ਰਵਿੰਦਰ ਗਰੇਵਾਲ ਲੈ ਕੇ ਆ ਰਹੇ ਹਨ ਅਪਣੀ ਨਵੀਂ ਫ਼ਿਲਮ '15 ਲੱਖ ਕਦੋਂ ਆਉਗਾ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਇੰਡਸਟਰੀ ਦਾ ਟੇਡੀ ਪੱਗ ਵਾਲਾ ਕਲਾਕਾਰ ਰਵਿੰਦਰ ਗਰੇਵਾਲ ਜਿੰਨ੍ਹਾਂ ਅਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਅਪਣਾ ...

Ravinder Grewal

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦਾ ਟੇਡੀ ਪੱਗ ਵਾਲਾ ਕਲਾਕਾਰ ਰਵਿੰਦਰ ਗਰੇਵਾਲ ਜਿੰਨ੍ਹਾਂ ਅਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਅਪਣਾ ਮੁਰੀਦ ਬਣਾਇਆ ਹੈ। ਰਵਿੰਦਰ ਗਰੇਵਾਲ ਸਿਨੇਮਾ 'ਤੇ ਇਕ ਵਾਰ ਫਿਰ ਅਪਣੀ ਨਵੀਂ ਫਿਲਮ ਨਾਲ ਐਂਟਰੀ ਮਾਰਨ ਜਾ ਰਹੇ ਹਨ। ਫਿਲਮ ਦਾ ਨਾਮ ਹੈ '15 ਲੱਖ ਕਦੋਂ ਆਉਗਾ'। ਇਹ ਰਵਿੰਦਰ ਗਰੇਵਾਲ ਦੀ ਆਉਣ ਵਾਲੀ ਫਿਲਮ ਦਾ ਨਾਮ ਹੈ ਜਿਸ ਦਾ ਪੋਸਟਰ ਉਹਨਾਂ ਅਪਣੇ ਸ਼ੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ।

ਨਿਰਦੇਸ਼ਕ ਮਨਪ੍ਰੀਤ ਬਰਾੜ ਦੀ ਫ਼ਿਲਮ '15 ਲੱਖ ਕਦੋ ਆਊਗਾ' ਦਾ ਪਹਿਲਾ ਪੋਸਟਰ ਰਿਲੀਜ਼ ਹੁੰਦਿਆਂ ਹੀ ਚਰਚਾ 'ਚ ਆ ਗਿਆ ਹੈ। ਦਰਜਨਾਂ ਪੰਜਾਬੀ ਫ਼ਿਲਮਾਂ 'ਚ ਸਹਾਇਕ ਅਤੇ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਮਨਪ੍ਰੀਤ ਬਰਾੜ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਮਾਰਚ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿਚ ਪੰਜਾਬੀ ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਰੌਲਾ ਪੈ ਗਿਆ, ਜੱਜ ਸਿੰਘ ਐਲ ਐਲ ਬੀ ਅਤੇ ਡੰਗਰ ਡਾਕਟਰ ਵਰਗੀਆਂ ਲੀਕ ਤੋਂ ਹਟਵੀਆਂ ਫ਼ਿਲਮਾਂ 'ਚ ਮੁੱਖ ਭੂਮਿਕਾ ਨਿਭਾ ਚੁੱਕੇ ਗਰੇਵਾਲ ਇਸ ਫ਼ਿਲਮ 'ਚ ਵੀ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਉਂਣਗੇ।

ਇਸ ਫ਼ਿਲਮ ਦੇ ਪੋਸਟਰ ਅਤੇ ਟ੍ਰੇਲਰ ਤੋਂ ਇਹ ਸਾਫ਼ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਕਿਸੇ ਸਿਆਸੀ ਫ਼ੈਸਲੇ 'ਤੇ ਮਜ਼ਹੀਆ ਢੰਗ ਨਾਲ ਟਿੱਪਣੀ ਕਰਦੀ ਹੈ। ਟ੍ਰੇਲਰ ਤੋਂ ਝਲਕਦਾ ਹੈ ਕਿ ਇਹ ਆਮ ਲੋਕਾਂ ਦੀਆਂ ਸਧਰਾਂ ਦੀ ਕਹਾਣੀ ਹੈ, ਜੋ ਹਮੇਸ਼ਾ ਸਿਆਸੀ ਲੋਕਾਂ ਦੇ ਲਾਰਿਆਂ ਦਾ ਸ਼ਿਕਾਰ ਹੁੰਦੇ ਹਨ। ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਦੀ ਕਾਫ਼ੀ ਚਰਚਾ ਹੈ।

ਇਕ ਗੰਭੀਰ ਸਮਾਜਿਕ ਮੁੱਦੇ 'ਤੇ ਟਿੱਪਣੀ ਕਰਦੀ ਇਹ ਫ਼ਿਲਮ ਕਾਮੇਡੀ ਭਰਪੂਰ ਜਾਪਦੀ ਹੈ। ਫ਼ਿਲਮ 'ਚ ਰਵਿੰਦਰ ਗਰੇਵਾਲ ਨਾਲ ਪੂਜਾ ਵਰਮਾ, ਹੌਬੀ ਧਾਲੀਵਾਲ, ਮਲਕੀਤ ਰੌਣੀ, ਯਾਦ ਗਰੇਵਾਲ, ਜਸਵੰਤ ਰਠੋੜ, ਖਿਆਲੀ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ ਅਤੇ ਅਜੇ ਜੇਠੀ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। ਸੁਰਮੀਤ ਮਾਵੀ ਵੱਲੋਂ ਲਿਖੇ ਸਕਰੀਨਪਲੇ 'ਤੇ ਅਧਾਰਿਤ ਇਸ ਫ਼ਿਲਮ ਦੇ ਨਿਰਮਾਤਾ ਰੁਪਾਲੀ ਗੁਪਤਾ ਹਨ। ਮਨਪ੍ਰੀਤ ਬਰਾੜ ਮੁਤਾਬਕ ਉਸ ਦੀ ਇਹ ਫ਼ਿਲਮ ਪੰਜਾਬੀ ਸਿਨੇਮਾ ਲਈ ਇਕ ਨਵਾਂ ਤਜ਼ਰਬਾ ਸਾਬਤ ਹੋਵੇਗੀ।