ਕੀ ਆਪ ਦਾ ਸਰਕਲ ਪ੍ਰਧਾਨ ਮੋਬਾਈਲ ਚੋਰੀ ਕਰਦਾ ਫੜ੍ਹਿਆ ਗਿਆ? ਨਹੀਂ, ਜਾਣੋ ਤਸਵੀਰ ਦਾ ਅਸਲ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਤਸਵੀਰ ਬਠਿੰਡਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਗ੍ਰਿਫਤਾਰ ਕਿੱਤੇ ਗਏ ਇੱਕ ਵਿਅਕਤੀ ਦੀ ਹੈ

Fact check fake claim viral in the name of khedan vattan punjab diyan

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ ਜਿਸਦੇ ਵਿਚ ਪੁਲਿਸ ਦੀ ਗ੍ਰਿਫਤਾਰੀ 'ਚ ਇੱਕ ਵਿਅਕਤੀ ਨੂੰ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਹੋਏ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਤੋਂ ਚੋਰੀ ਕੀਤੇ ਮਹਿੰਗੇ ਮੋਬਾਇਲ ਬਰਾਮਦ ਹੋਏ। ਦੱਸ ਦਈਏ ਪੰਜਾਬ ਸਰਕਾਰ ਵੱਲੋਂ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਤਹਿਤ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ 01 ਸਤੰਬਰ ਤੋਂ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਉਣ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਖੇਡ ਮੁਕਾਬਲੇ ਕਰਵਾਏ ਜਾਣਗੇ।

ਫੇਸਬੁੱਕ ਯੂਜ਼ਰ ਜਸਵਿੰਦਰ ਮਾਕੜ ਰਾਮਗੜ੍ਹੀਆਂ ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਹੋਏ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਤੋਂ ਚੋਰੀ ਕੀਤੇ ਮਹਿੰਗੇ ਮੋਬਾਇਲ ਬਰਾਮਦ।ਵੀ ਵੀ ਆਈ ਪੀ ਪਾਸ ਦੇਣ ਤੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ । ਅਸੀਂ ਤਾਂ ਚੋਰੀ ਵੀ ਵੀ ਆਈ ਪੀ ਪਾਸ ਲੈ ਕੇ ਕਰਦੇ ਹਾਂ। ਛਤੜ ਛਾਲ ਚ਼ ਪਹਿਲੀ ਵਾਰ ਇੰਨਕਲਾਬ ਪੂਰੇ ਜੋਬਨ ਤੇ। #Proudbesheeps #ਭੇਡਾਂ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਬਠਿੰਡਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਗ੍ਰਿਫਤਾਰ ਕਿੱਤੇ ਗਏ ਇੱਕ ਵਿਅਕਤੀ ਦੀ ਹੈ, ਜਿਸਦੇ ਕੋਲੋਂ ਪੁਲਿਸ ਨੇ ਇੱਕ ਪਿਸਟਲ ਦੇਸੀ,30 ਬੋਰ ਸਮੇਤ 3 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਤਸਵੀਰ ਬਠਿੰਡਾ ਪੁਲਿਸ ਦੇ ਵੇਰੀਫਾਈਡ ਫੇਸਬੁੱਕ ਪੇਜ ਵੱਲੋਂ 29 ਅਗਸਤ 2023 ਨੂੰ ਸਾਂਝੀ ਕੀਤੀ ਮਿਲੀ। 

ਤਸਵੀਰ ਸਾਂਝੀ ਕਰਦਿਆਂ ਪੇਜ ਨੇ ਲਿਖਿਆ, "ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-1) ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਇੱਕ ਪਿਸਟਲ ਦੇਸੀ .30 ਬੋਰ ਸਮੇਤ 3 ਜਿੰਦਾ ਰੌਂਦ ਬਰਾਮਦ ਕੀਤੇ ਗਏ।"

ਹੁਣ ਅਸੀਂ ਇਸ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਖਬਰ ਨਹੀਂ ਮਿਲੀ। ਜੇਕਰ ਅਜਿਹਾ ਕੁਝ ਵਾਪਰਿਆ ਹੁੰਦਾ ਤਾਂ ਇਸ ਬਾਰੇ ਖਬਰ ਜ਼ਰੂਰ ਹੋਣੀ ਸੀ। 

ਵੱਧ ਜਾਣਕਾਰੀ ਲਈ ਅਸੀਂ ਬਠਿੰਡਾ ਤੋਂ ਸਪੋਕਸਮੈਨ ਦੇ ਜ਼ਿਲ੍ਹਾ ਇੰਚਾਰਜ ਅਮਿਤ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਨੂੰ ਫਰਜੀ ਦੱਸਿਆ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਬਠਿੰਡਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਗ੍ਰਿਫਤਾਰ ਕਿੱਤੇ ਗਏ ਇੱਕ ਵਿਅਕਤੀ ਦੀ ਹੈ, ਜਿਸਦੇ ਕੋਲੋਂ ਪੁਲਿਸ ਨੇ ਇੱਕ ਪਿਸਟਲ ਦੇਸੀ,30 ਬੋਰ ਸਮੇਤ 3 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ।