ਚੌਥੇ ਪੜਾਅ ਤਹਿਤ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਪਾਈ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਦੇ ਕਈ ਸਿਤਾਰੇ ਵੋਟ ਪਾਉਣ ਲਈ ਸਵੇਰੇ-ਸਵੇਰੇ ਹੀ ਪੋਲਿੰਗ ਬੂਥ ‘ਤੇ ਪਹੁੰਚੇ।

Bollywood stars cast their votes

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਚੌਥੇ ਪੜਾਅ ਦੀਆਂ 72 ਸੀਟਾਂ ਲਈ ਵੋਟਿੰਗ ਜਾਰੀ ਹੈ। ਇਸਦੇ ਨਾਲ ਹੀ ਮਹਾਰਾਸ਼ਟਰ ਦੀਆਂ 17 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸੇ ਦੌਰਾਨ ਬਾਲੀਵੁੱਡ ਦੇ ਕਈ ਸਿਤਾਰੇ ਅਤੇ ਹਸਤੀਆਂ ਵੋਟ ਪਾਉਣ ਲਈ ਸਵੇਰੇ-ਸਵੇਰੇ ਹੀ ਪੋਲਿੰਗ ਬੂਥ ‘ਤੇ ਪਹੁੰਚੇ ਸਨ।

ਚੌਥੇ ਪੜਾਅ ਦੀਆਂ ਚੋਣਾਂ ਦੌਰਾਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਅਮਰੀਕਾ ਤੋਂ ਵੋਟ ਪਾਉਣ ਲਈ ਭਾਰਤ ਆਈ ਅਤੇ ਉਹਨਾਂ ਨੇ ਵੋਟਿੰਗ ਤੋਂ ਬਾਅਦ ਅਪਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣਾਊਤ ਨੇ ਮੁੰਬਈ ਦੇ ਖਾਰ ਰੋਡ ਸਥਿਤ ਪੋਲਿੰਗ ਬੂਥ ‘ਤੇ ਵੋਟ ਪਾਈ ਹੈ।

ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦ੍ਰੇ ਨੇ ਵੀ ਮੁੰਬਈ ਦੇ ਵਿਲੇ ਪਾਰਲੇ ਵਿਚ ਬਣੇ ਪੋਲਿੰਗ ਬੂਥ ‘ਤੇ ਵੋਟ ਪਾਈ। ਦੱਸ ਦਈਏ ਕਿ ਸੋਨਾਲੀ ਪਿਛਲੇ ਦਿਨੀਂ ਹੀ ਅਮਰੀਕਾ ਤੋਂ ਕੈਂਸਰ ਦਾ ਇਲਾਜ ਕਰਾ ਕੇ ਭਾਰਤ ਆਈ ਹੈ।

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਜੁਹੂ ਦੇ ਪੋਲਿੰਗ ਬੂਥ ਨੰਬਰ 235-240 ‘ਤੇ ਵੋਟ ਪਾਈ ਹੈ। ਦੱਸ ਦਈਏ ਕਿ ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਭਾਜਪਾ ਦੀ ਟਿਕਟ ਤੋਂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ। ਅਦਾਕਾਰਾ ਮਾਧੁਰੀ ਦਿਕਸ਼ਿਤ ਨੇ ਵੀ ਮੁੰਬਈ ਦੇ ਜੁਹੂ ਵਿਚ ਇਕ ਪੋਲਿੰਗ ਬੂਥ ‘ਤੇ ਵੋਟ ਪਾਈ।

ਬਾਲੀਵੁੱਡ ਵਿਚ ਅਪਣੀ ਖਾਸ ਪਹਿਚਾਣ ਰੱਖਣ ਵਾਲੇ ਆਮਿਰ ਖਾਨ ਵੀ ਬਾਂਦ੍ਰਾ ਦੇ ਸੈਂਟ ਐਨੀਜ਼ ਹਾਈ ਸਕੂਲ ‘ਚ ਪੋਲਿੰਗ ਬੂਥ ‘ਤੇ ਅਪਣੀ ਪਤਨੀ ਨਾਲ ਵੋਟ ਪਾਉਣ ਪਹੁੰਚੇ। ਮਸ਼ਹੂਰ ਅਦਾਕਾਰਾ ਰੇਖਾ ਨੇ ਵੀ ਬਾਂਦ੍ਰਾ ਦੇ 283 ਨੰਬਰ ਪੋਲਿੰਗ ‘ਤੇ ਵੋਟ ਪਾਈ। ਦੱਸ ਦਈਏ ਕਿ ਅਦਾਕਾਰਾ ਰੇਖਾ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਸਾਂਸਦ ਵੀ ਰਹਿ ਚੁਕੀ ਹੈ।

ਉਤਰ ਮੁੰਬਈ ਤੋਂ ਕਾਂਗਰਸ ਉਮੀਦਵਾਰ ਉਰਮਿਲਾ ਮਾਤੋਂਡਕਰ ਨੇ ਬਾਂਦ੍ਰਾ ਦੇ 190 ਨੰਬਰ ਪੋਲਿੰਗ ਬੂਥ ਤੋਂ ਵੋਟ ਪਾਈ ਹੈ। ਦੱਸ ਦਈਏ ਕਿ ਕਾਂਗਰਸ ਉਮੀਦਵਾਰ ਉਰਮਿਲਾ ਵਿਰੁੱਧ ਭਾਜਪਾ ਦੇ ਜ਼ਮੀਨੀ ਨੇਤਾ ਉਮੀਦਵਾਰ ਗੋਪਾਲ ਸ਼ੈਟੀ ਚੋਣ ਲੜ ਰਹੇ ਹਨ।

ਅਹਿਮਦਾਬਾਦ ਦੇ ਭਾਜਪਾ ਸਾਂਸਦ ਪਰੇਸ਼ ਰਾਵਲ ਨੇ ਅਪਣੀ ਪਤਨੀ ਨਾਲ ਮੁੰਬਈ ਦੇ ਵਿਲੇ ਪਾਰਲੇ ਵਿਖੇ ਬੂਥ ਨੰਬਰ 250-256 ‘ਤੇ ਵੋਟ ਪਾਈ ਹੈ। ਇਸ ਦੇ ਨਾਲ ਹੀ ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵਿ ਕਿਸ਼ਨ ਨੇ ਵੀ ਵੋਟ ਪਾਈ ਹੈ।

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਵੀ ਬਾਂਦ੍ਰਾ ਵਿਚ ਅਪਣੀ ਪਤਨੀ ਨਾਲ ਜਾ ਕੇ ਵੋਟ ਪਾਈ ਹੈ। ਦੱਸ ਦਈਏ ਕਿ ਸੰਜੇ ਦੱਤ ਦੀ ਭੈਣ ਪ੍ਰਿਆ ਦੱਤ ਇਸ ਵਾਰ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਉਮੀਦਵਾਰ ਹੈ।

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਵੀ ਅਪਣੇ ਪੁੱਤਰ ਤੈਮੂਰ ਅਲੀ ਖਾਨ ਨੂੰ ਲੈ ਕੇ ਬਾਂਦ੍ਰਾ ਵਿਖੇ ਸਥਿਤ ਪੋਲਿੰਗ ਬੂਥ ‘ਤੇ ਵੋਟ ਪਾਉਣ ਲਈ ਆਈ। ਦੱਸ ਦਈਏ ਕਿ ਕਪੂਰ ਪਰਿਵਾਰ ਹਮੇਸ਼ਾਂ ਹੀ ਚੋਣਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ।