ਪੰਜਾਬੀ ਸਿੰਗਰ ਪਰਮੀਸ਼ ਵਰਮਾ 'ਤੇ ਹਮਲੇ ਦੇ ਮਾਮਲੇ 'ਚ ਔਰਤ ਗ੍ਰਿਫ਼ਤਾਰ
ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਗੋਲੀਆਂ ਚਲਾਉਣ ਵਾਲੇ ਖਤਰਨਾਕ ਅਪਰਾਧੀ ਗੈਂਗਸਟਰ ਅਕਾਸ਼ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਨੇ ਚੰਡੀਗੜ੍ਹ ਦੇ ਪਿੰਡ ਖੁੱਡਾ ਲਹੌਰਾ ਤੋ ...
ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਗੋਲੀਆਂ ਚਲਾਉਣ ਵਾਲੇ ਖਤਰਨਾਕ ਅਪਰਾਧੀ ਗੈਂਗਸਟਰ ਅਕਾਸ਼ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਨੇ ਚੰਡੀਗੜ੍ਹ ਦੇ ਪਿੰਡ ਖੁੱਡਾ ਲਹੌਰਾ ਤੋਂ ਇਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਦੀ ਪਹਿਚਾਣ ਰੇਨੂੰ ਦੇ ਰੂਪ ਵਿਚ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮੀਸ਼ ਵਰਮਾ ਉੱਤੇ ਜਦੋਂ ਹਮਲਾ ਕੀਤਾ ਗਿਆ ਸੀ ਤਾਂ ਉਕਤ ਗੈਂਗਸਟਰਾਂ ਨੂੰ ਰੇਨੂੰ ਨੇ ਹੀ ਉਕਸਾਇਆ ਸੀ ਅਤੇ ਉਸੀ ਨੇ ਇਸ ਸਾਰੇ ਮਾਮਲੇ ਵਿਚ ਚਾਲ ਚੱਲ ਕੇ ਘਟਨਾ ਨੂੰ ਅਨਜਾਮ ਦਿਲਵਾਇਆ ਸੀ। ਪੁਲਿਸ ਨੇ ਰੇਨੂੰ ਦੀ ਮਾਮਲੇ ਵਿਚ ਨਿਭਾਈ ਭੂਮਿਕਾ ਨੂੰ ਵੇਖਦੇ ਹੋਏ ਉਸ ਦੇ ਖਿਲਾਫ 120 - ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਰੇਨੂੰ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਤੋਂ ਪੁਲਿਸ ਨੇ ਰੇਨੂੰ ਦਾ ਤਿੰਨ ਦਾ ਰਿਮਾਂਡ ਹਾਸਲ ਕੀਤਾ ਹੈ। ਉਥੇ ਹੀ, ਗੈਂਗਸਟਰ ਅਕਾਸ਼ ਨੂੰ ਵੀ ਪੁਲਿਸ ਨੇ ਪਿੱਛਲਾ ਰਿਮਾਂਡ ਖਤਮ ਹੋਣ ਉਪਰੰਤ ਅੱਜ ਅਦਾਲਤ ਵਿਚ ਪੇਸ਼ ਕੀਤਾ ਸੀ ਜਿੱਥੇ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿਤਾ ਹੈ। ਤਿੰਨ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਪੁਲਿਸ ਦੁਆਰਾ ਕੀਤੀ ਗਈ ਪੁੱਛਗਿਛ ਵਿਚ ਅਕਾਸ਼ ਨੇ ਦੱਸਿਆ ਕਿ ਜਿਸ ਪਿਸਟਲ ਤੋਂ ਉਸ ਨੇ ਪਰਮੀਸ਼ ਵਰਮਾ ਉੱਤੇ ਗੋਲੀ ਚਲਾਈ ਸੀ, ਉਸੀ ਪਿਸਟਲ ਦੇ ਦਮ ਉੱਤੇ ਹੀ ਉਸ ਨੇ ਆਨੰਦਪੁਰ ਸਾਹਿਬ ਤੋਂ ਫਾਰਚਿਊਨਰ ਕਾਰ ਲੁੱਟੀ ਸੀ।
ਉਸ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਵਾਰਦਾਤਾਂ ਵਿਚ ਇਕ ਹੀ ਪਿਸਟਲ ਦਾ ਇਸਤੇਮਾਲ ਉਸ ਨੇ ਕੀਤਾ ਸੀ ਜੋਕਿ ਰੋਪੜ ਪੁਲਿਸ ਨੇ ਉਸ ਸਮੇਂ ਉਸ ਤੋਂ ਰਿਕਵਰ ਕੀਤਾ ਸੀ ਜਦੋਂ ਸੀਆਈਏ ਸਟਾਫ ਦੇ ਨਾਲ ਹੋਏ ਮੁਕਾਬਲੇ ਦੇ ਦੌਰਾਨ ਉਸ ਨੇ ਪੁਲਿਸ ਉੱਤੇ ਗੋਲੀ ਚਲਾਈ ਸੀ। ਮੋਹਾਲੀ ਪੁਲਿਸ ਅਕਾਸ਼ ਨੂੰ ਰੋਪੜ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਕੇ ਆਈ ਸੀ। ਗੱਡੀ ਲੁੱਟਣ ਤੋਂ ਬਾਅਦ ਰੋਪੜ ਸੀਆਈਏ ਟੀਮ ਉਸ ਦਾ ਪਿੱਛਾ ਕਰ ਰਹੀ ਸੀ ਅਤੇ ਅਗਲੇ ਦਿਨ ਸਵੇਰੇ ਉਹ ਰੋਪੜ ਏਰੀਆ ਵਿਚ ਫੜਿਆ ਗਿਆ।