ਸਮਾਜਿਕ ਦੌਲਤ ਵਿਚ ਫਸੇ ਲੋਕਾਂ ਨੂੰ ਜਾਗਰੂਕ ਕਰੇਗੀ ਫ਼ਿਲਮ ਮਿੱਟੀ ਦਾ ਬਾਵਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਲੋਕ ਅਪਣੀਆਂ ਜ਼ਮੀਨ ਜਾਇਦਾਦਾਂ ਪਿੱਛੇ ਇਕ ਦੂਜੇ ਦੇ ਵੈਰੀ ਬਣ ਜਾਂਦੇ ਹਨ

Punjabi Movie Mitti Da Bawa

ਜਲੰਧਰ: ਪੰਜਾਬੀ ਫ਼ਿਲਮ ਮਿੱਟੀ ਦਾ ਬਾਵਾ ਬਹੁਤ ਜਲਦ ਸਿਨੇਮਾਂ ਘਰਾਂ ਵਿਚ ਦਸਤਕ ਦੇਣ ਵਾਲੀ ਹੈ। ਇਹ ਫ਼ਿਲਮ ਸ਼੍ਰੀ ਗੁਰੂ ਨਾਨਕ ਦੇਵ ਜਜੀ ਦੇ ਪਾਵਨ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੀਆਂ ਕੁੱਝ ਝਲਕਾਂ ਸਾਹਮਣੇ ਆਈਆਂ ਹਨ। ਜਿਸ ਦੀ ਪਹਿਲੀ ਝਲਕ ਤੋਂ, ਇੰਜ ਜਾਪਦਾ ਹੈ ਕਿ ਇਹ ਫ਼ਿਲਮ ਇਕ ਅਜਿਹੀ ਕਹਾਣੀ ਨੂੰ ਦਰਸਾਏਗੀ ਜਿਸ ਵਿਚ ਪੰਜਾਬੀ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲਣਗੇ ਅਤੇ ਫ਼ਿਲਮ ਦੀ ਕਹਾਣੀ ਤੁਹਾਨੂੰ ਭਾਵਨਾਵਾਂ ਦੇ ਇਕ ਰੋਮਾਂਚਕ ਸਫ਼ਰ ਤੇ ਲੈ ਜਾਵੇਗੀ। 

ਇਸ ਦੀਆਂ ਝਲਕਾਂ ਵਿਚ ਦਰਸਾਇਆ ਗਿਆ ਹੈ ਕਿ ਮਨੁੱਖ ਤਾਂ ਮਿੱਟੀ ਹੈ ਤੇ ਉਸ ਨੇ ਅਪਣੇ ਨਾਲ ਕੁੱਝ ਵੀ ਨਹੀਂ ਲੈ ਕੇ ਜਾਣਾ ਤਾਂ ਫਿਰ ਉਹ ਇੰਨੇ ਵੱਡੇ ਮਹਿਲ, ਕੋਠੀਆਂ ਕਿਉਂ ਖੜ੍ਹੇ ਕਰ ਰਿਹਾ ਹੈ। ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਲੋਕ ਅਪਣੀਆਂ ਜ਼ਮੀਨ ਜਾਇਦਾਦਾਂ ਪਿੱਛੇ ਇਕ ਦੂਜੇ ਦੇ ਵੈਰੀ ਬਣ ਜਾਂਦੇ ਹਨ। ਉਹ ਬਿਨਾਂ ਸੋਚੇ ਅਪਣੇ ਸਾਰੇ ਰਿਸ਼ਤੇ ਭੁੱਲ ਜਾਂਦੇ ਹਨ। ਮਨੁੱਖ ਦੀ ਜੂਨ ਬੜੇ ਭਾਗਾਂ ਨਾਲ ਮਿਲਦੀ ਹੈ ਜਿਸ ਨੂੰ ਵਿਅਰਥ ਨਾ ਗੁਆ ਕੇ ਇਸ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ।

ਅਪਣੀ ਜ਼ਿੰਦਗੀ ਵਿਚ ਕੀਤੀਆਂ ਗਲਤੀਆਂ ਦੀ ਪਰਮਾਤਮਾ ਤੋਂ ਖਿਮਾ ਮੰਗਣੀ ਚਾਹੀਦੀ ਹੈ ਤੇ ਰੱਬ ਨਾਲ ਜੁੜਨਾ ਚਾਹੀਦਾ ਹੈ। ਇਸ ਫ਼ਿਲਮ ਦਾ ਗੀਤ ਮਿੱਟੀ ਦਾ ਬਾਵਾ ਵਿਚ ਇਹੀ ਪੇਸ਼ ਕੀਤਾ ਗਿਆ ਹੈ ਕਿ ਮਨੁੱਖ ਮਿੱਟੀ ਦਾ ਬਾਵਾ ਹੈ ਜੋ ਕਿ ਸੱਚ ਹੈ। ਇਸ ਨੇ ਅਖੀਰ ਵਿਚ ਮਿੱਟੀ ਦੀ ਢੇਰੀ ਬਣ ਜਾਣਾ ਹੈ। ਇਹ ਸਾਰਾ ਸੰਸਾਰ ਝੂਠਾ ਹੈ। ਇੱਥੇ ਕਿਸੇ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੀਦਾ। ਨਾ ਹੀ ਕਿਸੇ ਨਾਲ ਦੋਸਤੀ ਕੀਤੀ ਜਾ ਸਕਦੀ ਹੈ ਕਿਉਂ ਕਿ ਸਾਰੇ ਲੋਕਾਂ ਨੇ ਇੱਥੋਂ ਚਲੇ ਜਾਣਾ ਹੈ।

ਇਸ ਪ੍ਰਕਾਰ ਮਨੁੱਖ ਦੇ ਹੰਕਾਰ ਨੂੰ ਦਰਸਾਇਆ ਗਿਆ ਕਿ ਕਿਵੇਂ ਉਹ ਮੋਹ ਮਾਇਆ ਦੇ ਜਾਲ ਵਿਚ ਫਸ ਕੇ ਅਪਣਿਆਂ ਨੂੰ ਹੀ ਭੁੱਲੀ ਬੈਠਾ ਹੈ ਤੇ ਉਸ ਲਈ ਦੌਲਤ ਹੀ ਸਭ ਕੁੱਝ ਹੈ। ਦਸ ਦਈਏ ਕਿ  ਇਸ ਫ਼ਿਲਮ ਵਿੱਚ ਨਛੱਤਰ ਗਿੱਲ, ਰਜ਼ਾ ਮੁਰਾਦ, ਤਰਸੇਮ ਪਾਲ, ਸ਼ਿਵਇੰਦਰ ਮਾਹਲ, ਬੀ ਐਨ ਸ਼ਰਮਾ, ਜਰਨੈਲ ਸਿੰਘ, ਤੇਜੀ ਸੰਧੂ, ਹਰਜੀਤ ਵਾਲੀਆ, ਅਮ੍ਰਿਤਪਾਲ ਸਿੰਘ ਬਿੱਲਾ, ਲਿਲੀਪੁਟ, ਬੀਰਬਲ, ਅਨੁਪ੍ਰਿਯਾ ਅਤੇ ਲੱਖਮੀ ਕਲੋਚ ਅਤੇ ਕਈ ਹੋਰ ਦਿਗਜ ਕਲਾਕਾਰ ਸ਼ਾਮਿਲ ਹਨ।

ਇਸ ਫਿਲਮ ਦੇ ਡਾਇਰੈਕਟਰ ਕੇ.ਐੱਸ. ਮਲਹੋਤਰਾ ਨੇ ਹੋਲੀ ਬਸਿਲ ਫਿਲਮਸ ਅਤੇ ਡ੍ਰੀਮਜ਼ ਮਿਊਜ਼ਿਕ ਦੇ ਨਾਲ ਇਸ ਫਿਲਮ ਨੂੰ ਪ੍ਰੋਡਸ ਵੀ ਕੀਤਾ ਹੈ। ਹਰੀ ਅਰਜੁਨ ਅਤੇ ਗੁਰਮੀਤ ਸਿੰਘ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਹਰਦੇਵ ਸਿੰਘ ਅਤੇ ਸਰਦੀਪ ਸਿੰਘ ਨੇ ਇਸ ਫਿਲਮ ਦੇ ਗੀਤ ਲਿਖੇ ਹਨ।  ‘ਮਿੱਟੀ ਦਾ ਬਾਵਾ, ਪ੍ਰਸ਼ਾਂਤ ਮਲਿਕ ਦੀ ਪੇਸ਼ਕਾਰੀ ਹੈ। ਰਾਜੂ ਗੱਖੜ ਇਸ ਫਿਲਮ ਦੇ ਕੋ-ਪ੍ਰੋਡੂਸਰ ਹਨ। ਇਹ ਫ਼ਿਲਮ 18 ਅਕਤੂਬਰ 2019 ਨੂੰ ਰਿਲੀਜ਼ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।