ਪ੍ਰਧਾਨ ਮੰਤਰੀ ਕਿਸਾਨ ਯੋਜਨਾ, 5.16 ਕਰੋੜ ਕਿਸਾਨਾਂ ਨੂੰ ਤੀਜੀ ਕਿਸਤ ਦੀ ਉਡੀਕ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ, ਪਛਮੀ ਬੰਗਾਲ ਅਤੇ ਚੰਡੀਗੜ੍ਹ ਦੇ ਕਿਸਾਨਾਂ ਨੂੰ ਅਜੇ ਤਕ ਇਕ ਵੀ ਕਿਸਤ ਜਾਰੀ ਨਹੀਂ ਹੋਈ

Photo

ਅਪ੍ਰੈਲ 2019 ਤੋਂ ਜੁਲਾਈ 2019 ਵਿਚਕਾਰ ਯੋਜਨਾ ਤਹਿਤ ਕੋਈ ਰਜਿਸਟਰਡ ਵੀ ਨਾ ਹੋਇਆ
ਨਵੀਂ ਦਿੱਲੀ : ਦੇਸ਼ ਦੇ ਪੰਜ ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਅਜੇ ਵੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਤੀਜੀ ਕਿਸਤ ਦੇ ਪੈਸੇ ਮਿਲਣ ਦੀ ਉਡੀਕ ਹੈ। ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ ਦੇ ਨਵੀਨਤਮ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ।

ਛੋਟੇ ਅਤੇ ਸਰਹੱਦੀ ਖੇਤਰਾਂ ਨੇੜੇ ਸਥਿਤ ਕਿਸਾਨਾਂ ਨੂੰ ਸਿੱਧੀ ਸਹਾਇਤਾ ਦੇਣ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਸਰਕਾਰ ਉਨ੍ਹਾਂ ਨੂੰ 6000 ਰੁਪਏ ਸਾਲਾਨਾ ਦੀ ਆਰਥਕ ਮਦਦ ਦਿੰਦੀ ਹੈ। ਇਕ ਦਸੰਬਰ, 2018 ਤੋਂ ਸ਼ੁਰੂ ਹੋਈ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ 'ਚ 2000-2000 ਰੁਪਏ ਦੀ ਕਿਸਤ ਦਿਤੀ ਜਾਣੀ ਹੈ।

ਪੀ.ਟੀ.ਆਈ. ਦੇ ਇਕ ਪੱਤਰਕਾਰੀ ਦੀ ਆਰ.ਟੀ.ਆਈ. 'ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਲਗਭਗ 2.51 ਕਰੋੜ ਕਿਸਾਨਾਂ ਨੂੰ ਯੋਜਨਾ ਦੀ ਦੂਜੀ ਕਿਸਤ ਵੀ ਨਹੀਂ ਮਿਲੀ ਹੈ। ਜਦਕਿ 5.16 ਕਰੋੜ ਕਿਸਾਨਾਂ ਨੂੰ ਅਜੇ ਤੀਜੀ ਕਿਸਤ ਮਿਲਣ ਦੀ ਉਡੀਕ ਹੈ। ਦਸੰਬਰ, 2018 ਤੋਂ ਨਵੰਬਰ 2019 ਵਿਚਕਾਰ ਯੋਜਨਾ ਤਹਿਤ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੇ ਰਜਿਸਟਰੇਸ਼ਨ ਕਰਵਾਇਆ ਹੈ।

ਇਨ੍ਹਾਂ 'ਚੋਂ 7.62 ਕਰੋੜ ਜਾਂ 84 ਫ਼ੀ ਸਦੀ ਨੂੰ ਯੋਜਨਾ ਦੀ ਪਹਿਲੀ ਕਿਸਤ ਮਿਲੀ ਹੈ। ਜਦਕਿ ਲਗਭਗ 6.5 ਕਰੋੜ ਕਿਸਾਨਾਂ ਨੂੰ ਦੂਜੀ ਕਿਸਤ ਜਾਰੀ ਕੀਤੀ ਗਈ ਹੈ। ਜਦਕਿ ਤੀਜੀ ਕਿਸਤ ਦਾ ਲਾਭ ਸਿਰਫ਼ 3.85 ਕਰੋੜ ਕਿਸਾਨਾਂ ਨੂੰ ਹੀ ਮਿਲਿਆ ਹੈ। ਮੰਤਰਾਲੇ ਨੇ ਕਿਸਾਨਾਂ ਦੀ ਰਜਿਸਟਰੇਸ਼ਨ ਦੇ ਸਮੇਂ ਦਾ ਵੀ ਜ਼ਿਕਰ ਕੀਤਾ ਹੈ।

ਇਸ ਦੇ ਅਨੁਸਾਰ ਦਸੰਬਰ, 2018 ਤੋਂ ਮਾਰਚ 2019 ਵਿਚਕਾਰ ਯੋਜਨਾ ਤਹਿਤ ਕੁਲ 4.74 ਕਰੋੜ ਕਿਸਾਨਾਂ ਨੇ ਰਜਿਸਟਰੇਸ਼ਨ ਕਰਵਾਇਆ। ਇਸ 'ਚ 4.02 ਕਰੋੜ ਕਿਸਾਨਾਂ ਨੂੰ ਪਹਿਲੀ ਕਿਸਤ, 4.02 ਕਰੋੜ ਕਿਸਾਨਾਂ ਨੂੰ ਦੂਜੀ ਕਿਸਤ ਅਤੇ 3.85 ਕਰੋੜ ਕਿਸਾਨਾਂ ਨੂੰ ਤੀਜੀ ਕਿਸਤ ਦਾ ਲਾਭ ਮਿਲਿਆ ਹੈ।

ਹਾਲਾਂਕਿ ਆਰ.ਟੀ.ਆਈ. ਦੇ ਜਵਾਬ 'ਚ ਇਹ ਨਹੀਂ ਦਸਿਆ ਗਿਆ ਹੈ ਕਿ ਸ਼ੁਰੂਆਤ 'ਚ ਰਜਿਸਟਰੇਸ਼ਨ ਲਗਭਗ 50 ਲੱਖ ਕਿਸਾਨਾਂ ਨੂੰ ਪਹਿਲੀ ਕਸਤ ਦਾ, 70 ਲੱਖ ਕਿਸਾਨਾਂ ਨੂੰ ਦੂਜੀ ਕਿਸਤ ਦਾ ਅਤੇ 90 ਲੱਖ ਕਿਸਾਨਾਂ ਨੂੰ ਤੀਜੀ ਕਿਸਤ ਦਾ ਲਾਭ ਕਿਉਂ ਨਹੀਂ ਮਿਲਿਆ।ਅੰਕੜਿਆਂ ਅਨੁਸਾਰ ਪਛਮੀ ਬੰਗਾਲ ਅਤੇ ਸਿੱਕਿਮ 'ਚ ਕੋਈ ਵੀ ਕਿਸਾਨ ਇਸ ਯੋਜਨਾ ਹੇਠ ਰਜਿਸਟਰਡ ਨਹੀਂ ਹੈ ਅਤੇ ਨਾ ਹੀ ਉਥੇ ਕਿਸੇ ਤਰ੍ਹਾਂ ਦੇ ਪੈਸੇ ਦੀ ਵੰਡ ਹੋਈ ਹੈ।

ਇਸ ਤੋਂ ਬਾਅਦ ਅਪ੍ਰੈਲ 2019 ਤੋਂ ਜੁਲਾਈ 2019 ਵਿਚਕਾਰ ਇਸ ਯੋਜਨਾ ਤਹਿਤ 3.08 ਕਰੋੜ ਕਿਸਾਨਾਂ ਦੀ ਰਜਿਸਟਰੇਸ਼ਨ ਕੀਤੀ ਗਈ। ਇਸ 'ਚ 2.66 ਕਰੋੜ ਕਿਸਾਨਾਂ ਨੂੰ ਪਹਿਲੀ ਅਤੇ 2.47 ਕਰੋੜ ਕਿਸਾਨਾਂ ਨੂੰ ਦੂਜੀ ਕਿਸਤ ਦਾ ਲਾਭ ਮਿਲਿਆ ਹੈ। ਆਰ.ਟੀ.ਆਈ. ਦੇ ਜਵਾਬ 'ਚ ਇਹ ਨਹੀਂ ਦਸਿਆ ਗਿਆ ਹੈ ਕਿ ਇਸ ਸਮੇਂ ਦੌਰਾਨ ਰਜਿਸਟਰਡ ਲਗਭਗ 40 ਲੱਖ ਕਿਸਾਨਾਂ ਨੂੰ ਪਹਿਲੀ ਅਤੇ 61 ਲੱਖ ਕਿਸਾਨਾਂ ਨੂੰ ਦੂਜੀ ਕਿਸਤ ਦਾ ਲਾਭ ਕਿਉਂ ਨਹੀਂ ਮਿਲਿਆ।

ਹਾਲਾਂਕਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ 'ਚ ਰਜਿਸਟਰਡ ਕਿਸਾਨ ਤੀਜੀ ਕਿਸਤ ਪਾਉਣ ਦੇ ਯੋਗ ਨਹੀਂ ਹਨ। ਇਸ ਸਮੇਂ ਦੌਰਾਨ ਪਛਮੀ ਬੰਗਾਲ, ਪੰਜਾਬ ਅਤੇ ਚੰਡੀਗੜ੍ਹ 'ਚ ਕੋਈ ਕਿਸਾਨ ਰਜਿਸਟਰਡ ਨਹੀਂ ਹੋਇਆ। ਨਾ ਹੀ ਉਨ੍ਹਾਂ ਨੂੰ ਪਹਿਲੀ ਅਤੇ ਦੂਜੀ ਕਿਸਤ ਦਾ ਕੋਈ ਲਾਭ ਮਿਲਿਆ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਅਗੱਸਤ 2019 ਤੋਂ ਨਵੰਬਰ 2019 ਵਿਚਕਾਰ ਲਗਭਗ 1.19 ਕਰੋੜ ਕਿਸਾਨਾਂ ਦੀ ਰਜਿਸਟਰੇਸ਼ਨ ਕੀਤੀ ਗਈ।

ਇਨ੍ਹਾਂ 'ਚ 73.66 ਲੱਖ ਕਿਸਾਨਾਂ ਨੂੰ ਪਹਿਲੀ ਕਿਸਤ ਦਾ ਭੁਗਤਾਨ ਕੀਤਾ ਗਿਆ। ਹਾਲਾਂਕਿ ਇਸ ਸਮੇਂ ਲਈ ਦਿਤੀ ਜਾਣ ਵਾਲੀ ਪਹਿਲੀ ਕਿਸਤ ਦਾ ਲਾਭ 45 ਲੱਖ ਕਿਸਾਨਾਂ ਨੂੰ ਨਾ ਮਿਲਣ ਦੀ ਕੋਈ ਜਾਣਕਾਰੀ ਮੰਤਰਾਲੇ ਨੇ ਨਹੀਂ ਦਿਤੀ। ਇਸ ਸਮੇਂ ਦੌਰਾਨ ਰਜਿਸਟਰਡ ਕਿਸਾਨ ਦੂਜੀ ਅਤੇ ਤੀਜੀ ਕਿਸਤ ਪਾਉਣ ਦੇ ਯੋਗਤਾ ਨਹੀਂ ਰਖਦੇ। ਮੰਤਰਾਲੇ ਤੋਂ ਆਰ.ਟੀ.ਆਈ. 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ ਕੁਲ ਕਿਸਾਨਾਂ ਦੀ ਸੂਬਿਆਂ ਅਨੁਸਾਰ ਜਾਣਕਾਰੀ ਮੰਗੀ ਗਈ ਸੀ।