ਨੌਜਵਾਨ ਕਿਉਂ 'ਰੱਬ ਦਾ ਰੇਡੀਓ-2’ ਵੇਖਣਾ ਕਰਨਗੇ ਪਸੰਦ, ਇੱਥੇ ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹਰ ਜਗ੍ਹਾ ਵੇਖਣ ਨੂੰ ਮਿਲਦੀ ਹੈ ਇਸ ਕਲਾਕਾਰ ਦੀ ਛਾਪ

Rabb Da Radio-2

ਚੰਡੀਗੜ੍ਹ: ਪਿਛਲੇ ਕੁਝ ਸਮੇਂ ਵਿਚ ਪੰਜਾਬੀ ਫ਼ਿਲਮ ਅਤੇ ਸੰਗੀਤ ਇੰਡਸਟਰੀ ਵਿਚ ਇਕ ਸਿੱਖ ਚਿਹਰਾ ਬਹੁਤ ਉੱਭਰ ਕੇ ਸਾਹਮਣੇ ਆਇਆ ਹੈ। ਉਹ ਨਾਮ ਹੈ ਤਰਸੇਮ ਜੱਸੜ। ਅਮਲੋਹ ਦੇ ਜੱਸੜਾਂ ਦਾ ਕਾਕਾ ਤਰਸੇਮ ਜੱਸੜ ਇਸ ਕਦਰ ਪੰਜਾਬ ਦੇ ਗੱਭਰੂਆਂ ਦੇ ਮਨ ਨੂੰ ਭਾਇਆ ਹੈ ਕਿ ਕਾਫ਼ੀ ਹੱਦ ਤੱਕ ਅੱਜ ਦੇ ਨੌਜਵਾਨ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚਲਦੇ ਨਜ਼ਰ ਆ ਰਹੇ ਹਨ। ਤਰਸੇਮ ਜੱਸੜ ਦਾ ਅਪਣਾ ਹੀ ਇਕ ਅੰਦਾਜ਼ ਹੈ ਤੇ ਇਹ ਅੰਦਾਜ਼ ਹੀ ਉਨ੍ਹਾਂ ਦੀ ਖ਼ਾਸੀਅਤ ਬਣ ਗਿਆ ਹੈ।

ਵੱਟਾਂ ਵਾਲੀ ਪੱਗ, ਘੁਟਵੀਂ ਪੈਂਟ, ਗਲੇ ਵਿਚ ਮੱਫ਼ਲਰ ਜਾਂ ਸਕਾਰਫ਼, ਕੁੰਡੀਆਂ ਮੁੱਛਾਂ ਤੇ ਰੇ-ਬੈਨ ਦਾ ਐਵੀਏਟਰ ਚਸ਼ਮਾ ਕੁਝ ਇਸ ਤਰ੍ਹਾਂ ਦੀ ਪਛਾਣ ਬਣ ਗਈ ਹੈ ਤਰਸੇਮ ਜੱਸੜ ਦੀ। ਇੰਸਟਾਗ੍ਰਾਮ ਉਤੇ ਤਰਸੇਮ ਜੱਸੜ ਨੂੰ 'ਫ਼ੋਲੋ’ ਕਰਨ ਵਾਲਿਆਂ ਦੀ ਗਿਣਤੀ 2.1 ਮਿਲੀਅਨ ਹੈ ਅਤੇ ਫੇਸਬੁੱਕ ਤੇ ਵੀ ਲਗਭੱਗ 1 ਮਿਲੀਅਨ ਫ਼ੈਨ ਹਨ। ਐਨੀ ਵੱਡੀ ਗਿਣਤੀ ਵਿਚ ਜਿਸ ਕਲਾਕਾਰ ਨੂੰ ਲੋਕ, ਖ਼ਾਸਕਰ ਨੌਜਵਾਨ ਤਬਕਾ ਵੇਖੇ, ਉਸ ਦਾ ਅਸਰ ਹੋਣਾ ਤਾਂ ਲਾਜ਼ਮੀ ਹੈ।

ਇਸ ਹਰਮਨ ਪਿਆਰੇ ਗਾਇਕ ਨੇ ਅਪਣੇ ਚਾਹੁਣ ਵਾਲਿਆਂ ਨਾਲ ਇਕ ਖ਼ਾਸ ਰਿਸ਼ਤਾ ਬਣ ਕੇ ਰੱਖਿਆ ਹੈ ਅਤੇ ਸਮੇਂ ਸਿਰ ਸੋਸ਼ਲ ਮੀਡੀਆ ֹ’ਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਪਾਉਂਦਾ ਰਹਿੰਦਾ ਹੈ। ਇਨ੍ਹਾਂ ਤਸਵੀਰਾਂ ਵਿਚ ਇਕ ਚੀਜ਼ ਬਹੁਤ ਹੀ ਉੱਭਰ ਕੇ ਸਾਹਮਣੇ ਆਉਂਦੀ ਹੈ। ਸਾਰੇ ਹੀ ਗੱਭਰੂ ਅਪਣੇ ਮਨ ਪਸੰਦ ਕਲਾਕਾਰ ਨੂੰ ਬੜੀ ਹੀ ਸ਼ਿੱਦਤ ਨਾਲ ਫੋਲੋ ਕਰਦੇ ਹਨ। ਉਨ੍ਹਾਂ ਵਰਗੀ ਹੀ ਪਰਸਨੈਲਿਟੀ ਬਣਾਉਂਦੇ ਹਨ। ਜੇਕਰ ਅਸੀਂ ਯੂ-ਟਿਊਬ ’ਤੇ ਲੱਭੀਏ ਤਾਂ ਜੱਸੜ ਵਰਗੀ ਪੱਗ ਬੰਨ੍ਹਣ ਦੇ ਅਥਾਹ ਟੂਟੋਰੀਅਲ ਮਿਲ ਜਾਣਗੇ।

ਉਨ੍ਹਾਂ ਵੀਡੀਓਜ਼ ਨੂੰ ਵੇਖਣ ਵਾਲਿਆਂ ਦੀ ਗਿਣਤੀ ਵੇਖ ਕੇ ਹੈਰਾਨੀ ਹੁੰਦੀ ਹੈ। ਇਹ ਸਭ ਗੱਲਾਂ ਜੱਸੜ ਦੀ ਹਰਮਨ ਪ੍ਰਿਅਤਾ ਦੀ ਗਵਾਹੀ ਦਿੰਦੀਆਂ ਹਨ। ਜੇ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਤਾਂ ਅੱਜਕੱਲ੍ਹ ਵਿਆਹਾਂ ’ਤੇ ਜਾਂ ਪਾਰਟੀਆਂ ’ਤੇ ਨੌਜਵਾਨ ਜੱਸੜ ਵਰਗੀ ਪਰਸਨੈਲਿਟੀ ਵਿਚ ਦਿਸ ਜਾਣਗੇ। ਆਉਣ ਵਾਲੀ ਫ਼ਿਲਮ 'ਰੱਬ ਦਾ ਰੇਡੀਓ-2’ ਵਿਚ ਵੀ ਸਿੰਮੀ ਚਾਹਲ ਨਾਲ ਤਰਸੇਮ ਜੱਸੜ ਅਪਣਾ ਜਾਦੂ ਬਿਖੇਰਦੇ ਨਜ਼ਰ ਆਉਣਗੇ। ਇਸ ਫ਼ਿਲਮ ਲਈ ਨੌਜਵਾਨਾਂ ਦੀ ਉਤਸੁਕਤਾ ਚਰਮ ’ਤੇ ਹੈ ਤੇ ਉਹ ਬੇਸਬਰੀ ਨਾਲ ਇਸ ਦੀ ਉਡੀਕ ਕਰ ਰਹੇ ਹਨ।