G-20 Summit ਤੋਂ ਲੈ ਕੇ ਆਪ ਸੁਪਰੀਮੋ ਦੀ ਪੰਜਾਬ ਫੇਰੀ ਤਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
1. ਆਪ ਸੁਪਰੀਮੋ ਦੀ ਪੰਜਾਬ ਫੇਰੀ 'ਤੇ ਬਿਕਰਮ ਮਜੀਠੀਆ ਦਾ ਵਾਇਰਲ ਕੀਤਾ ਇਹ ਵੀਡੀਓ ਹਾਲੀਆ ਨਹੀਂ ਸਾਲ ਪੁਰਾਣਾ ਹੈ
"ਪੰਜਾਬ ਦੇ ਸਿੱਖਿਆ ਪੱਧਰ ਨੂੰ ਮਜ਼ਬੂਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਮ੍ਰਿਤਸਰ ਵਿਖੇ ‘ਸਿੱਖਿਆ ਕ੍ਰਾਂਤੀ ਰੈਲੀ’ ਦਾ ਸੰਬੋਧਨ ਕੀਤਾ। ‘ਸਿੱਖਿਆ ਕ੍ਰਾਂਤੀ ਰੈਲੀ’ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ 7000 ਤੋਂ ਵੱਧ ਸਕੂਲਾਂ ਦੀ ਚਾਰਦੀਵਾਰੀ ਕਰਨ ਲਈ 358 ਕਰੋੜ ਰੁਪਏ ਖਰਚ ਕੀਤੇ ਜਾਣਗੇ।"
ਹੁਣ ਇਸੇ ਰੈਲੀ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਵੀ ਕੁਝ ਪੋਸਟ ਸਾਂਝੇ ਕੀਤੇ ਗਏ। ਇਸ ਲੜੀ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਇੱਕ ਵਿਅਕਤੀ ਨੂੰ ਬਸ ਦੇ ਡਰਾਈਵਰ ਨਾਲ ਬਹਿਸ ਕਰਦੇ ਵੇਖਿਆ ਜਾ ਸਕਦਾ ਸੀ । ਵਿਅਕਤੀ ਡਰਾਈਵਰ ਨਾਲ ਗੱਲ ਕਰਦਿਆਂ ਸਵਾਲ ਚੁੱਕਦਾ ਨਜ਼ਰ ਆ ਰਿਹਾ ਹੈ ਕਿ ਸਰਕਾਰੀ ਬਸ ਨੂੰ ਰੈਲੀ ਲਈ ਕਿਉਂ ਬੁੱਕ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਸੀ ਅਤੇ ਇਸਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. Fact Check: ਨੀਦਰਲੈਂਡ ਦੇ PM ਦਾ ਵਾਇਰਲ ਇਹ ਵੀਡੀਓ G20 ਸੰਮੇਲਨ ਨਾਲ ਸਬੰਧਿਤ ਨਹੀਂ ਹੈ
ਸੋਸ਼ਲ ਮੀਡੀਆ 'ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਉਨ੍ਹਾਂ ਦੇ ਹੱਥ ਤੋਂ ਇੱਕ ਤਰਲ ਪਦਾਰਥ ਦਾ ਕੱਪ ਡਿੱਗ ਜਾਂਦਾ ਹੈ ਤੇ ਉਹ ਆਪ ਉਸਨੂੰ ਸਾਫ ਕਰਦੇ ਦੇਖੇ ਜਾ ਸਕਦੇ ਸਨ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਹਾਲੀਆ ਦਿੱਲੀ ਵਿਚ ਹੋਏ G20 ਸੰਮੇਲਨ ਦਾ ਸੀ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਮਾਰਕ ਰੂਟ ਦੀ ਤਰੀਫ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਇਹ ਵੀਡੀਓ 2018 ਦਾ ਸੀ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. Fact Check: ਆਪਣੀ ਮਾਤਾ ਨੂੰ ਬਿਰਧ ਆਸ਼ਰਮ ਛੱਡ ਰਹੇ ਪੁੱਤ-ਨੂੰਹ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਪੁੱਤ-ਨੂੰਹ ਨੂੰ ਆਪਣੀ ਮਾਤਾ ਨੂੰ ਇੱਕ ਬਿਰਧ ਆਸ਼ਰਮ 'ਚ ਛੱਡਿਆ ਜਾ ਰਿਹਾ ਸੀ। ਇਸ ਵੀਡੀਓ ਵਿਚ ਬੁਜ਼ੁਰਗ ਮਾਤਾ ਇਸ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਉਸਦਾ ਬੇਟਾ ਤੇ ਨੂੰਹ ਉਸਨੂੰ ਜ਼ਬਰਦਸਤੀ ਘਰੋਂ ਕੱਢ ਰਹੇ ਹਨ। ਇਸ ਵੀਡੀਓ ਨੂੰ ਯੂਜ਼ਰਸ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸੀ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ ਕੋਈ ਅਸਲ ਘਟਨਾ ਨਹੀਂ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋਈ ਇਸ ਇਮਾਰਤ ਦਾ ਹਾਲੀਆ ਮੋਰੋਕੋ 'ਚ ਭੁਚਾਲ ਨਾਲ ਕੋਈ ਸਬੰਧ ਨਹੀਂ ਹੈ
ਪਿਛਲੇ ਦਿਨਾਂ ਮੋਰੋਕੋ ਵਿਚ ਭਿਆਨਕ ਭੁਚਾਲ ਨੇ 2900 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ। ਇਹ ਮੰਦਭਾਗੀ ਘਟਨਾ ਮਨੁੱਖੀ ਇਤਿਹਾਸ 'ਚ ਵੱਡੀ ਕੁਦਰਤ ਦੀ ਤਬਾਹੀ ਵੱਜੋਂ ਯਾਦ ਆਉਂਦੀ ਰਹੇਗੀ। ਇਸੇ ਭੁਚਾਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਸਾਰੇ ਵੀਡੀਓ ਵਾਇਰਲ ਹੋਏ ਤੇ ਲਾਜ਼ਮੀ ਸੀ ਕਿ ਇਸ ਵੀਡੀਓ ਦੇ ਹੜ੍ਹ ਵਿਚ ਕਈ ਵੀਡੀਓ ਪੁਰਾਣੇ ਵੀ ਵਾਇਰਲ ਹੋਏ। ਇਸ ਵਿਚਾਲੇ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਇਮਾਰਤ ਨੂੰ ਡਿਗਦਿਆਂ ਦੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਮੋਰੋਕੋ ਵਿਚ ਆਏ ਭੁਚਾਲ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਮੋਰੱਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਸੀ ਜਦੋਂ ਮੋਰੋਕੋ ਦੇ ਕੈਸਾਬਲਾਂਕਾ ਦੇ ਸਬਾਟਾ ਵਿਖੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. Fact Check: ਕੱਚੇ ਅਧਿਆਪਕਾਂ 'ਤੇ ਹੋਈ ਲਾਠੀਚਾਰਜ ਦਾ ਇਹ ਵੀਡੀਓ ਅਧਿਆਪਕ ਦਿਵਸ ਦਾ ਨਹੀਂ ਹੈ
ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਅਧਿਆਪਕਾਂ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਜਾ ਰਹੀ ਸੀ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਵੀਡੀਓ ਵਿਚ ਪੰਜਾਬ ਦੇ ਅਧਿਆਪਕ ਹਨ ਅਤੇ ਅਧਿਆਪਕ ਦਿਵਸ ਦੇ ਮੌਕੇ ਅਧਿਆਪਕਾਂ ਨਾਲ ਕੁੱਟਮਾਰ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ 5 ਸਿਤੰਬਰ ਯਾਨੀ ਅਧਿਆਪਕ ਦਿਵਸ ਦਾ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।