ਵੱਡੇ ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਦੀ ਤਿਆਰੀ 'ਚ ਸਰਕਾਰ!

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਵੱਡੇ ਕਿਸਾਨਾਂ ਕੋਲੋਂ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਦੀ ਚਰਚਾ ਹੁਣ ਦੁਬਾਰਾ ਛਿੜੀ ਹੈ...

Moter

ਚੰਡੀਗੜ੍ਹ: ਵੱਡੇ ਕਿਸਾਨਾਂ ਕੋਲੋਂ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਦੀ ਚਰਚਾ ਹੁਣ ਦੁਬਾਰਾ ਛਿੜੀ ਹੈ। ਇਸ ਬਾਰੇ ਪਾਵਰਕਾਮ ਵੱਲੋਂ ਪਿਛਲੇ ਸਾਲ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਸੀ ਪਰ ਸਿਆਸੀ ਗਿਣਤੀਆਂ-ਮਿਣਤੀਆਂ ਨੂੰ ਵੇਖਦਿਆਂ ਸਰਕਾਰ ਨੇ ਦੜ੍ਹ ਵੱਟ ਲਿਆ ਸੀ। ਪਾਵਰਕੌਮ ਦਾ ਕਹਿਣਾ ਹੈ ਕਿ ਜਿਹੜੇ ਅਮੀਰ ਕਿਸਾਨ ਜਾਂ ਹੋਰ ਖਪਤਕਾਰ ਇਨਕਮ ਟੈਕਸ ਅਦਾ ਕਰਦੇ ਹਨ, ਘੱਟੋ-ਘੱਟ ਉਨ੍ਹਾਂ ਤੋਂ ਬਿਜਲੀ ਦੀ ਮੁਫ਼ਤ ਤੇ ਸਬਸਿਡੀ ਵਾਲੀ ਸਹੂਲਤ ਖੋਹ ਲੈਣੀ ਚਾਹੀਦੀ ਹੈ।

ਸੂਤਰਾਂ ਮੁਤਾਬਕ ਪਾਵਰਕੌਮ ਦੀ ਅਜਿਹੀ ਸਲਾਹ ’ਤੇ ਹੁਣ ਪੰਜਾਬ ਸਰਕਾਰ ਹਰਕਤ ’ਚ ਆਉਣ ਲੱਗੀ ਹੈ ਤੇ ਲੰਘੇ ਦਿਨੀਂ ਅਜਿਹੇ ਮਾਮਲੇ ’ਤੇ ਵਿਉਂਤਬੰਦੀ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਵੇਲੇ ਪਾਵਰਕੌਮ ਦੀ 4300 ਕਰੋੜ ਦੀ ਸਬਸਿਡੀ ਸਰਕਾਰ ਵੱਲ ਬਕਾਇਆ ਹੈ। ਪਹਿਲੀ ਜਨਵਰੀ ਨੂੰ 1300 ਕਰੋੜ ਦੇ ਕਰੀਬ ਹੋਰ ਸਬਸਿਡੀ ਦੀ ਬਕਾਇਆ ਰਕਮ ਜੁੜਨ ਨਾਲ ਇਹ ਰਾਸ਼ੀ 5600 ਕਰੋੜ ਹੋ ਜਾਵੇਗੀ।

ਇਸ ਵੇਲੇ ਪਾਵਰਕੌਮ ਸਭ ਤੋਂ ਵੱਧ ਖੇਤੀਬਾੜੀ ਟਿਊਬਵੈੱਲਾਂ ਦੀ ਸਬਸਿਡੀ ਦੇ ਬੋਝ ਹੇਠ ਹੈ। ਵੱਡੀ ਗੱਲ ਖੇਤੀਬਾੜੀ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਦਾ ਵਧੇਰੇ ਲਾਹਾ ਅਮੀਰ ਕਿਸਾਨ ਲੈ ਰਹੇ ਹਨ। ਇਸ ਵੇਲੇ ਪੰਜਾਬ ਅੰਦਰ 14.5 ਲੱਖ ਖੇਤੀਬਾੜੀ ਟਿਊਬਵੈੱਲ ਹਨ, ਜਿਨ੍ਹਾਂ ’ਚੋਂ 81.52 ਫੀਸਦੀ ਦਰਮਿਆਨੇ ਤੇ ਵੱਡੇ ਕਿਸਾਨਾਂ ਦੇ ਹਨ।

18.48 ਫੀਸਦੀ ਤੱਕ ਉਹ ਕਿਸਾਨ ਹਨ ਜਿਨ੍ਹਾਂ ਕੋਲ 2.5 ਤੋਂ 5 ਏਕੜ ਤੱਕ ਜ਼ਮੀਨ ਹੈ। ਮੌਜੂਦਾ ਦੌਰ ’ਚ ਪੰਜਾਬ ਸਰਕਾਰ 9674.50 ਕਰੋੜ ਰੁਪਏ ਦੀ ਸਬਸਿਡੀ ਅਦਾ ਕਰ ਰਹੀ ਹੈ ਤੇ ਇਸ ਵੱਡੀ ਰਕਮ ’ਚੋਂ 6060.27 ਕਰੋੜ ਰੁਪਏ ਦੀ ਸਬਸਿਡੀ ਖੇਤੀਬਾੜੀ ਖੇਤਰ ਦੇ ਹਿੱਸੇ ਲੱਗ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਕਰ ਵਿਭਾਗ ਕੋਲ ਇਨਕਮ ਟੈਕਸ ਅਦਾ ਕਰਨ ਵਾਲੇ ਵੱਡੀ ਗਿਣਤੀ ਅਜਿਹੇ ਕਿਸਾਨ ਹਨ ਜਿਹੜੇ ਖੇਤੀਬਾੜੀ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਹਾਸਲ ਕਰ ਰਹੇ ਹਨ।

ਦੱਸ ਦਈਏ ਕਿ ਅਨੁਸੂਚਿਤ ਜਾਤੀ ਵਰਗ ਦੇ ਬਿਜਲੀ ਖਪਤਕਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ’ਚ ਬਕਾਇਦਾ ਸ਼ਰਤ ਹੈ ਕਿ ਅਜਿਹੇ ਖਪਤਕਾਰ ਆਮਦਨ ਟੈਕਸ ਅਦਾ ਨਹੀਂ ਕਰਦੇ ਹੋਣੇ ਚਾਹੀਦੇ, ਤਾਂ ਉਨ੍ਹਾਂ ਨੂੰ 200 ਯੂਨਿਟ ਮੁਫ਼ਟ ਬਿਜਲੀ ਦੀ ਸਹੂਲਤ ਪ੍ਰਾਪਤ ਹੋਵੇਗੀ।