ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚੋਂ ਕੱਟੇ ਗਏ ਦਰੱਖਤ, ਲੱਗਿਆ ਭਾਰੀ ਜੁਰਮਾਨਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਅਰਾਵਲੀ 'ਚ ਵਸੇ ਪਿੰਡ 'ਸਾਂਪ ਕੀ ਨੰਗਲੀ' 'ਚ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਬਿਨ੍ਹਾਂ ਆਗਿਆ ਦੇ 196 ਦਰੱਖਤ ਕੱਟ ਦਿੱਤੇ ਗਏ।

Daler Mehndi

ਗੁਰੂਗ੍ਰਾਮ : ਅਰਾਵਲੀ 'ਚ ਵਸੇ ਪਿੰਡ 'ਸਾਂਪ ਕੀ ਨੰਗਲੀ' 'ਚ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਬਿਨ੍ਹਾਂ ਆਗਿਆ ਦੇ 196 ਦਰੱਖਤ ਕੱਟ ਦਿੱਤੇ ਗਏ। ਜੰਗਲ ਵਿਭਾਗ ਨੇ ਜਾਂਚ ਤੋਂ ਬਾਅਦ ਫਾਰਮ ਹਾਊਸ ਦੇ ਕੇਅਰ ਟੇਕਰ ਤੋਂ 88,840 ਰੁਪਏ ਜੁਰਮਾਨਾ ਵਸੂਲਿਆ ਹੈ। ਨਾਲ ਹੀ ਇਕ ਦਰੱਖਤ ਦੇ ਬਦਲੇ 'ਚ 10 ਬੂਟੇ ਲਗਾਉਣ ਦਾ ਹੁਕਮ ਦਿੱਤਾ ਹੈ। ਜੰਗਲ ਵਿਭਾਗ ਨੂੰ 20 ਜੂਨ ਨੂੰ ਸੂਚਨਾ ਮਿਲੀ ਸੀ ਕਿ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਕਾਫੀ ਵੱਡੀ ਗਿਣਤੀ 'ਚ ਬਿਨ੍ਹਾਂ ਆਗਿਆ ਦੇ ਦਰੱਖਤ ਕੱਟ ਦਿੱਤੇ ਗਏ ਹਨ।

ਅਧਿਕਾਰੀਆਂ ਨੇ ਉਸੇ ਦਿਨ ਟੀਮ ਬਣਾ ਕੇ ਮੌਕੇ 'ਤੇ ਭੇਜੀ। ਫਾਰਮ ਹਾਊਸ 'ਚ ਕਈ ਦਰੱਖਤ ਕੱਟੇ ਗਏ ਸਨ, ਜਿਸ ਤੋਂ ਬਾਅਦ ਵਿਭਾਗ ਨੇ ਜੁਰਮਾਨੇ ਦੀ ਰਾਸ਼ੀ ਤੈਅ ਕਰ ਦਿੱਤੀ। 21 ਜੂਨ ਨੂੰ ਰਾਸ਼ੀ ਵਸੂਲੀ ਗਈ ਅਤੇ ਨਾਲ ਹੀ ਇਕ ਦਰੱਖਤ ਦੇ ਬਦਲੇ ਘੱਟ ਤੋਂ ਘੱਟ 10 ਬੂਟੇ ਲਗਾਉਣ ਦਾ ਹੁਕਮ ਦਿੱਤਾ। ਬੂਟੇ ਲਗਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।  ਉੱਧਰ ਫਾਰਮ ਹਾਊਸ ਦੇ ਕਰਮਚਾਰੀ ਵੈਜਨਾਥ ਦਾ ਕਹਿਣਾ ਹੈ ਕਿ ਸਾਹਿਬ (ਦਲੇਰ ਮਹਿੰਦੀ) ਨੂੰ ਇਸ ਵਾਰ ਮਾਨਸੂਨ ਦੌਰਾਨ ਵੱਖ-ਵੱਖ ਪ੍ਰਕਾਰ ਦੇ 10 ਹਜ਼ਾਰ ਬੂਟੇ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਲਈ ਜੇ. ਸੀ. ਬੀ. ਨਾਲ ਖੱਡਿਆਂ ਦੀ ਖੋਦਾਈ ਕੀਤੀ ਜਾ ਰਹੀ ਸੀ।