ਕੀ ਹੈ 'ਰੱਬ ਦੇ ਰੇਡੀਓ-2’ ਦੇ ਨਵੇਂ ਗੀਤ 'ਚਾਨਣ’ ਦੀ ਵਿਸ਼ੇਸ਼ਤਾ, ਇੱਥੇ ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਉੱਚ ਮਿਆਰੀ ਗੀਤ ਪੰਜਾਬੀ ਸੰਗੀਤ ਵਿਚ ਆਉਂਦੇ ਚੰਗੇ ਸਮੇਂ ਦੇ ਸੂਚਕ

Rabb Da Radio-2

ਚੰਡੀਗੜ੍ਹ: ਜਲਦ ਹੀ ਸਿਨੇਮਾ ਘਰਾਂ ਵਿਚ ਆ ਰਹੀ ਫ਼ਿਲਮ 'ਰੱਬ ਦਾ ਰੇਡੀਓ-2’ ਦਰਸ਼ਕਾਂ ਵਲੋਂ ਕਾਫ਼ੀ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ। ਫ਼ਿਲਮ ਦੇ ਨਿਰਮਾਤਾਵਾਂ ਵਲੋਂ ਹਾਲ ਹੀ ਵਿਚ ਫ਼ਿਲਮ ਦਾ ਨਵਾਂ ਗਾਣਾ ਰਿਲੀਜ਼ ਕੀਤਾ ਗਿਆ। 'ਚਾਨਣ’ ਨਾਂਅ ਹੇਠ ਬਣਿਆ ਇਹ ਗਾਣਾ ਗਾਇਕ ਅਤੇ ਕਲਾਕਾਰ ਤਰਸੇਮ ਜੱਸੜ ਦੀ ਕਲਮ ਦਾ ਲਿਖਿਆ ਹੋਇਆ ਹੈ ਅਤੇ ਇਸ ਨੂੰ ਆਵਾਜ਼ ਨਿਮਰਤ ਖਹਿਰਾ ਨੇ ਦਿਤੀ ਹੈ। ਇਹ ਗਾਣਾ ਕੁਝ ਵੱਖਰੀ ਕਿਸਮ ਦਾ ਹੈ।

ਤਰਸੇਮ ਜੱਸੜ ਕੁਝ ਅਜਿਹੇ ਗਾਣੇ ਲਿਖਣ ਲਈ ਜਾਣੇ ਜਾਂਦੇ ਹਨ ਜੋ ਕਿ ਨੌਜਵਾਨ ਪੀੜ੍ਹੀ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਰਤੀ ਜਾਣ ਵਾਲੀ ਮਾਡਰਨ ਸ਼ਬਦਾਵਲੀ ਵਰਤਦੇ ਹਨ। ਪਰ 'ਚਾਨਣ’ ਗੀਤ ਵਿਚ ਜੱਸੜ ਦੀ ਲੇਖਣੀ ਦਾ ਇਕ ਨਿਵੇਕਲਾ ਪੱਖ ਸਾਹਮਣੇ ਆਇਆ ਹੈ। ਇਸ ਗੀਤ ਦੇ ਬੋਲਾਂ ਵਿਚ ਇਕ ਖ਼ਾਸ ਵਿਲੱਖਣਤਾ ਹੈ। ਗੀਤਕਾਰ ਨੇ ਇਸ ਵਿਚ ਕਈ ਉਰਦੂ ਅਤੇ ਪੁਰਾਤਨ ਪੰਜਾਬੀ ਦੇ ਸ਼ਬਦ ਵਰਤੇ ਹਨ। ਇਹ ਸ਼ਬਦ ਹੁਣ ਸਾਡੀ ਬੋਲੀ ’ਚੋਂ ਅਲੋਪ ਹੋ ਚੁੱਕੇ ਹਨ।

ਸ਼ਬਦ ਜਿਵੇਂ ਕਿ ਤਾਬੀ, ਤਜ਼ਦੀਰ, ਤਮਸੀਲ ਆਦਿ ਕੁਝ ਸਾਡੀ ਬੋਲੀ ਵਿਚ ਨਹੀਂ ਵਰਤੇ ਜਾਂਦੇ। ਇਹ ਗੀਤਕਾਰ ਦੀ ਭਾਸ਼ਾਈ ਗਿਆਨ ਦੀ ਡੂੰਘਾਈ ਨੂੰ ਦਰਸਾਉਂਦੇ ਹਨ। ਸੰਗੀਤਕ ਸ਼ਬਦ ਜਿਵੇਂ ਕਿ ਗਜ਼ਲ, ਨਜ਼ਮ, ਰਾਗ ਬਿਲਾਵਲ ਆਦਿ ਤਰਸੇਮ ਜੱਸੜ ਦੀ ਸੰਗੀਤਕ ਸੂਝ ਵੱਲ ਇਸ਼ਾਰਾ ਕਰਦੇ ਹਨ। ਇਸ ਨਾਜ਼ੁਕ ਜਿਹੇ ਗੀਤ ਨੂੰ ਗਾਉਣ ਵਾਲੀ ਗਾਇਕਾ ਨਿਮਰਤ ਖਹਿਰਾ ਨੇ ਇਸ ਨੂੰ ਬੜੇ ਹੀ ਵਾਜ਼ਬ ਢੰਗ ਨਾਲ ਗਾਇਆ ਹੈ। ਬੋਲਾਂ ਦੇ ਭਾਵ, ਆਵਾਜ਼ ਵਿਚ ਸਾਫ਼ ਝਲਕਦੇ ਹਨ। ਮਿਆਰੀ ਬੋਲ, ਭਾਵਨਾਤਮਕ ਗਾਇਕੀ ਅਤੇ ਸੂਖਮ ਸੰਗੀਤ ਇਸ ਫ਼ਿਲਮ ਦੀ ਹੋਣ ਵਾਲੀ ਸਫ਼ਲਤਾ ਦੇ ਸੂਚਕ ਹਨ।