ਚੌਥੇ ਪੜਾਅ ਤਹਿਤ ਲੋਕ ਸਭਾ ਦੀਆਂ 72 ਸੀਟਾਂ ‘ਤੇ ਵੋਟਿੰਗ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਨੋ ਸੂਬਿਆਂ ਦੀਆਂ 72 ਲੋਕ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ।

Lok Sabha election 2019

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਨੋ ਸੂਬਿਆਂ ਦੀਆਂ 72 ਲੋਕ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ। ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਲਈ ਚੋਣਾਂ ਦਾ ਇਹ ਪੜਾਅ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਇਹਨਾਂ 72 ਸੀਟਾਂ ਵਿਚੋਂ 56 ਸੀਟਾਂ ‘ਤੇ ਭਾਜਪਾ ਨੂੰ ਜਿੱਤ ਮਿਲੀ ਸੀ। ਬਾਕੀ ਬਚੀਆਂ 16 ਸੀਟਾਂ ਵਿਚੋਂ ਦੋ ‘ਤੇ ਕਾਂਗਰਸ ਨੂੰ ਜਿੱਤ ਮਿਲੀ ਸੀ ਜਦਕਿ ਬਾਕੀ ਦੀਆਂ ਸੀਟਾਂ ਤ੍ਰਿਣਮੂਲ ਕਾਂਗਰਸ (6) ਅਤੇ ਬੀਜਦ (6) ਵਰਗੀਆਂ ਵਿਰੋਧੀ ਪਾਰਟੀਆਂ ਦੇ ਖਾਤੇ ਵਿਚ ਗਈਆਂ ਸਨ।

ਸੋਮਵਾਰ 29 ਅਪ੍ਰੈਲ ਨੂੰ ਮਹਾਰਾਸ਼ਟਰ ਦੀਆਂ 17, ਰਾਜਸਥਾਨ ਅਤੇ ਉੱਤਰਪ੍ਰਦੇਸ਼ ਦੀਆਂ 13-13, ਪੱਛਮੀ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੀਆਂ 6-6, ਬਿਹਾਰ ਦੀਆਂ 5 ਅਤੇ ਝਾਰਖੰਡ ਦੀਆਂ 3 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੀ ਅਨੰਤਨਾਗ ਲੋਕਸਭਾ ਸੀਟ ‘ਤੇ ਵੀ ਵੋਟਿੰਗ ਜਾਰੀ ਹੈ। ਅਨੰਤਨਾਗ ਸੀਟ ‘ਤੇ ਤਿੰਨ ਪੜਾਵਾਂ ਵਿਚ ਵੋਟਿੰਗ ਕਰਵਾਈ ਜਾ ਰਹੀ ਹੈ।

ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਕੁੱਲ 54 ਸੀਟਾਂ ‘ਤੇ ਵੋਟਿੰਗ ਦੀ ਸ਼ੁਰੂਆਤ ਚੌਥੇ ਪੜਾਅ ਤੋਂ ਹੋਈ ਹੈ। ਸਾਲ 2014 ਵਿਚ ਇਹਨਾਂ ਦੋਨਾਂ ਸੂਬਿਆਂ ਦੀਆਂ ਕੁੱਲ 54 ਸੀਟਾਂ ਵਿਚੋਂ 52 ਸੀਟਾਂ ‘ਤੇ ਭਾਜਪਾ ਨੂੰ ਜਿੱਤ ਮਿਲੀ ਸੀ। ਪਿਛਲੇ ਸਾਲ ਇਹਨਾਂ ਦੋਨਾਂ ਸੂਬਿਆਂ ਦੀ ਸੱਤਾ ਵਿਚ ਵਾਪਸੀ ਕਰਕੇ ਕਾਂਗਰਸ ਨੇ ਅਪਣੀ ਸਥਿਤੀ 2014 ਦੇ ਮੁਕਾਬਲੇ ਕਾਫੀ ਮਜ਼ਬੂਤ ਕਰ ਲਈ ਹੈ।

ਚੌਥੇ ਪੜਾਅ ਵਿਚ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਿਰੀਰਾਜ ਸਿੰਘ , ਸੁਭਾਸ਼ ਭਾਮਰੇ, ਐਸਐਸ ਆਹਲੂਵਾਲੀਆ ਅਤੇ ਬਾਬੁਲ ਸੁਪ੍ਰਿਓ ਅਤੇ ਸਾਬਕਾ ਕੇਂਦਰੀ ਮੰਤੀਆਂ ਅਤੇ ਕਾਂਗਰਸ ਨੇਤਾ ਸਲਮਾਨ ਖੁਸ਼ੀਰਦ ਅਕੇ ਅੰਧੀਰ ਰੰਜਨ ਚੌਧਰੀ ਸਮੇਤ 961 ਉਮੀਦਵਾਰਾਂ ਦੀ ਚੋਣ ਕਿਸਮਤ ਈਵੀਐਮ ਵਿਚ ਕੈਦ ਹੋਵੇਗੀ। ਦੱਸ ਦਈਏ ਕਿ 11 ਅਪ੍ਰੈਲ ਤੋਂ 19 ਮਈ ਤੱਕ 7 ਪੜਾਵਾਂ ਵਿਚ ਲੋਕਸਭਾ ਦੀਆਂ 542 ਸੀਟਾਂ ਲਈ ਵੋਟਿੰਗ ਹੋਵੇਗੀ। ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਘੋਸ਼ਿਤ ਕੀਤੇ ਜਾਣਗੇ।