ਗਾਇਕ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ਼ ਰਿਕਾਰਡ ਦੇ ਬਰਾਂਡ ਅੰਬੈਸਡਰ ਵਜੋਂ ਨਾਮਜ਼ਦ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦਲੇਰ ਮਹਿੰਦੀ ਪਿਛਲੇ ਦਿਨੀਂ ਭਾਜਪਾ 'ਚ ਸ਼ਾਮਲ ਹੋਏ ਸਨ

DALER MEHNDI GETS NOMINATED AS BRAND AMBASSADOR OF WORLD BOOK OF RECORDS

ਲੰਦਨ : ਵਰਲਡ ਬੁੱਕ ਆਫ਼ ਰਿਕਾਰਡਜ਼ ਦੀ ਕਮੇਟੀ ਨੇ ਅੰਤਰਰਾਸ਼ਟਰੀ ਗਾਇਕ ਦਲੇਰ ਮਹਿੰਦੀ ਨੂੰ ਕਲਾਸੀਕਲ ਅਤੇ ਪੱਛਮੀ ਸੰਗੀਤ ਜਗਤ 'ਚ ਚੰਗੇ ਪ੍ਰਭਾਅ ਕਾਰਨ ਆਪਣਾ ਬਰਾਂਡ ਅੰਬੈਸਡਰ ਨਾਮਜ਼ਦ ਕੀਤਾ ਹੈ। ਉਨ੍ਹਾਂ ਨੂੰ ਵਿਸ਼ਵ ਬੁੱਕ ਆਫ਼ ਰਿਕਾਰਡਜ਼ ਯੂਕੇ ਦੇ ਬ੍ਰਾਂਡ ਅੰਬੈਸਡਰ ਵਜੋਂ ਨਾਮਜ਼ਦ ਕੀਤਾ ਹੈ। ਵਰਲਡ ਬੁੱਕ ਆਫ਼ ਰੀਕਾਰਡਜ਼ ਯੂਕੇ, ਅਮਰੀਕਾ, ਆਸਟ੍ਰੇਲੀਆ, ਮੌਰੀਸ਼ੀਅਸ ਅਤੇ ਭਾਰਤ 'ਚ ਵਿਆਪਕ ਪੱਧਰ 'ਤੇ ਕੰਮ ਕਰਦੀ ਹੈ। ਇਹ ਸੰਸਥਾ ਵਿਸ਼ਵ ਰਿਕਾਰਡ ਬਣਾਉਣ ਵਾਲੀਆਂ ਪ੍ਰਤਿਭਾਵਾਂ ਅਤੇ ਹੁਨਰਮੰਦਾ ਦੀ ਖੋਜ ਕਰਦੀ ਹੈ। ਇਹ ਸੰਸਥਾ ਮਨੁੱਖਤਾ ਅਤੇ ਵਿਆਪਕ ਸ਼ਾਂਤੀ ਲਈ ਵਿਲੱਖਣ ਯੋਗਦਾਨ ਦੇਣ ਵਾਲੇ ਲੋਕਾਂ ਨੂੰ ਵੀ ਸਨਮਾਨਤ ਕਰਦੀ ਹੈ। ਇਹ ਜਾਣਕਾਰੀ ਸੁਪਰੀਮ ਕੋਰਟ ਦੇ ਵਕੀਲ ਸੰਤੋਸ਼ ਸ਼ੁਕਲਾ ਨੇ ਦਿੱਤੀ। 

ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਪਿਛਲੇ ਦਿਨੀਂ ਭਾਜਪਾ 'ਚ ਸ਼ਾਮਲ ਹੋਏ ਸਨ। ਬਿਹਾਰ ਦੇ ਪਟਨਾ 'ਚ 18 ਅਗਸਤ 1967 ਨੂੰ ਜਨਮੇ ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਗੀਤ ਗਾਉਣ ਦਾ ਸ਼ੌਕ ਸੀ। 5 ਸਾਲ ਦੀ ਉਮਰ 'ਚ ਹੀ ਦਲੇਰ ਨੇ ਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। 1995 'ਚ ਦਲੇਰ ਮਹਿੰਦੀ ਨੇ ਆਪਣਾ ਪਹਿਲਾ ਐਲਬਮ ਰਿਕਾਰਡ ਕੀਤਾ। ਇਸ ਐਲਬਮ ਦਾ ਨਾਂ 'ਬੋਲੋ ਤਾ ਰਾ ਰਾ' ਸੀ।

ਇਸ ਐਲਬਮ ਨੇ ਦਲੇਰ ਮਹਿੰਦੀ ਨੂੰ ਪੂਰੀ ਦੁਨੀਆਂ 'ਚ ਪਛਾਣ ਦਿਵਾ ਦਿੱਤੀ। ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਨੂੰ ਮਨੁੱਖੀ ਤਸਕਰੀ ਦੇ ਕੇਸ 'ਚ 2 ਸਾਲ ਦੀ ਸਜ਼ਾ ਵੀ ਹੋਈ ਹੈ। ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ। ਦੋਸ਼ੀ ਸਾਬਤ ਹੋਣ ਮਗਰੋਂ ਦਲੇਰ ਮਹਿੰਦੀ ਨੂੰ ਜਮਾਨਤ ਮਿਲ ਗਈ ਸੀ। ਹਾਲੇ ਵੀ ਉਹ ਜਮਾਨਤ 'ਤੇ ਬਾਹਰ ਹਨ। ਹੰਸਰਾਜ ਹੰਸ ਦੇ ਪੁੱਤਰ ਨਵਰਾਜ ਹੰਸ ਅਤੇ ਦਲੇਰ ਮਹਿੰਦੀ ਦੀ ਧੀ ਅਵਜੀਤ ਕੌਰ ਦਾ ਸਾਲ 2017 'ਚ ਵਿਆਹ ਹੋਇਆ ਸੀ।