Fact Check: ਬੱਸ 'ਚ ਔਰਤ ਨਾਲ ਲੜ ਰਹੇ ਖਾਕੀ ਵਰਦੀ ਵਾਲੇ ਵੀਡੀਓ ਦਾ ਜਾਣੋ ਅਸਲ ਸੱਚ
ਇਹ ਵੀਡੀਓ ਪੰਜਾਬ ਦਾ ਨਹੀਂ ਸਗੋਂ ਦਿੱਲੀ ਦਾ ਹੈ ਜਿਥੇ ਹੋਮਗਾਰਡ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਬੱਸ ਅੰਦਰ ਇੱਕ ਖਾਕੀ ਵਰਦੀ ਪਾਏ ਵਿਅਕਤੀ ਨੂੰ ਇੱਕ ਔਰਤ ਨਾਲ ਬੇਹਰਿਹਮੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕਰਦਿਆਂ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕ ਰਹੇ ਹਨ।
ਫੇਸਬੁੱਕ ਯੂਜ਼ਰ "Gursewak mour" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਆਹ ਵੇਖ ਲਵੋ ਕੀ ਹੋ ਰਿਹਾ punjab"
ਇਸੇ ਤਰ੍ਹਾਂ ਇੱਕ ਫੇਸਬੁੱਕ ਪੇਜ "ਤਿੰਨ ਕਰੋੜ ਦਾ ਜੂਸ" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਆਹ ਵੇਖ ਲਵੋ ਕੀ ਹੋ ਰਿਹਾ ਏਧਰ ਕਿਸੇ ਵਿਦਵਾਨ ਜਾ ਘੜੰਮ ਚੋਧਰੀ ਜਾ ਕਿਸੇ ਲੰਡਰ ਦੀ ਬੋਲਣ ਦੀ ਹਿੰਮਤ ਨਹੀ ਪੈਦੀ ਉਦਾ ਕੁਝ ਕਤੀੜਾ ਦੱਬੇ ਕੂਚਲੇ ਲੋਕਾ ਦੀ ਅਵਾਜ ਬਣਦੀਆ ਨਾ ਕੋਈ ਸਾਧ ਲਾਣਾ ਬੋਲਦਾ ਨਾ ਕੋਈ ਵਕੀਲਾ ਦੀ ਰਾਖੀ ਸਾਵੰਤ ਬੋਲਦੀ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਘਰੇਲੂ ਝਗੜੇ ਨਾਲ ਸਬੰਧਿਤ ਹੈ। ਇਹ ਵੀਡੀਓ ਪੰਜਾਬ ਦਾ ਨਹੀਂ ਸਗੋਂ ਦਿੱਲੀ ਦਾ ਹੈ ਜਿਥੇ ਹੋਮਗਾਰਡ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਦਿੱਲੀ ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ। ਖਬਰਾਂ ਅਨੁਸਾਰ ਮਾਮਲਾ ਦਿੱਲੀ ਦਾ ਹੈ ਜਿਥੇ ਇੱਕ ਹੋਮਗਾਰਡ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਸੀ।
The Lallantop ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ, "'बस में पुलिसवाले ने महिला यात्री को किया फिजिकली असॉल्ट', पूरा सच ये निकला"
ਇਸ ਖਬਰ ਵਿਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ, "ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਵੇਂ ਪਤੀ-ਪਤਨੀ ਹਨ ਅਤੇ ਉਨ੍ਹਾਂ ਦਾ ਘਰੇਲੂ ਝਗੜਾ ਚੱਲ ਰਿਹਾ ਸੀ। ਦੋਵਾਂ ਵਿਚਕਾਰ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ ਅਤੇ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਦਿੱਲੀ ਪੁਲਿਸ ਮੁਤਾਬਕ ਪੂਰੇ ਮਾਮਲੇ ਨੂੰ ਲੈ ਕੇ ਅਜੇ ਤੱਕ ਔਰਤ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਸ਼ਿਕਾਇਤ ਮਿਲਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।"
ਇਸ ਰਿਪੋਰਟ ਮੁਤਾਬਕ ਇਹ ਮਾਮਲਾ ਦਿੱਲੀ ਦੇ ਰਾਜਘਟ ਨੇੜੇ ਵਾਪਰਿਆ ਸੀ।
ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਹੈ ਅਤੇ ਇਹ ਮਾਮਲਾ ਘਰੇਲੂ ਝਗੜੇ ਨਾਲ ਜੁੜਿਆ ਹੋਇਆ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਘਰੇਲੂ ਝਗੜੇ ਨਾਲ ਸਬੰਧਿਤ ਹੈ। ਇਹ ਵੀਡੀਓ ਪੰਜਾਬ ਦਾ ਨਹੀਂ ਸਗੋਂ ਦਿੱਲੀ ਦਾ ਹੈ ਜਿਥੇ ਹੋਮਗਾਰਡ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਸੀ।