ਕੀ ਹੈ 'ਗੁਰਮੁਖੀ ਦਾ ਬੇਟਾ' ਗੀਤ ਦਾ ਦ੍ਰਿਸ਼ਟੀਕੋਣ, ਜਾਣੋ ਸਤਿੰਦਰ ਸਰਤਾਜ ਦੀ ਅਪਣੀ ਜ਼ੁਬਾਨੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਲਫ਼ਜ਼ ਜ਼ਹਿਨ ’ਚ ਪੈਣੇ ਜ਼ਰੂਰੀ ਨਹੀਂ, ਪਰ ਅਸਰਦਾਰ ਹੋਣੇ ਬਹੁਤ ਜ਼ਰੂਰੀ: ਸਰਤਾਜ

Satinder Sartaj

ਚੰਡੀਗੜ੍ਹ: ਦੁਨੀਆ ਭਰ ’ਚ ਪ੍ਰਸਿੱਧ ਮਹਾਨ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਗੁਰਮੁਖੀ ਦਾ ਬੇਟਾ' ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੋਇਆ ਲੋਕਾਂ ਦੇ ਦਿਲਾਂ ’ਚ ਬਾਖ਼ੂਬੀ ਘਰ ਕਰ ਰਿਹਾ ਹੈ। ਇਸ ਗੀਤ ਦੇ ਚਰਚੇ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ’ਚ ਵੀ ਜ਼ੋਰਾਂ-ਸ਼ੋਰਾਂ ’ਤੇ ਹੋ ਰਹੇ ਹਨ। ਪੰਜਾਬ ਦੇ ਸੱਤ ਦਰਿਆਵਾਂ ਨੂੰ ਸਮਰਪਿਤ ਸਰਤਾਜ ਦਾ ਇਹ ਗੀਤ ਦਰਸਾਉਂਦਾ ਹੈ ਉਸ ਮਹਿਕਦੇ ਪੁਰਾਤਨ ਪੰਜਾਬ ਨੂੰ, ਜਿੱਥੇ ਇਤਿਹਾਸ ਦੀਆਂ ਕਈ ਰਚਨਾਵਾਂ ਇਨ੍ਹਾਂ ਦੇ ਕਿਨਾਰਿਆਂ ਬੈਠ ਰਚੀਆਂ ਗਈਆਂ।

'ਗੁਰਮੁਖੀ ਦਾ ਬੇਟਾ' ਗੀਤ ਦੇ ਸਿਰਜਣਹਾਰ ਸਤਿੰਦਰ ਸਰਤਾਜ ਨੇ 'ਸਪੋਕਸਮੈਨ ਟੀਵੀ' ’ਤੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਇਸ ਗੀਤ ਦੇ ਪਿੱਛੇ ਲੁਕੇ ਪੰਜਾਬ ਨਾਲ ਸਬੰਧਤ ਕੁਝ ਰੋਚਕ ਅਤੇ ਅਹਿਮ ਤੱਥਾਂ ਬਾਰੇ ਅਪਣੇ ਸਰੋਤਿਆਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ।

ਗੱਲਬਾਤ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਸਤਿੰਦਰ ਜੀ, ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੇ ਕਿ 'ਗੁਰਮੁਖੀ ਦਾ ਬੇਟਾ' ਗੀਤ ਦਾ ਨਿਚੋੜ ਕੀ ਹੈ?

ਜਵਾਬ: ਨਿਚੋੜ ਇਹ ਹੈ ਕਿ ਅੱਜ ਦੀ ਤਵਾਰੀਖ਼ ਦੇ ਵਿਚ ਜ਼ੁਬਾਨ, ਭਾਸ਼ਾ ਤੇ ਬੋਲੀ ’ਤੇ ਅਫ਼ਸਾਨੇ ਗਾਏ ਗਏ ਹਨ, ਲੋਕਾਂ ਨੇ ਨਵਾਜ਼ੇ ਵੀ ਨੇ ਪਰ ਮੈਨੂੰ ਲੱਗਦੈ ਕਿ ਪੰਜਾਬੀ ਸੰਗੀਤ ਦੇ ਇਤਿਹਾਸ ’ਚ ਇਹ ਪਹਿਲਾ ਅਫ਼ਸਾਨਾ ਹੈ ਜਿਹੜਾ ਇਸ ਦੀ ਲਿੱਪੀ ’ਤੇ ਹੈ। ਮੈਂ ਇਹ ਸਮਝਦਾ ਹਾਂ ਕਿ ਭਾਸ਼ਾ ਨੂੰ ਪ੍ਰੀਜ਼ਰਵ ਕਰਨ ਵਾਲਾ ਐਲੀਮੈਂਟ ਲਿੱਪੀ (ਸਕਰਿੱਪਟ) ਹੁੰਦੀ ਹੈ ਤੇ ਇਹੀ ਐਲੀਮੈਂਟ ਹੈ ਜਿਹੜਾ ਭਾਸ਼ਾ ਦੇ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਲਈ ਇਸ ਚੀਜ਼ ਨੂੰ ਮਹੱਤਤਾ ਦੇਣੀ ਬਹੁਤ ਜ਼ਰੂਰੀ ਸੀ।

ਸਵਾਲ: ਤੁਸੀਂ ਇਸ ਗੀਤ ਵਿਚ ਪੰਜਾਬ ਦੇ ਦਰਿਆਵਾਂ ਦਾ ਜ਼ਿਕਰ ਕੀਤਾ ਹੈ, ਇਸ ਬਾਰੇ ਵੀ ਦੱਸੋ ਕਿਉਂਕਿ ਬਹੁਤੇ ਲੋਕ ਅਜੇ ਪੰਜਾਬ ਦੇ ਦਰਿਆਵਾਂ ਦੇ ਇਤਿਹਾਸ ਤੋਂ ਵੀ ਅਣਜਾਣ ਹਨ?

ਜਵਾਬ: ਜੀ ਹਾਂ, ਇਹ ਗੱਲ ਬਹੁਤ ਬਦਕਿਸਮਤੀ ਵਾਲੀ ਹੈ। ਇਸ ਗੱਲ ਦਾ ਮੈਨੂੰ ਦੁੱਖ ਵੀ ਹੈ ਕਿਉਂਕਿ ਇਹ ਹਿੰਦੁਸਤਾਨ ਦਾ ਸਭ ਤੋਂ ਮਹੱਤਵਪੂਰਨ ਖੇਤਰ ਹੈ, ਜਿੱਥੇ ਵੇਦ ਵੀ ਰਚੇ ਗਏ। ਇਨ੍ਹਾਂ ਥਾਵਾਂ ਦੇ ਨਾਂਅ ਤੋਂ ਹੀ ਇਸ ਮੁਲਕ ਦਾ ਨਾਂਅ ਪਿਆ 'ਹਿੰਦੁਸਤਾਨ'। ਇਸ ਲਈ ਜਿਹੜੀ ਇੰਨੀ ਮਹੱਤਵਪੂਰਨ ਜਗ੍ਹਾ ਸਾਡੀ ਧਰਤੀ ਦਾ ਹਿੱਸਾ ਹੈ, ਮੇਰਾ ਜੀਅ ਕਰਦਾ ਹੈ ਕਿ ਕਿਉਂ ਨਾ ਹੋਵੇ ਇਨ੍ਹਾਂ ਚੀਜ਼ਾਂ ਨੂੰ, ਇਨ੍ਹਾਂ ਸਾਂਝਾਂ ਨੂੰ ਸੁਰਜੀਤ ਕਰੀਏ ਤੇ ਉਸੇ ਦ੍ਰਿਸ਼ਟੀਕੋਣ ਨਾਲ ਵੇਖੀਏ ਜਿੱਥੇ ਸੱਤ ਦਰਿਆ ਵਗਦੇ ਸੀ।

ਸਵਾਲ: ਤੁਸੀਂ ਇਹ ਗੀਤ ਸਤਲੁਜ ਦਰਿਆ ਨੂੰ ਸਮਰਪਿਤ ਕੀਤਾ ਹੈ, ਇਸ ਦਾ ਕੀ ਮਤਲਬ ਹੈ?

ਜਵਾਬ: ਇਸ ਦੀ ਵਜ੍ਹਾ ਇਹ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਹੋਰਾਂ ਦਾ ਰਾਜ ਸੀ ਤੇ ਜਦੋਂ ਬ੍ਰਿਟਿਸ਼ ਰਾਜ ਦੀ ਸੰਧੀ ਹੋਈ ਤਾਂ ਇਹ ਸਤਲੁਜ ਦਰਿਆ ’ਤੇ ਹੋਈ। ਇਸ ਦਾ ਮਤਲਬ ਇਹ ਉਦੋਂ ਦੋ ਭਾਗਾਂ ਵਿਚ ਵੰਡਿਆ ਹੋਇਆ ਸੀ। ਮੇਰਾ ਇਹ ਨਿੱਜੀ ਤੌਰ ’ਤੇ ਮੰਨਣਾ ਹੈ ਕਿ ਉਸ ਵੇਲੇ ਦੀਆਂ ਸਾਰੀਆਂ ਪੰਜਾਬੀ ਰਚਨਾਵਾਂ ਇਸ ਦੇ ਕਿਨਾਰੇ ’ਤੇ ਹੋਈਆਂ ਹੋਣੀਆਂ ਸਨ ਕਿਉਂਕਿ ਇਹ ਸੀਮਾ (Boundary) ਸੀ। ਜਿਹੜੀ ਵੱਡੀ ਮਹੱਤਵਪੂਰਨ ਉਦਾਹਰਨ ਮੇਰੇ ਕੋਲ ਹੈ ਉਹ ਹੈ 'ਚੌਪਈ ਸਾਹਿਬ' ਜਿਹੜਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀਬੋਰ ਸਾਹਿਬ ਬੈਠ ਕੇ ਲਿਖਿਆ ਸੀ। ਇਹ ਸਤਲੁਜ ਦਰਿਆ ਉਸ ਚੀਜ਼ ਦਾ ਸ਼ਾਹਿਦ/ਗਵਾਹ ਹੈ, ਇਹ ਪਾਣੀ ਆਲਮ ਤੋਂ ਵਗਦੇ ਨੇ, ਪ੍ਰਾਚੀਨ ਸਮੇਂ ਤੋਂ ਚਲਦੇ ਆ ਰਹੇ ਹਨ। ਇਨ੍ਹਾਂ ਦਰਿਆਵਾਂ ਦੇ ਨਾਂਅ ਬਦਲੇ ਗਏ ਤੇ ਹੁਣ ਸਾਡੇ ਲਈ ਇਹ ਸੱਤ ਦਰਿਆ ਹਨ ਤੇ ਮੈਂ ਸੱਤਾਂ ਦਰਿਆਵਾਂ ਨੂੰ ਇਹ ਗੀਤ ਸਮਰਪਿਤ ਕਰਦਾ ਹਾਂ।

ਸਵਾਲ: ਤੁਹਾਡੇ ਗੀਤਾਂ ਦੇ ਬੋਲ ਅੱਜ ਦੇ ਨੌਜਵਾਨਾਂ ਲਈ ਕਈ ਵਾਰ ਸਮਝਣੇ ਔਖੇ ਹੋ ਜਾਂਦੇ ਹਨ ਤੇ ਤੁਹਾਡੇ ਲਈ ਇਹ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ ਜਦੋਂ ਤੁਸੀਂ ਗੀਤ ਲਿਖਦੇ ਹੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਮਝ ਆ ਸਕੇ?

ਜਵਾਬ: ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਿਰਜਣਹਾਰ ਦਾ ਮਤਲਬ ਇਹੀ ਹੈ ਕਿ ਤੁਹਾਨੂੰ ਜੇਕਰ ਕੋਈ ਅਸਲੀਅਤ ਵਿਚ ਖ਼ਿਆਲ ਆ ਰਿਹਾ ਹੈ ਤਾਂ ਉਸ ਨੂੰ ਉਤਾਰੋ। ਉਸ ਵਿਚ ਜੇਕਰ ਬਣਾਵਟ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਸੋਹਣਾ ਤਾਂ ਹੋ ਸਕਦਾ ਹੈ ਪਰ ਅਸਰਦਾਰ ਨਹੀਂ ਹੋਣਾ। ਮੈਂ ਯੂਐਸ ਵਿਚ ਇਹੋ ਜਿਹੇ ਲੋਕ ਸੁਣੇ ਨੇ, ਜਿਹੜੇ ਕਹਿੰਦੇ ਨੇ ਕਿ ਸੇਨ ਫਰਾਂਸਿਸਕੋ ਤੋਂ ਲੋਸ ਏਂਜਲਸ ਤੱਕ 6 ਘੰਟੇ ਦਾ ਸਫ਼ਰ ਹੈ ਤੇ ਸਾਰੇ ਰਸਤੇ ਇਕੋ ਹੀ ਗੀਤ ਚੱਲਦਾ ਹੈ। ਇਹ ਕਿਵੇਂ ਜੇ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ?- ਇਸ ਦਾ ਮਤਲਬ ਹੈ ਕਿ ਉਸ ਵਿਚ ਕੋਈ ਵਿਸਮਾਦੀ, ਇਲਾਹੀ ਰੰਗਤ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਲਫ਼ਜ਼ ਸਿੱਧੇ ਤੁਹਾਡੇ ਜ਼ਹਿਨ ਵਿਚ ਪੈਣ, ਜੇ ਤਰ੍ਹਾਂ ਦੀ ਗੱਲ ਹੈ ਤਾਂ ਗੁਰਬਾਣੀ ਤਾਂ ਸਿਰਫ਼ 2 ਫ਼ੀਸਦੀ ਲੋਕਾਂ ਨੂੰ ਸਮਝ ਆਉਂਦੀ ਹੋਣੀ ਹੈ ਪਰ ਸ਼ਬਦ ਸੁਣ ਕੇ ਸਕੂਨ ਬਹੁਤ ਮਿਲਦਾ ਹੈ।

ਇਸ ਲਈ ਇਹੋ ਜਿਹੇ ਅਫ਼ਸਾਨੇ, ਤਸ਼ਬੀਹਾਂ, ਲਿਟਰੇਚਰ, ਰੰਗਤ, ਲਫ਼ਜ਼ ਜਾਂ ਵੰਨਗੀ ਕੁਝ ਵੀ ਕਹਿ ਲਓ, ਚਾਹੇ ਅਨੋਖਾ ਹੋਵੇ ਚਾਹੇ ਪੁਰਾਤਨ ਹੋਵੇ ਪਰ ਉਹਦਾ ਅਸਰ ਤੁਹਾਡੇ ਜ਼ਹਿਨ ’ਤੇ ਹੋਣਾ ਬਹੁਤ ਜ਼ਰੂਰੀ ਹੈ। 'ਗੁਰਮੁਖੀ ਦਾ ਬੇਟਾ' ਜਦੋਂ ਅਸੀਂ ਅਪਣੇ ਘਰ ਵਿਚ ਹੀ ਪਲੇਅ ਕੀਤਾ ਤਾਂ ਉਸ ਨੂੰ ਸੁਣ ਕੇ ਕਈਆਂ ਨੇ ਕਿਹਾ ਕਿ ਸਮਝ ਤਾਂ ਨਹੀਂ ਆਈ ਪਰ ਚੰਗਾ ਬਹੁਤ ਲੱਗਿਆ। ਇਹ ਕਿਸੇ ਵੀ ਸਿਰਜਣਹਾਰ ਲਈ ਬਹੁਤ ਵੱਡੀ ਉਪਲੱਬਧੀ ਹੁੰਦੀ ਹੈ ਕਿ ਉਸ ਦੀ ਚੀਜ਼ ਸਮਝ ਨਾ ਆਵੇ ਪਰ ਅਸਰ ਪੂਰਾ ਵਿਖਾਵੇ। ਇਹ ਲਫ਼ਜ਼ ਜਿਹੜੇ ਨੇ, ਮੈਂ ਕੋਈ ਅਪਣੇ ਕੋਲੋਂ ਨਹੀਂ ਲੈ ਕੇ ਆਇਆ। ਇਹ ਮੈਂ ਵੀ ਇੱਥੋਂ ਹੀ ਸਿੱਖੇ ਨੇ, ਪੜ੍ਹੇ ਨੇ। ਮੇਰੀ ਪੈਦਾਇਸ਼, ਪਰਵਰਿਸ਼ ਇਸੇ ਪੰਜਾਬ ਦੀ ਹੈ ਪਰ ਮੇਰੀ ਮੁਹੱਬਤ ਹੈ ਉਰਦੂ, ਅਰਬੀਅਨ ਤੇ ਹੋਰ ਕਈ ਭਾਸ਼ਾਵਾਂ ਨਾਲ।