Fact Check: ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਵਾਇਰਲ ਇਹ ਤਸਵੀਰ 2016 ਦੇ ਇੱਕ ਮਾਮਲੇ ਦੀ ਹੈ
ਇਹ ਤਸਵੀਰ ਹਾਲ ਦੀ ਨਹੀਂ ਬਲਕਿ 2016 ਦੀ ਹੈ ਤੇ ਸ਼ਿਵ ਸੈਨਾ ਆਗੂ ਕਿਸੇ ਚਿੱਟੇ ਦੇ ਕੇਸ 'ਚ ਗ੍ਰਿਫਤਾਰ ਨਹੀਂ ਹੋਇਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਦਾ ਵਿਸ਼ੈ ਰਹਿਣ ਵਾਲੇ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਦੀ ਇੱਕ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਆਗੂ 2 ਕਿਲੋ ਚਿੱਟੇ ਸਣੇ ਕਾਬੂ ਕੀਤਾ ਗਿਆ ਹੈ। ਇਸ ਤਸਵੀਰ ਨੂੰ ਅਮਿਤ ਅਰੋੜਾ ਨੂੰ ਪੁਲਿਸ ਦੀ ਗ੍ਰਿਫਤ 'ਚ ਦੇਖਿਆ ਜਾ ਸਕਦਾ ਹੈ।
ਫੇਸਬੁੱਕ ਯੂਜ਼ਰ "Gurpreet Mangi" ਨੇ 17 ਸਿਤੰਬਰ 2023 ਨੂੰ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਸ਼ਿਵ ਸੈਨਾ ਨੇਤਾ ਅਮਿਤ ਅਰੋੜਾ Hindu jAtt 2 ਕਿਲੋ ਚਿੱਟੇ ਸਮੇਤ ਕਾਬੂ ਗੰਜਾ ਕਾਬੂ ਆ ਗਿਆ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਤਸਵੀਰ ਹਾਲ ਦੀ ਨਹੀਂ ਬਲਕਿ 2016 ਦੀ ਹੈ ਤੇ ਸ਼ਿਵ ਸੈਨਾ ਆਗੂ ਕਿਸੇ ਚਿੱਟੇ ਦੇ ਕੇਸ 'ਚ ਗ੍ਰਿਫਤਾਰ ਨਹੀਂ ਹੋਇਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਤਸਵੀਰ 2016 ਦੀ ਹੈ
ਸਾਨੂੰ ਇਸ ਵਾਇਰਲ ਦਾਅਵੇ ਨੂੰ ਲੈ ਕੇ ਕਈ ਰਿਪੋਰਟ ਮਿਲੀਆਂ। ਖਬਰਾਂ ਵਿਚ ਵਾਇਰਲ ਦਾਅਵੇ ਨੂੰ ਲੈ ਕੇ ਅਮਿਤ ਅਰੋੜਾ ਦਾ ਸਪਸ਼ਟੀਕਰਣ ਸਾਂਝਾ ਕੀਤਾ ਗਿਆ ਸੀ। ਅਮਿਤ ਅਰੋੜਾ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫ਼ਾਈਲ 'ਤੇ Live ਆ ਕੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਅਤੇ ਕਿਹਾ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ। ਇਸ ਸਪਸ਼ਟੀਕਰਣ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਕੀ ਸੀ ਅਸਲ ਮਾਮਲਾ?
ਅਸੀਂ ਸਪ੍ਸ਼ਟੀਰਣ 'ਚ ਮੌਜੂਦ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਤਸਵੀਰ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕਈ ਪੋਸਟ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਪੱਤਰਕਾਰ "Jagnandan G Nandan" ਨੇ 24 ਜੂਨ 2016 ਨੂੰ ਵਾਇਰਲ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਲਿਖਿਆ ਸੀ, "ਲਗਭਗ ਚਾਰ ਮਹੀਨੇ ਪਹਿਲਾਂ ਸ਼ਿਵ ਸੈਨਾ ਆਗੂ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਮੁਤਾਬਕ ਅਮਿਤ ਅਰੋੜਾ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਇਹ ਡਰਾਮਾ ਰਚਿਆ ਸੀ ਤਾਂ ਜੋ ਉਸ ਨੂੰ ਮਿਲੀ ਪੁਲਸ ਸੁਰੱਖਿਆ ਵਿਚ ਵਾਧਾ ਹੋ ਸਕੇ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦਾਅਵਾ ਕੀਤਾ ਕਿ ਗੋਲੀ ਚਲੀ ਹੀ ਨਹੀਂ ਸੀ। ਅਮਿਤ ਨੇ ਲੋਹੇ ਦੇ ਸਰੀਏ ਨਾਲ ਰਗੜ ਕੇ ਨੌਕਰ ਮਨੀ ਤੋਂ ਆਪਣੀ ਗਰਦਨ 'ਤੇ ਜ਼ਖਮ ਦਾ ਨਿਸ਼ਾਨ ਬਣਾਇਆ ਸੀ। ਅਮਿਤ ਦੇ ਨੌਕਰ ਤੇ ਸੁਰੱਖਿਆ ਕਰਮਚਾਰੀ ਕਾਂਸਟੇਬਲ ਓਮ ਪ੍ਰਕਾਸ਼ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਅਮਿਤ ਨੇ ਆਪਣੇ ਨੌਕਰ ਨੂੰ ਮੂੰਹ ਬੰਦ ਰੱਖਣ ਤੇ ਉਸਦਾ ਸਾਥ ਦੇਣ ਲਈ 1 ਲੱਖ ਰੁਪਏ ਦਿੱਤੇ ਸਨ, ਜਦਕਿ ਸੁਰੱਖਿਆ ਕਰਮਚਾਰੀ ਨੂੰ ਤਰੱਕੀ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ।"
ਇਥੇ ਮੌਜੂਦ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਸਮਾਨ ਜਾਣਕਾਰੀ ਦੱਸਦੀ ਮੀਡੀਆ ਅਦਾਰੇ ਜਗਬਾਣੀ ਦੀ ਖਬਰ ਮਿਲੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਤਸਵੀਰ ਹਾਲ ਦੀ ਨਹੀਂ ਬਲਕਿ 2016 ਦੀ ਹੈ ਤੇ ਸ਼ਿਵ ਸੈਨਾ ਆਗੂ ਕਿਸੇ ਚਿੱਟੇ ਦੇ ਕੇਸ 'ਚ ਗ੍ਰਿਫਤਾਰ ਨਹੀਂ ਹੋਇਆ ਹੈ।