Fact Check: ਬਸ ਹਾਦਸੇ ਦਾ ਇਹ ਵਾਇਰਲ ਹੋ ਰਿਹਾ ਵੀਡੀਓ ਮੇਘਾਲਿਆ ਦਾ ਨਹੀਂ ਇੰਡੋਨੇਸ਼ੀਆ ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵੀਡੀਓ ਮੇਘਾਲਿਆ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ। ਦੱਸ ਦਈਏ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ।

Fact Check Video Of Bus Accident Is From Indonesia Not Meghalaya

RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਬਸ ਨੂੰ ਖਾਈ ਵਿਚ ਡਿਗਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੇਘਾਲਿਆ ਦਾ ਹੈ ਜਿੱਥੇ ਚਾਹ ਪੀਣ ਗਏ ਡਰਾਈਵਰ ਦੀ ਲਾਪਰਵਾਹੀ ਕਾਰਨ ਬਸ ਖਾਈ 'ਚ ਡਿੱਗ ਪਈ। 

ਫੇਸਬੁੱਕ ਪੇਜ '"23 ਕਿੱਲੇ ਜ਼ਮੀਨ ਜੱਟ ਦੀ ਅਸੀਂ B.tech ਨੂੰ ਕੀ ਕਰਨਾ.,.".' ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਮੇਘਾਲਿਆ - ਬੱਸ ਦਾ ਡਰਾਈਵਰ ਚਾਹ ਪੀਣ ਗਿਆ ਸੀ , ਇੰਜਣ ਚਾਲੂ ਸੀ ਤੇ ਹੈਂਡ ਬ੍ਰੇਕ ਲਗਾਉਣੀ ਭੁੱਲ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮੇਘਾਲਿਆ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ। ਹੁਣ ਪੜ੍ਹੋ ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਇੰਡੋਨੇਸ਼ੀਆ ਦਾ ਹੈ 

ਸਾਨੂੰ ਮੀਡਿਆ ਅਦਾਰੇ 'tribunnews' ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਮੁਤਾਬਕ ਇਹ ਘਟਨਾ 7 ​​ਮਈ 2023 ਨੂੰ ਇੰਡੋਨੇਸ਼ੀਆ ਦੇ ਜਾਵਾ ਦੇ ਤੇਗਲ ਸ਼ਹਿਰ ਵਿਚ ਵਾਪਰੀ ਸੀ। 

ਇੱਕ ਹੋਰ ਅਦਾਰੇ therakyatpost ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਇੰਡੋਨੇਸ਼ੀਆ ਦੇ ਮੱਧ ਜਾਵਾ ਸੂਬੇ 'ਚ ਵਾਪਰੀ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਬਸ 'ਚ 37 ਯਾਤਰੀ ਸਵਾਰ ਸਨ ਅਤੇ ਬਸ ਢਲਾਣ ਤੋਂ ਹੇਠਾਂ ਆਪਣੇ ਆਪ ਚੱਲਣੀ ਸ਼ੁਰੂ ਹੋ ਗਈ ਅਤੇ ਖਾਈ ਵਿਚ ਡਿੱਗ ਗਈ। 

ਕੁਝ ਮੀਡਿਆ ਰਿਪੋਰਟਾਂ ਮੁਤਾਬਕ ਬਸ ਦੀ ਹੈਂਡਬ੍ਰੇਕ ਨੂੰ ਇੱਕ ਛੋਟੇ ਬੱਚੇ ਨੇ ਖਿੱਚ ਦਿੱਤਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹਾਲਾਂਕਿ , ਪੁਲਿਸ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਵਾਹਨ ਦੀ ਬ੍ਰੈਕਿੰਗ ਸਿਸਟਮ ਦੀ ਜਾਂਚ ਕੀਤੀ ਜਾ ਰਹੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮੇਘਾਲਿਆ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ। ਦੱਸ ਦਈਏ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ।