ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਟੀਐਮਸੀ ਤੇ ਭਾਜਪਾ ਵਰਕਰਾਂ ਵਿਚਕਾਰ ਹਿੰਸਕ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਦੌਰਾਨ ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਅਤੇ ਟੀਐਮਸੀ ਕਰਮਚਾਰੀਆਂ ਵਿਚਕਾਰ ਹਿੰਸਕ ਝੜਪ ਹੋ ਗਈ।

Babul Supriyo

ਕੋਲਕਾਤਾ: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਦੌਰਾਨ ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਅਤੇ ਟੀਐਮਸੀ ਕਰਮਚਾਰੀਆਂ ਵਿਚਕਾਰ ਹਿੰਸਕ ਝੜਪ ਹੋ ਗਈ। ਝੜਪ ਦੀ ਘਟਨਾ ਸੂਬੇ ਦੇ ਆਸਨਸੋਲ ਵਿਚ ਹੋਈ ਹੈ। ਦੋਵੇਂ ਪਾਰਟੀਆਂ ਦੇ ਸਮਰਥਕਾਂ ਵਿਚ ਲਾਠੀਆਂ ਵੀ ਚੱਲੀਆਂ। ਇਸ ਝੜਪ ਦੌਰਾਨ ਭਾਜਪਾ ਸਾਂਸਦ ਬਾਬੁਲ ਸੁਪ੍ਰੀਓ ਦੀ ਕਾਰ ਨੂੰ ਤੋੜ ਦਿੱਤਾ ਗਿਆ। ਇਸਦੇ ਲਈ ਬਾਬੁਲ ਸੁਪ੍ਰੀਓ ਨੇ ਟੀਐਮਸੀ ‘ਤੇ ਇਲਜ਼ਾਮ ਲਗਾਏ ਹਨ।

ਪੁਲਿਸ ਨੇ ਲਾਠੀਚਾਰਜ ਕਰਕੇ ਦੋਵੇਂ ਪਾਰਟੀਆਂ ਦੇ ਸਮਰਥਕਾਂ ਨੂੰ ਉਥੋਂ ਭਜਾ ਦਿੱਤਾ ਹੈ। ਇਸ ਹਿੰਸਕ ਝੜਪ ਵਿਚ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਕਈ ਵੋਟਿੰਗ ਸੈਂਟਰਾਂ ‘ਤੇ ਵੋਟਿੰਗ ਰੋਕ ਦਿੱਤੀ ਗਈ ਹੈ। ਪੱਛਮੀ ਬੰਗਾਲ ਦੇ ਚਾਰ ਜ਼ਿਲਿਆ ਵਿਚ ਅੱਠ ਲੋਕ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਹਨਾਂ ਸੀਟਾਂ ‘ਤੇ ਤ੍ਰਿਣਮੂਲ ਕਾਂਗਰਸ, ਭਾਜਪਾ, ਕਾਂਗਰਸ ਅਤੇ ਵਾਮ ਮੋਰਚਾ ਵਿਚਕਾਰ ਸਖਤ ਮੁਕਾਬਲਾ ਹੈ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਨੋ ਸੂਬਿਆਂ ਦੀਆਂ 72 ਲੋਕ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ। ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਲਈ ਚੋਣਾਂ ਦਾ ਇਹ ਪੜਾਅ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਇਹਨਾਂ 72 ਸੀਟਾਂ ਵਿਚੋਂ 56 ਸੀਟਾਂ ‘ਤੇ ਭਾਜਪਾ ਨੂੰ ਜਿੱਤ ਮਿਲੀ ਸੀ। 11 ਅਪ੍ਰੈਲ ਤੋਂ 19 ਮਈ ਤੱਕ 7 ਪੜਾਵਾਂ ਵਿਚ ਲੋਕਸਭਾ ਦੀਆਂ 542 ਸੀਟਾਂ ਲਈ ਵੋਟਿੰਗ ਹੋਵੇਗੀ। ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਘੋਸ਼ਿਤ ਕੀਤੇ ਜਾਣਗੇ।