ਪੰਜਾਬ ਦੇ ਕਿਸਾਨਾਂ ਲਈ ਵਰਦਾਨ ਬਣਿਆ, ਬੱਕਰੀ ਪਾਲਣ ਦਾ ਕਿੱਤਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਦੀ ਕਿਸਾਨੀ ਲਈ ਬੱਕਰੀ ਪਾਲਣ ਦਾ ਕਿੱਤਾ ਵਰਦਾਨ ਬਣ ਸਕਦਾ ਹੈ...

Got Farming

ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਲਈ ਬੱਕਰੀ ਪਾਲਣ ਦਾ ਕਿੱਤਾ ਵਰਦਾਨ ਬਣ ਸਕਦਾ ਹੈ। ਬੱਕਰੀ ਪਾਲਣ ਦੇ ਕਿੱਤੇ ਨੂੰ ਜੇ ਪੰਜਾਬ ਦੇ ਕਿਸਾਨ ਅਤੇ ਹੋਰ ਲੋਕ ਸਹਾਇਕ ਧੰਦਿਆਂ ਦੇ ਤੌਰ ਤੇ ਅਪਣਾ ਲੈਣ ਤਾਂ ਇਸ ਦਾ ਬਹੁਤ ਵੱਡਾ ਲਾਭ ਹੋ ਸਕਦਾ ਹੈ। ਭਾਰਤ ਦੇਸ਼ ਵਿਸ਼ਵ ਪੱਧਰ ਤੇ ਬੱਕਰੀ ਦੀਆਂ ਗਿਣਤੀ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹੈ ਜਦ ਕਿ ਪਹਿਲੇ ਨੰਬਰ ਤੇ ਚੀਨ ਆਉਂਦਾ ਹੈ। ਬੱਕਰੀ ਪਾਲਣ ਦਾ ਧੰਦਾ ਕੁਦਰਤੀ ਸਾਧਨਾਂ ਤੇ ਨਿਰਭਰ ਹੈ। ਜਿਕਰਯੋਗ ਹੈ ਕਿ ਪੰਜਾਬ ਵਿਚ ਪਹਿਲਾਂ ਬੱਕਰੀ ਪਾਲਣ ਦਾ ਧੰਦਾ ਛੋਟੇ ਪੱਧਰ ਤੇ ਕੀਤਾ ਜਾਂਦਾ ਸੀ।

ਪੂਰੇ ਭਾਰਤ ਵਿਚ 1405 ਲੱਖ ਬੱਕਰੀਆਂ ਪਾਲੀਆਂ ਜਾ ਰਹੀਆਂ ਹਨ। ਭਾਰਤ ਵਿਚ ਬੱਕਰੀਆਂ ਦੀਆਂ 23 ਕਿਸਮਾਂ ਰਜ਼ਿਸਟਰ ਕੀਤੀਆਂ ਗਈਆਂ ਹਨ। ਬੱਕਰੀਆਂ ਦੇ ਦੁੱਧ ਅਤੇ ਪਨੀਰ ਦੀ ਵੱਧ ਰਹੀ ਮੰਗ ਨੂੰ ਦੇਖਦਿਆਂ ਕਿਹਾ ਜਾ ਰਿਹਾ ਹੈ ਕਿ ਵਿਦੇਸ਼ਾਂ ਵਿਚ ਬੱਕਰੀ ਦੇ ਦੁੱਧ ਦਾ ਪਨੀਰ ਵਿਦੇਸ਼ਾਂ 'ਚ ਆਮ ਪਨੀਰਾਂ ਨਾਲੋਂ ਜਿਆਦਾ ਮਿਲਦਾ ਹੈ। ਜੇਕਰ ਕਿਸਾਨੀ ਇਸ ਧੰਦੇ ਵੱਲ ਪ੍ਰੇਰਿਤ ਹੋਵੇ ਤਾਂ ਕਾਫ਼ੀ ਵੱਡੇ ਪੱਧਰ ਤੇ ਲਾਹਾ ਲੈ ਸਕਦੀ ਹੈ। ਕੋਈ ਸਮਾਂ ਸੀ ਜਦੋਂ ਬੱਕਰੀਆਂ ਪਾਲਣ ਦਾ ਕੰਮ ਪਿੰਡਾਂ ਦੇ ਗਰੀਬ ਅਤੇ ਮਜ਼ਦੂਰ ਪਰਿਵਾਰਾਂ ਵੱਲੋਂ ਕੀਤਾ ਜਾਂਦਾ ਸੀ।

ਇਹ ਲੋਕ ਆਪਣੀ ਆਰਥਿਕਤਾ ਲਈ ਅਤੇ ਦੁੱਧ ਦੀ ਕਮੀ ਕਾਰਨ ਬੱਕਰੀਆਂ ਪਾਲਦੇ ਸਨ। ਪੰਜਾਬ ਵਿਚ ਸਾਲ 2007 08 ਦੌਰਾਨ ਬੱਕਰੀ ਪਾਲਣ ਦੇ ਕਿੱਤੇ ਵਿਚ 20 ਫੀਸਦੀ ਵਾਧਾ ਹੋਇਆ ਹੈ। ਬੱਕਰੀ ਪਾਲਣ ਲਈ ਜਰੂਰੀ ਹੈ ਨਸਲ, ਵਾੜਾ, ਚਾਰਾ, ਬਿਮਾਰੀਆਂ ਅਤੇ ਮੰਡੀਕਰਨ ਦੀ ਵੱਡੇ ਪੱਧਰ ਤੇ ਜਰੂਰਤ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਬੱਕਰੀ ਦੇ ਦੁੱਧ ਵਿਚ ਰੋਗ ਪ੍ਰਤੀ ਰੋਧਿਕ ਸ਼ਕਤੀ ਜਿਆਦਾ ਹੁੰਦੀ ਹੈ। ਪੰਜਾਬ ਵਿਚ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਕਿੱਤੇ ਨੂੰ ਸੂਬੇ ਵਿਚ ਪ੍ਰਫੁੱਲਤ ਕਰਨ ਲਈ ਮੱਤੇਵਾੜਾ ਲੁਧਿਆਣਾ ਤੇ ਪਟਿਆਲਾ ਵਿਖੇ ਬੱਕਰੀਆਂ ਦੀ ਪੈਦਾਵਾਰ ਨੂੰ ਵਧਾਉਣ ਲਈ ਫਾਰਮ ਬਣਾਏ ਗਏ ਹਨ।

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ ਤੇ ਅਮ੍ਰਿਤਸਰ ਸਾਹਿਬ ਵਿਚ ਇਸ ਵੇਲੇ ਜ਼ਮਨਾ ਪਾਰੀ, ਪਹਾੜੀ, ਬਾਰਬਰੀ, ਬੀਕਾਨੇਰੀ ਅਤੇ ਬੀਟਲ ਕਿਸਮ ਦੀਆਂ ਬੱਕਰੀਆਂ ਦੀਆਂ ਕਿਸਮਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਬੀਟਲ ਕਿਸਮ ਦੀ ਬੱਕਰੀ ਦੇ ਦੁੱਧ ਵਿਚ ਕਾਫ਼ੀ ਤਰ੍ਹਾਂ ਦੇ ਸਿਹਤ ਲਈ ਲਾਭਦਾਇਕ ਪ੍ਰੋਟੀਨ ਹੁੰਦੇ ਹਨ। ਬੀਟਲ ਕਿਸਮ ਦੀ ਬੱਕਰੀ ਦਾ ਦੁੱਧ ਡੇਅਰੀਆਂ ਤੇ ਵੀ ਪਹੁੰਚਣ ਲੱਗਿਆ ਹੈ। ਇਹ ਦੁੱਧ 25 ਤੋਂ 30 ਰੁਪਏ ਕਿਲੋਗ੍ਰਾਮ ਤੱਕ ਵਿਕਣ ਲੱਗਿਆ ਹੈ।

ਇਕ ਬੱਕਰੀ ਪਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਟਲ ਕਿਸਮ ਦੀ ਬੱਕਰੀ ਤੋਂ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ। ਜਿੰਨ੍ਹਾਂ ਵਿਚ ਇਕ ਨਗ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ। ਇਸ ਤਰ੍ਹਾਂ ਇਕ ਨਗ ਤੋਂ 12 ਹਜ਼ਾਰ ਰੁਪਏ ਪ੍ਰਤੀ ਸਾਲ ਆਮਦਨ ਹੋ ਜਾਂਦੀ ਹੈ। ਪੰਜਾਬ ਵਿਚ ਇਸ ਵੇਲੇ ਪਹਾੜੀ ਬੱਕਰੀਆਂ ਨੂੰ ਸ਼ੌਂਕ ਦੇ ਤੌਰ ਤੇ ਪਾਲਿਆ ਜਾ ਰਿਹਾ ਹੈ। ਇਹ ਬੱਕਰੀਆਂ ਸੁੰਦਰ ਅਤੇ ਸੋਹਣੀਆਂ ਹੋਣ ਕਾਰਨ ਘਰਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਬੀਟਲ ਕਿਸਮ ਦੀ ਬੱਕਰੀ ਇਕ ਵਧੀਆ ਕਿਸਮ ਦਾ ਡੇਅਰੀ ਪਸ਼ੂ ਹੈ।

ਜੋ ਕਿ ਆਪਣੇ 170 ਤੋਂ 180 ਦਿਨਾਂ ਦੇ ਦੁੱਧ ਦੀ ਮਿਆਦ ਵਿਚ 150 ਤੋਂ 190 ਕਿਲੋ ਦੁੱਧ ਦੇ ਸਕਦੀ ਹੈ। ਦੁੱਧ ਦੀ ਔਸਤ ਪੈਦਾਵਾਰ ਰੋਜ਼ਾਨਾ ਲਗਭਗ ਇਕ ਤੋਂ ਡੇਢ ਕਿਲੋਗ੍ਰਾਮ ਤੱਕ ਹੈ। ਇਹ ਨਸਲ ਆਪਣੇ ਦੁੱਧ ਦੀ ਜਿਆਦਾ ਪੈਦਾਵਾਰ ਅਤੇ ਜੁੜਵਾਂ ਬੱਚੇ ਪੈਦਾ ਕਰਨ ਲਈ ਜਾਣੀ ਜਾਂਦੀ ਹੈ। ਬੱਕਰੀ ਪਾਲਣ ਦਾ ਕਿੱਤਾ ਆਰਥਿਕ ਤੌਰ ਤੇ ਚੰਗਾ ਹੈ।