ਦਿਲਜੀਤ ਦੁਸਾਂਝ ਦੇ ਸਮਰਥਨ 'ਚ ਆਏ ਸਿੱਧੂ, ਟਵੀਟ ਕਰਕੇ ਕਿਹਾ ‘ਜੁੱਗ ਜੁੱਗ ਜੀਓ’
ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਰਾਜਨੀਤਿਕ ਟਰੌਲ ਪ੍ਰਾਪੇਗੰਡਾ ਦੀਆਂ ਬੇਬੁਨਿਆਦ ਗਿੱਦੜ ਭਬਕੀਆਂ ਤੋਂ ਲੱਖ ਗੁਣਾ ਚੰਗਾ- ਸਿੱਧੂ
ਚੰਡੀਗੜ੍ਹ: ਕਿਸਾਨੀ ਮੋਰਚੇ ਵਿਰੁੱਧ ਬੋਲਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਠੋਕਵਾਂ ਜਵਾਬ ਦੇਣ ਤੋਂ ਬਾਅਦ ਅਦਾਕਾਰ ਤੇ ਕਲਾਕਾਰ ਦਿਲਜੀਤ ਦੁਸਾਂਝ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਇਸ ਦੌਰਾਨ ਬੀਤੇ ਦਿਨ ਅਦਾਕਾਰ ਨੇ ਅਪਣਾ 37ਵਾਂ ਜਨਮ ਦਿਨ ਮਨਾਇਆ।
ਜਨਮ ਦਿਨ ਮੌਕੇ ਦਿਲਜੀਤ ਨੂੰ ਕਈ ਦਿੱਗਜ਼ ਹਸਤੀਆਂ ਨੇ ਵਧਾਈਆਂ ਦਿੱਤੀਆਂ। ਇਸ ਦੌਰਾਨ ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਵੀ ਦਿਲਜੀਤ ਦਾ ਸਮਰਥਨ ਕੀਤਾ ਤੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਹਨਾਂ ਨੇ ਦਿਲਜੀਤ ਨੂੰ ਟੈਗ ਕਰਦਿਆਂ ਕਿਹਾ, ‘ਹਰ ਪੰਜਾਬੀ ਹਿੱਕ ਤਾਣ ਕੇ ਦਿਲਜੀਤ ਦੁਸਾਂਝ ਦੇ ਨਾਲ ਖੜ੍ਹਾ ਹੈ, ਦਿਲਜੀਤ ਦੋਸਾਂਝ ਨੂੰ ਬੁਰਾ-ਭਲਾ ਕਹਿਣ ਵਾਲੇ ਲੋਕ ਨਹੀਂ ਸਗੋਂ ਵਿਰੋਧੀਆਂ ਦਾ ਸਾਫਟਵੇਅਰ ਆਧਾਰਿਤ ਪ੍ਰਾਪੇਗੰਡਾ ਹੈ।‘
ਸਿੱਧੂ ਨੇ ਅੱਗੇ ਲਿਖਿਆ, ਮਨੁੱਖਤਾ ਦੀ ਮੁਹੱਬਤ ਨੂੰ ਮਾਨਣਾ ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਰਾਜਨੀਤਿਕ ਟਰੌਲ ਪ੍ਰਾਪੇਗੰਡਾ ਦੀਆਂ ਬੇਬੁਨਿਆਦ ਗਿੱਦੜ ਭਬਕੀਆਂ ਤੋਂ ਲੱਖ ਗੁਣਾ ਚੰਗਾ ਹੈ। ਜੁਗ-ਜੁਗ ਜੀਓ ! ਦੱਸ ਦਈਏ ਕਿ ਦਿਲਜੀਤ ਵੱਲੋਂ ਕੀਤੇ ਗਏ ਟਵੀਟਸ ‘ਤੇ ਸਵਰਾ ਭਾਸਕਰ, ਫਰਾਹ ਅਲੀ ਖਾਨ ਸਮੇਤ ਕਈ ਪੰਜਾਬੀ ਅਤੇ ਹਿੰਦੀ ਜਗਤ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਵੱਲੋਂ ਅਪਣਾ ਸਮਰਥਨ ਦਿੱਤਾ ਜਾ ਚੁੱਕਾ ਹੈ।
ਹਾਲਾਂਕਿ ਇਸ ਦੌਰਾਨ ਕਈ ਲੋਕ ਦਿਲਜੀਤ ਵਿਰੁੱਧ ਵੀ ਬਿਆਨਬਾਜ਼ੀਆਂ ਕਰ ਰਹੇ ਹਨ ਪਰ ਦਿਲਜੀਤ ਦੇ ਫੈਨਜ਼ ਉਹਨਾਂ ਨੂੰ ਜਵਾਬ ਦਿੰਦੇ ਨਜ਼ਰ ਆ ਰਹੇ ਹਨ।ਜ਼ਿਕਰਯੋਗ ਹੈ ਕਿ ਸ਼ੁਰੂ ਤੋਂ ਹੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਲਾਕਾਰ ਸੋਸ਼ਲ ਮੀਡੀਆ ’ਤੇ ਲਗਾਤਾਰ ਅਪਣਾ ਸਟੈਂਡ ਸਪੱਸ਼ਟ ਕਰਦੇ ਨਜ਼ਰ ਆ ਰਹੇ ਹਨ।
ਇਸ ਦੇ ਚਲਦਿਆਂ ਉਹਨਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਪਰ ਕਿਸਾਨ ਤੇ ਕਿਸਾਨੀ ਦੇ ਸਮਰਥਨ ਲਈ ਸਿਤਾਰਿਆਂ ਵੱਲ਼ੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।