ਟਰੋਲ ਕਰਨ ਦੀ ਬਜਾਏ ਬਾਹਰ ਜਾਓ ਅਤੇ ਕਿਸੇ ਦੀ ਮਦਦ ਕਰੋ’।