ਕੀ ਕੈਨੇਡਾ 'ਚ ਬੈਨ ਹੋ ਗਈ RSS? ਜਾਣੋ ਵਾਇਰਲ ਵੀਡੀਓ ਕਲਿਪ ਦਾ ਅਸਲ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੇ ਤਕ ਕੈਨੇਡਾ ਸਰਕਾਰ ਨੇ RSS 'ਤੇ ਪਾਬੰਦੀ ਨੂੰ ਲੈ ਕੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।
RSFC (Team Mohali)- ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ਬਾਰੇ ਬੋਲਦਾ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨੂੰ ਬੈਨ ਕਰ ਦਿੱਤਾ ਹੈ।
ਫੇਸਬੁੱਕ ਪੇਜ "ਤੁਹਾਡੀ ਅਵਾਜ ਪੈਰਿਸ ਤੋ Tuhadi Awaaz Paris to" ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਆਰ ਐਸ ਐਸ ਟੇਰੋ ਰੀਸਟ ਐਕਵੀ ਕਨੇਡਾ ਵਿੱਚ ਬੇਨ #cnada"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੇ ਤਕ ਕੈਨੇਡਾ ਸਰਕਾਰ ਨੇ RSS 'ਤੇ ਪਾਬੰਦੀ ਨੂੰ ਲੈ ਕੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਦੀ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਦੱਸ ਦਈਏ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਜਾਂ ਬਿਆਨ ਨਹੀਂ ਮਿਲਿਆ।
ਅਸੀਂ ਅੱਗੇ ਵਧਦਿਆਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ। ਵੀਡੀਓ ਵਿਚ ਵਿਅਕਤੀ 4 ਮੁੱਖ ਮੰਗਾਂ ਰੱਖਦਾ ਹੈ:
1. ਭਾਰਤ ਤੋਂ ਕੈਨੇਡੀਅਨ ਰਾਜਦੂਤ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ।
2. ਭਾਰਤੀ ਰਾਜਦੂਤ ਹਾਈ ਕਮਿਸ਼ਨਰ ਸ਼੍ਰੀ ਸੰਜੇ ਕੁਮਾਰ ਵਰਮਾ ਨੂੰ ਕੈਨੇਡਾ ਤੋਂ ਕੱਢਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇ।
3. ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ ‘ਤੇ ਪਾਬੰਦੀ ਲਗਾਈ ਜਾਵੇ।
4. ਵਿਸ਼ਵ ਸਿੱਖ ਸੰਗਠਨ (WSO) ਨਾਲ ਮਿਲ ਕੇ ਮੰਗ ਕੀਤੀ ਕਿ RSS ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਜਾਵੇ ਅਤੇ ਇਸ ਦੇ ਮੈਂਬਰਾਂ ਨੂੰ ਕੈਨੇਡਾ ਤੋਂ ਬਾਹਰ ਜਾਵੇ।
ਜਦੋਂ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਨਾਮਵਰ ਮੀਡੀਆ ਅਦਾਰੇ ਅਲ ਜਜ਼ੀਰਾ ਦੀ ਇੱਕ ਰਿਪੋਰਟ ਮਿਲੀ। ਰਿਪੋਰਟ ਮੁਤਾਬਕ ਹਾਊਸ ਆਫ਼ ਕਾਮਨਜ਼ 'ਚ ਇੱਕ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ, ਸਿੱਖ ਅਤੇ ਮੁਸਲਿਮ ਆਗੂਆਂ ਨੇ ਸਰਕਾਰ ਨੂੰ ਕੈਨੇਡਾ 'ਚ ਉਹਨਾਂ ਦੇ ਵਿਰੁੱਧ ਸੰਭਾਵੀ ਖਤਰਿਆਂ ਨੂੰ ਰੋਕਣ ਲਈ ਕਦਮ ਚੁੱਕਣ ਦੀ ਮੰਗ ਕੀਤੀ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਅਤੇ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮ (ਐਨਸੀਸੀਐਮ) ਨੇ ਹਰਦੀਪ ਸਿੰਘ ਨਿੱਝਰ ਲਈ ਇਨਸਾਫ਼ ਦੀ ਮੰਗ ਵੀ ਕੀਤੀ।
ਦੱਸ ਦਈਏ ਵੀਡੀਓ ਵਿਚ ਨਜ਼ਰ ਆ ਰਿਹਾ ਵਿਅਕਤੀ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮ (ਐਨਸੀਸੀਐਮ) ਦੇ ਸੀਈਓ ਸਟੀਫਨ ਬਰਾਊਨ ਹਨ। ਗੌਰਤਲਬ ਹੈ ਕਿ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮ ‘ਇੱਕ ਸੁਤੰਤਰ, ਨਿਰਪੱਖ ਅਤੇ ਗੈਰ-ਮੁਨਾਫ਼ਾ ਸੰਸਥਾ’ ਹੈ ਅਤੇ ਇਸਦਾ ਕੈਨੇਡਾ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਵਿਚ ਕੈਨੇਡਾ ਸਰਕਾਰ ਦਾ ਕੋਈ ਅਫਸਰ ਨਹੀਂ ਹੈ ਤੇ ਨਾ ਹੀ ਹਾਲੇ ਤਕ ਕੈਨੇਡਾ ਸਰਕਾਰ ਵੱਲੋਂ ਅਜਿਹਾ ਕੋਈ ਫੈਸਲਾ ਲਿਆ ਗਿਆ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੇ ਤਕ ਕੈਨੇਡਾ ਸਰਕਾਰ ਨੇ RSS 'ਤੇ ਪਾਬੰਦੀ ਨੂੰ ਲੈ ਕੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।