ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਫਿਲਮ 83 ਦੇ ਟ੍ਰੇਲਰ ਨੂੰ ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ।

Ammy Virk became the first Pollywood actor to appear on Burj Khalifa

ਚੰਡੀਗੜ੍ਹ: ਨਵੀਂ ਬਾਲੀਵੁੱਡ ਫਿਲਮ '83' ਵਿਚ ਕ੍ਰਿਕਟ ਵਿਸ਼ਵ ਕੱਪ ਟੀਮ ਦੇ ਮੱਧਮ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਬਾਲੀਵੁੱਡ ਅਦਾਕਾਰ ਐਮੀ ਵਿਰਕ ਨੂੰ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ-ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਹੋਣ ਦਾ ਮੌਕਾ ਹੈ। ਦਰਅਸਲ ਫਿਲਮ 83 ਦੇ ਟ੍ਰੇਲਰ ਨੂੰ ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਐਮੀ ਵਿਰਕ ਪਹਿਲੇ ਪਾਲੀਵੁੱਡ ਅਦਾਕਾਰ ਹਨ ਜੋ ਦੁਬਈ ਦੇ ਸਕਾਈਸਕ੍ਰੈਪਰ 'ਤੇ ਦਿਖਾਈ ਦਿੱਤੇ ਜੋ ਅਦਾਕਾਰ, ਉਸ ਦੀ ਟੀਮ ਅਤੇ ਪੰਜਾਬ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ।

ਐਮੀ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਸਰੋਤਿਆਂ ਨੂੰ ਕਿਸਮਤ, ਨਿੱਕਾ ਜ਼ੈਲਦਾਰ, ਬੰਬੂਕਾਟ ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਦੁਨੀਆ ਭਰ ਵਿਚ ਉਸ ਦੇ ਪ੍ਰਸ਼ੰਸਕ ਹਨ ਜੋ ਉਹਨਾਂ ਦੀ ਅਦਾਕਾਰੀ ਦੇ ਨਾਲ-ਨਾਲ ਉਹਨਾਂ ਦੀ ਗਾਇਕੀ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਜਦੋਂ ਦੁਬਈ ਵਿਚ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਸ ਸਮਾਗਮ ਬਾਰੇ ਪਤਾ ਲੱਗਿਆ ਤਾਂ ਉਹ ਸਾਰੇ ਆਪਣੇ ਪਸੰਦੀਦਾ ਸਿਤਾਰੇ ਦਾ ਸਮਰਥਨ ਕਰਨ ਅਤੇ ਪ੍ਰਸ਼ੰਸਾ ਕਰਨ ਲਈ ਇਕੱਠੇ ਹੋਏ।

ਫਿਲਮ '83', 1983 ਦੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਵਾਪਰੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਟੂਰਨਾਮੈਂਟ ਦੇ ਅੰਡਰਡਾਗ ਮੰਨੇ ਜਾਣ ਵਾਲੇ ਭਾਰਤ ਨੇ ਉਸ ਸਾਲ ਇਤਿਹਾਸ ਰਚਦੇ ਹੋਏ ਕੱਪ ਜਿੱਤਿਆ। ਟ੍ਰੇਲਰ ਬਹੁਤ ਸਾਰੀਆਂ ਭਾਵਨਾਵਾਂ ਨਾਲ ਭਰਪੂਰ ਹੈ। ਫਿਲਮ ਦੇ ਹਰੇਕ ਕਲਾਕਾਰ ਨੇ ਮਿਸਾਲੀ ਕੰਮ ਕੀਤਾ ਹੈ, ਜਿਸ ਵਿੱਚ ਸਾਡੇ ਪਿਆਰੇ ਪੰਜਾਬੀ ਸਿਤਾਰੇ ਐਮੀ ਵਿਰਕ ਵੀ ਹਨ। 'ਜੇਦਾਹ' ਦੇ 'ਰੈੱਡ ਸੀ' ਫਿਲਮ ਫੈਸਟੀਵਲ' ਵਿੱਚ ਇਸ ਦੇ ਵਰਲਡ ਪ੍ਰੀਮੀਅਰ ਵਿਚ ਟ੍ਰੇਲਰ ਨੂੰ ਦਰਸ਼ਕਾਂ ਤੋਂ ਭਰਵਾ ਹੁੰਗਾਰਾ ਮਿਲਿਆ।

ਫਿਲਮ ਦੇ ਟ੍ਰੇਲਰ 'ਚ ਐਮੀ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਕੁਝ ਹੀ ਸਕਿੰਟਾਂ 'ਚ ਉਹ ਦਿਲ ਜਿੱਤਣ 'ਚ ਕਾਮਯਾਬ ਹੋ ਗਿਆ ਹੈ। ਹਾਲਾਂਕਿ ਉਹ ਫਿਲਮ ਵਿੱਚ ਇੱਕ ਖਿਡਾਰੀ ਦਾ ਕਿਰਦਾਰ ਨਿਭਾਅ ਰਹੇ ਹਨ ਦਰਸ਼ਕਾਂ ਵਲੋਂ ਉਹਨਾਂ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਐਮੀ ਦੀ ਟਾਈਮਿੰਗ ਤੇ ਬਾਕਮਾਲ ਐਨਰਜੀ ਨੂੰ ਮਿਸ ਕਰਨਾ ਕੋਈ ਨਹੀਂ ਚਾਹੇਗਾ। ਕਬੀਰ ਖਾਨ ਦੁਆਰਾ ਨਿਰਦੇਸ਼ਤ, '83' ਵਿੱਚ ਕਪਿਲ ਦੇਵ ਦੇ ਰੂਪ ਵਿੱਚ ਰਣਵੀਰ ਸਿੰਘ, ਬਲਵਿੰਦਰ ਸਿੰਘ ਸੰਧੂ ਦੇ ਰੂਪ ਵਿੱਚ ਐਮੀ ਵਿਰਕ ਅਤੇ ਮਦਨ ਲਾਲ ਦੇ ਰੂਪ ਵਿੱਚ ਹਾਰਡੀ ਸੰਧੂ ਹਨ। ਫਿਲਮ ਇਸ ਕ੍ਰਿਸਮਸ 'ਤੇ 24 ਦਸੰਬਰ 2021 ਨੂੰ ਰਿਲੀਜ਼ ਹੋਵੇਗੀ।