Fact Check: ਕੀ ਕਾਰ ਵਿਚ ਰੱਖੀ ਸੈਨੀਟਾਈਜ਼ਰ ਦੀ ਬੋਤਲ ਨਾਲ ਲੱਗ ਸਕਦੀ ਹੈ ਅੱਗ?

ਏਜੰਸੀ

Fact Check

ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਨਾਲ, ਇਹ ਉਮੀਦ ਕੀਤੀ ਜਾ ਰਹੀ ਸੀ ਕਿ ਵੱਧ ਰਹੀ ਗਰਮੀ ਕਾਰਨ ਵਾਇਰਸ ਦਾ ਖਾਤਮਾ ਹੋ ਜਾਵੇਗਾ।

Can hand sanitizer catch fire in your car?

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਨਾਲ, ਇਹ ਉਮੀਦ ਕੀਤੀ ਜਾ ਰਹੀ ਸੀ ਕਿ ਵੱਧ ਰਹੀ ਗਰਮੀ ਕਾਰਨ ਵਾਇਰਸ ਦਾ ਖਾਤਮਾ ਹੋ ਜਾਵੇਗਾ। ਪਰ ਵੱਧ ਰਹੀ ਗਰਮੀ ਦੇ ਬਾਵਜੂਦ, ਮੌਤਾਂ ਜਾਰੀ ਹਨ ਅਤੇ ਕੋਰੋਨਾ ਵਾਇਰਸ ਦੀ ਗਰਮੀ ਵਿਚ ਖਤਮ ਹੋਣ ਦੀ ਆਸ ਖਤਮ ਹੋ ਗਈ ਹੈ। ਲੋਕਾਂ ਨੂੰ ਹੁਣ ਯਕੀਨ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਸੁਰੱਖਿਅਤ ਰਹਿਣ ਲਈ ਮਾਸਕ ਅਤੇ ਸੈਨੀਟਾਈਜ਼ਰ ਜ਼ਿੰਦਗੀ ਦਾ ਲਾਜ਼ਮੀ ਹਿੱਸਾ ਬਣੇ ਰਹਿਣਗੇ।

ਹੁਣ ਲੋਕ ਸੈਨੀਟਾਈਜ਼ਰ ਦੀ ਬੋਤਲ ਹਰ ਜਗ੍ਹਾ ਆਪਣੇ ਕੋਲ ਰੱਖ ਰਹੇ ਹਨ। ਪਰ ਕੀ ਤੁਹਾਡੀ ਕਾਰ ਵਿਚ ਸੈਨੀਟਾਈਜ਼ਰ ਬੋਤਲ ਨਾਲ ਅੱਗ ਲੱਗਣ ਦਾ ਖ਼ਤਰਾ ਹੈ? ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਿਚ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਨੇਟਾਈਜ਼ਰ ਦੀ ਇਕ ਬੋਤਲ ਤੁਹਾਡੀ ਕਾਰ ਵਿਚ ਅੱਗ ਲਗਾ ਸਕਦੀ ਹੈ। ਸੜ ਰਹੀਆਂ ਕਾਰਾਂ ਦੀਆਂ ਕੁਝ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਕਾਰਾਂ ਵਿਚ ਸੈਨੀਟਾਈਜ਼ਰ ਕਾਰਨ ਅੱਗ ਲੱਗ ਗਈ ਹੈ।

ਦਿੱਲੀ ਵਿਚ ਇਕ ਕਾਰ ਵਿਚ ਅੱਗ ਲੱਗੀ, ਜਿਸ ਕਾਰਨ ਡਰਾਇਵਰ ਦੀ ਮੌਤ ਹੋ ਗਈ। ਪੁਲਿਸ ਇਸ ਘਟਨਾ ਦੀ ਜਾਂਚ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅੱਗ ਕਿਵੇਂ ਲੱਗੀ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਸੈਨੀਟਾਈਜ਼ਰ ਦੀ ਵਰਤੋਂ ਨਾਲ ਹੋਇਆ ਹੈ। ਇਸ ਦੌਰਾਨ ਸਵਾਲ ਪੈਦਾ ਹੁੰਦਾ ਹੈ ਕਿ ਕੀ ਤਪਦੀ ਗਰਮੀ ਅਤੇ ਧੁੱਪ ਵਿਚ ਸੈਨੀਟਾਈਜ਼ਰ ਦੀ ਬੋਤਲ ਨਾਲ ਤੁਹਾਡੀ ਕਾਰ ਨੂੰ ਅੱਗ ਲੱਗ ਸਕਦੀ ਹੈ। ਕਿਉਂਕਿ ਸੈਨੀਟਾਈਜ਼ਰ ਸ਼ਰਾਬ ਤੋਂ ਬਣਦਾ ਹੈ ਅਤੇ ਇਹ ਬਹੁਤ ਜਲਣਸ਼ੀਲ ਹੈ।

ਹੈਂਡ ਸੈਨੀਟਾਈਜ਼ਰ ਦੇ ਮੈਟੀਰੀਅਲ ਸੇਫਟੀ ਡਾਟਾ ਨੂੰ ਦੇਖਣ ਅਤੇ ਮਾਹਿਰਾਂ ਨਾਲ ਗੱਲਬਾਤ ਤੋਂ ਬਾਅਦ ਪਾਇਆ ਗਿਆ ਕਿ ਇਸ ਸਵਾਲ ਦਾ ਜਵਾਬ ਨਹੀਂ ਹੈ।
ਇਹ ਅਸੰਭਵ ਹੈ ਕਿ ਸੈਨੀਟਾਈਜ਼ਰ ਦੀ ਬੋਤਲ ਅੱਗ ਫੜ੍ਹ ਲਵੇ ਪਰ ਇਸ ਦੇ ਕਈ ਖਤਰੇ ਵੀ ਹਨ। ਇਸ ਲਈ ਸੈਨੀਟਾਈਜ਼ਰ ਦੀ ਬੋਤਲ ਨੂੰ ਕਾਰ ਦੇ ਡੈਸ਼ਬੋਰਡ 'ਤੇ ਛੱਡਣਾ ਖਤਰਨਾਕ ਸਾਬਿਤ ਹੋ ਸਕਦਾ ਹੈ। 

ਅੱਗ ਲੱਗਣ ਦਾ ਵਿਗਿਆਨ

ਇਕ ਸੈਨੀਟਾਈਜ਼ਰ ਬੋਤਲ ਵਿਚ 'ਅਪਣੇ ਆਪ ਅੱਗ ਲੱਗ ਜਾਣ' ਲਈ ਜਿੰਨਾ ਤਾਪਮਾਨ ਚਾਹੀਦਾ ਹੈ, ਉਹ ਕਾਫ਼ੀ ਜ਼ਿਆਦਾ ਹੈ। ਭਾਰਤ ਵਿਚ ਜਿੰਨੀ ਗਰਮੀ ਪੈਂਦੀ ਹੈ, ਓਨੀ ਗਰਮੀ ਵਿਚ ਘੰਟਿਆਂ ਤੱਕ ਬਾਹਰ ਸੜਕ 'ਤੇ ਖੜੀ ਰਹਿਣ ਤੋਂ ਬਾਅਦ ਕਾਰ ਜਿੰਨੀ ਗਰਮ ਹੁੰਦੀ ਹੈ, ਉਸ ਤੋਂ ਵੀ ਜ਼ਿਆਦਾ ਤਾਪਮਾਨ ਚਾਹੀਦਾ ਹੈ।

ਸਭ ਤੋਂ ਘੱਟ ਤਾਪਮਾਨ, ਜਿਸ 'ਤੇ ਕੋਈ ਵੀ ਪਦਾਰਥ ਆਮ ਵਾਤਾਵਰਨ ਵਿਚ ਬਿਨਾਂ ਕਿਸੇ ਚੰਗਿਆੜੀ ਜਾਂ ਅੱਗ ਦੇ ਖੁਦ ਹੀ ਜਲ ਪਵੇ, ਉਸ ਨੂੰ ਸਵੈ ਜਲਣ ਤਾਪਮਾਨ (auto-ignition temperature) ਕਹਿੰਦੇ ਹਨ। ਸੈਨੀਟਾਈਜ਼ਰ ਵਿਚ ਪਾਏ ਜਾਣ ਵਾਲੇ ਇਥਾਈਲ ਐਲਕੋਹਲ ਦਾ auto-ignition temperature 363 ਡਿਗਰੀ ਸੈਲਸੀਅਸ ਹੁੰਦਾ ਹੈ। ਇਹ ਤਾਪਮਾਨ ਇੰਨਾ ਜ਼ਿਆਦਾ ਹੈ ਕਿ ਟਿਨ, ਲੇਡ ਅਤੇ ਕੈਡਮੀਅਮ ਆਦਿ ਧਾਤ ਵੀ ਇਸ ਤਾਪਮਾਨ ਵਿਚ ਪਿਘਲ ਜਾਵੇਗੀ।

ਸੈਨੀਟਾਈਜ਼ਰ ਦੇ ਵੱਖ-ਵੱਖ ਬਰਾਂਡਾਂ ਵਿਚ ਐਲਕੋਹਲ ਦੀ ਮਾਤਰਾ ਵੱਖ-ਵੱਖ ਹੋ ਸਕਦੀ ਹੈ ਪਰ ਜ਼ਿਆਦਾਤਰ ਵਿਚ ਇਹ 60 ਤੋਂ 80 ਫੀਸਦੀ ਤੱਕ ਹੁੰਦਾ ਹੈ। 
ਅੱਗ ਬੁਝਾਉਣ ਦੇ ਮਾਮਲੇ ਵਿਚ ਭਾਰਤ ਸਰਕਾਰ ਦੇ ਸਲਾਹਕਾਰ ਅਤੇ ਮਸ਼ਹੂਰ ਅੱਗ ਮਾਹਰ ਡੀ ਕੇ ਸ਼ੰਮੀ ਇਸ ਦੀ ਪੁਸ਼ਟੀ ਕਰਦੇ ਹਨ, “ਸਿਧਾਂਤਕ ਤੌਰ 'ਤੇ ਗਰਮ ਕਾਰ ਵਿਚ ਰੱਖੀ ਗਈ ਇਕ ਸੈਨੀਟਾਈਜ਼ਰ ਬੋਤਲ ਵਿਚ ਅਪਣੇ ਆਪ ਹੀ ਅੱਗ ਲੱਗ ਜਾਵੇ, ਜੇਕਰ ਇਹ ਅਸੰਭਵ ਨਹੀਂ ਹੈ ਤਾਂ ਸੰਭਵ ਵੀ ਨਹੀਂ ਹੈ'। ਪਰ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਇਸ ਵਿਚ ਖਤਰਾ ਹੈ।

ਜੇਕਰ ਕੋਈ ਤੁਹਾਨੂੰ ਕਾਰ ਵਿਚ ਸੈਨੀਟਾਈਜ਼ਰ ਦੀ ਬੋਤਲ ਨਾ ਰੱਖਣ ਦੀ ਚੇਤਾਵਨੀ ਦੇ ਰਿਹਾ ਹੈ ਤਾਂ ਇਹ ਬੇਬਨਿਆਦ ਨਹੀਂ ਹੈ। ਸੈਨੀਟਾਈਜ਼ਰ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇਸ ਨੂੰ ਬੋਤਲ ਨੂੰ ਕੱਸ ਕੇ ਬੰਦ ਕਰਕੇ ਇਕ ਠੰਢੀ ਅਤੇ ਹਵਾਦਾਰ ਥਾਂ 'ਤੇ ਰੱਖਿਆ ਜਾਣਾ ਚਾਹੀਦਾ ਹੈ। ਅੱਗ ਦੇ ਖਤਰੇ ਤੋਂ ਇਲਾਵਾ ਇਕ ਹੋਰ ਕਾਰਨ ਹੈ ਜਿਸ ਦੇ ਲਈ ਸੈਨੀਟਾਈਜ਼ਰ ਨੂੰ ਠੰਢੀ ਥਾਂ 'ਤੇ ਰੱਖਣਾ ਚਾਹੀਦਾ ਹੈ। ਜ਼ਿਆਦਾ ਗਰਮੀ ਦੇ ਸੰਪਰਕ ਵਿਚ ਆਉਣ ਨਾਲ ਸੈਨੀਟਾਈਜ਼ਰ ਦੀ ਕੀਟਾਣੂਨਾਸ਼ਕ ਸਮਰੱਥਾ ਘੱਟ ਜਾਂਦੀ ਹੈ।

ਫੈਕਟ ਚੈੱਕ:

ਦਾਅਵਾ: ਸੈਨੀਟਾਈਜ਼ਰ ਦੀ ਬੋਤਲ ਕਾਰ ਵਿਚ ਨਾ ਛੱਡੋ। ਇਸ ਵਿਚ ਐਲਕੋਹਲ ਹੁੰਦਾ ਹੈ ਜੋ ਜਲਣਸ਼ੀਲ ਹੁੰਦਾ ਹੈ, ਇਸ ਨਾਲ ਅੱਗ ਲੱਗਣ ਦਾ ਖਤਰਾ ਹੈ।
ਸੱਚਾਈ: ਸੈਨੀਟਾਈਜ਼ਰ ਦੀ ਬੋਤਲ ਵਿਚ ਅਪਣੇ ਆਪ ਅੱਗ ਲੱਗਣ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ਜੇਕਰ ਬੋਤਲ ਖੁੱਲੀ ਹੈ ਤਾਂ ਸੈਨੀਟਾਈਜ਼ਰ ਭਾਫ ਬਣ ਜਾਵੇਗਾ, ਜਿਸ ਨਾਲ ਅੱਗ ਲੱਗਣ ਲਈ ਛੋਟੀ ਚੰਗਿਆੜੀ ਕਾਫੀ ਹੈ।