ਆਦਿਤਿਆ ਪੰਚੋਲੀ ਮਾਣਹਾਨੀ ਕੇਸ ਵਿਚ ਕੰਗਨਾ ਅਤੇ ਰੰਗੋਲੀ ਨੂੰ ਸੰਮਨ ਜਾਰੀ

ਏਜੰਸੀ

ਮਨੋਰੰਜਨ, ਬਾਲੀਵੁੱਡ

2017 ਵਿਚ ਆਦਿਤਿਆ ਪੰਚੋਲੀ ਅਤੇ ਉਸ ਦੀ ਪਤਨੀ ਨੇ ਮਾਣਹਾਨੀ ਦਾ ਕਰਵਾਇਆ ਸੀ ਕੇਸ ਦਰਜ

Court issued summon to kangana ranaut and angoli chandel

ਮੁੰਬਈ: ਮੁੰਬਈ ਦੀ ਇਕ ਕੋਰਟ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਸੰਮਨ ਜਾਰੀ ਕੀਤੇ ਹਨ। ਆਦਿਤਆ ਪੰਚੋਲੀ ਨੇ 2017 ਵਿਚ ਕੰਗਨਾ ਅਤੇ ਉਸ ਦੀ ਭੈਣ ਵਿਰੁਧ ਮਾਣਹਾਨੀ ਦਾ ਕੇਸ ਦਰਜ ਕਰਾਇਆ ਸੀ। ਉਸ ਕੇਸ ਵਿਚ ਹੁਣ ਕੋਰਟ ਨੇ ਕੰਗਨਾ ਅਤੇ ਰੰਗੋਲੀ ਵਿਰੁਧ ਸੰਮਨ ਜਾਰੀ ਕੀਤਾ ਹੈ। ਅਦਾਕਾਰ ਪੰਚੋਲੀ ਅਤੇ ਕੰਗਨਾ ਰਾਨੌਤ ਵਿਚਕਾਰ ਕਾਫ਼ੀ ਸਮੇਂ ਤੋਂ ਵਿਵਾਦ ਚਲ ਰਿਹਾ ਹੈ। ਕੰਗਨਾ ਨੇ ਕਈ ਵਾਰ ਉਸ 'ਤੇ ਜਿਨਸੀ ਸ਼ੋਸ਼ਣ ਦਾ ਆਰੋਪ ਵੀ ਲਗਾਇਆ ਹੈ।

ਹਾਲਾਂਕਿ ਆਦਿਤਿਆ ਪੰਚੋਲੀ ਦਾ ਕਹਿਣਾ ਹੈ ਕਿ ਕੰਗਨਾ ਬਿਨਾਂ ਸਬੂਤ ਤੋਂ ਉਸ ਤੇ ਆਰੋਪ ਲਗਾਉਂਦੀ ਹੈ। ਇਸੇ ਵਜ੍ਹਾ ਕਰ ਕੇ ਉਸ ਨੇ ਕੰਗਨਾ ਵਿਰੁਧ ਮਾਣਹਾਨੀ ਦਾ ਕੇਸ ਦਰਜ ਕਰਾਇਆ ਸੀ ਜਿਸ ਦੀ ਤਰੀਕ 'ਤੇ ਕੰਗਨਾ ਨਹੀਂ ਪਹੁੰਚੀ ਸੀ। 2017 ਵਿਚ ਆਦਿਤਿਆ ਪੰਚੋਲੀ ਅਤੇ ਉਸ ਦੀ ਪਤਨੀ ਜ਼ਾਰੀਨਾ ਵਹਾਬ ਨੇ ਕੰਗਨਾ ਰਾਨੌਤ ਅਤੇ ਰੰਗੋਲੀ ਚੰਦੇਲ 'ਤੇ ਉਨਹਾਂ ਨੂੰ ਟੈਲੀਵਿਜ਼ਨ 'ਤੇ ਬਦਨਾਮ ਕਰਨ ਵਿਰੁਧ ਚਾਰ ਅਪਰਾਧਿਕ ਮਾਣਹਾਨੀ ਦੇ ਕੇਸ ਕੀਤੇ ਸਨ। ਕੰਗਨਾ ਰਾਨੌਤ ਨੇ ਆਰੋਪ ਲਗਾਇਆ ਸੀ ਕਿ ਆਦਿਤਿਆ ਪੰਚੋਲੀ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਰੰਗੋਲੀ ਨੇ ਮਈ ਵਿਚ ਪੁਲਿਸ ਸਟੇਸ਼ਨ ਵਿਚ ਇਕ ਅਰਜ਼ੀ ਫ਼ਾਇਲ ਕੀਤੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਕ ਸਾਲ ਪਹਿਲਾਂ ਆਦਿਤਿਆ ਨੇ ਉਸ ਦੀ ਭੈਣ ਦਾ ਸ਼ੋਸ਼ਣ ਕੀਤਾ ਸੀ। ਬਦਲੇ ਵਿਚ ਆਦਿਤਿਆ ਨੇ ਵੀ ਉਸੇ ਪੁਲਿਸ ਸਟੇਸ਼ਨ ਵਿਚ ਇਕ ਕਾਉਂਟਰ ਅਰਜ਼ੀ ਦਰਜ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੰਗਨਾ ਰਾਨੌਤ ਦੇ ਵਕੀਲ ਨੇ ਉਸ ਦੇ ਵਿਰੁਧ ਬਲਾਤਕਾਰ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਸੀ।

ਰੰਗੋਲੀ ਨੇ ਦਾਅਵਾ ਕੀਤਾ ਸੀ ਕਿ ਕੰਗਨਾ ਨੇ ਕਈ ਵਾਰ ਜ਼ਾਰੀਨਾ ਤੋਂ ਮਦਦ ਦੀ ਅਪੀਲ ਕੀਤੀ ਸੀ ਪਰ ਉਹਨਾਂ ਨੇ ਉਸ ਦੀ ਮਦਦ ਨਹੀਂ ਕੀਤੀ।