ਸਾਉਣੀ ਬਿਜਾਈ ਦੀ ਰਫ਼ਤਾਰ ਨਾਲ ਮਹਿੰਗਾਈ ਨੂੰ ਪਏਗੀ ਠੱਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹੁਣ ਤਕ ਸਾਉਣੀ ਫਸਲਾਂ ਦੀ ਬਿਜਾਈ ਤਕਰੀਬਨ 869.5 ਲੱਖ ਹੈਕਟੇਅਰ 'ਚ ਹੋਈ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ ਸਿਰਫ 5.35 ਫੀਸਦੀ ਘੱਟ ਹੈ

Paddy

ਨਵੀਂ ਦਿੱਲੀ :  ਦੇਸ਼ 'ਚ ਮਾਨਸੂਨ 'ਚ ਆਈ ਤੇਜ਼ੀ ਨਾਲ ਸਾਉਣੀ ਬਿਜਾਈ ਦਾ ਰਕਬਾ ਕਾਫੀ ਹੱਦ ਤਕ ਪਿਛਲੇ ਸਾਲ ਦੇ ਨਜ਼ਦੀਕ ਪਹੁੰਚ ਚੁੱਕਾ ਹੈ ਜਿਸ ਨਾਲ ਮਹਿੰਗਾਈ ਨੂੰ ਠੱਲ੍ਹ ਪੈਣ ਦੇ ਅਸਾਰ ਹਨ। ਹੁਣ ਤਕ ਸਾਉਣੀ ਫਸਲਾਂ ਦੀ ਬਿਜਾਈ ਤਕਰੀਬਨ 869.5 ਲੱਖ ਹੈਕਟੇਅਰ 'ਚ ਹੋਈ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ ਸਿਰਫ 5.35 ਫੀਸਦੀ ਘੱਟ ਹੈ। 2018-19 'ਚ ਇਸ ਦੌਰਾਨ 918.70 ਲੱਖ ਹੈਕਟੇਅਰ 'ਚ ਬਿਜਾਈ ਹੋਈ ਸੀ।

ਹਾਲਾਂਕਿ ਚਾਵਲ ਦੀ ਖੇਤੀ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਤੇ ਉੜੀਸਾ 'ਚ ਹੌਲੀ ਹੈ।ਖੇਤੀਬਾੜੀ ਮੰਤਰਾਲਾ ਦੇ ਉੱਚ ਅਧਿਕਾਰੀ ਮੰਨਦੇ ਹਨ ਕਿ ਆਉਣ ਵਾਲੇ ਹਫਤਿਆਂ 'ਚ ਝੋਨੇ ਦੀ ਬਿਜਾਈ ਤੇਜ਼ ਹੋ ਜਾਵੇਗੀ ਤੇ ਇਸ ਪਾੜੇ ਨੂੰ ਪੂਰਾ ਕਰੇਗੀ। ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਜਦੋਂ ਸਾਉਣੀ ਦੀ ਬਿਜਾਈ ਖਤਮ ਹੋਵੇਗੀ ਤਾਂ ਸਾਉਣੀ ਫਸਲਾਂ ਦਾ ਕੁੱਲ ਰਕਬਾ ਤਕਰੀਬਨ 1,060 ਲੱਖ ਹੈਕਟੇਅਰ ਤਕ ਹੋ ਜਾਵੇਗਾ।

ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, 8 ਅਗਸਤ ਤਕ ਝੋਨੇ ਦੀ ਬਿਜਾਈ ਤਕਰੀਬਨ 265.2 ਲੱਖ ਹੈਕਟੇਅਰ 'ਚ ਹੋਈ ਹੈ, ਜੋ ਪਿਛਲੇ ਸਾਲ ਨਾਲੋਂ 12.81 ਫੀਸਦੀ ਘੱਟ ਹੈ। ਫਸਲ ਸਾਲ 2018-19 'ਚ ਇਸ ਦੌਰਾਨ 304.18 ਲੱਖ ਹੈਕਟੇਅਰ 'ਚ ਝੋਨੇ ਦੀ ਬਿਜਾਈ ਹੋ ਗਈ ਸੀ। ਇਸ ਵਾਰ ਬਿਜਾਈ 'ਚ ਗਿਰਾਵਟ ਮੁੱਖ ਤੌਰ 'ਤੇ ਦੱਖਣ-ਪੱਛਮੀ ਮਾਨਸੂਨ ਪਹੁੰਚਣ 'ਚ ਦੇਰੀ ਤੇ ਜੂਨ 'ਚ ਇਸ ਦੀ ਹੌਲੀ ਰਫਤਾਰ ਕਾਰਨ ਰਹੀ। ਜੁਲਾਈ 'ਚ ਮਾਨਸੂਨ ਦੇ ਰਫ਼ਤਾਰ ਫੜਨ ਨਾਲ ਫਸਲਾਂ ਦੀ ਬਿਜਾਈ ਨੇ ਜ਼ੋਰ ਫੜਿਆ ਹੈ। 

ਇਸ ਸਾਲ ਦਾਲਾਂ ਦੀ ਬਿਜਾਈ 115.39 ਲੱਖ ਹੈਕਟੇਅਰ 'ਚ ਕੀਤੀ ਗਈ ਹੈ, ਜੋ ਪਿਛਲੇ ਸਾਲ ਇਸ ਸਮੇਂ 121.39 ਲੱਖ ਹੈਕਟੇਅਰ 'ਚ ਹੋਈ ਸੀ, ਯਾਨੀ ਹੁਣ ਤਕ ਇਸ 'ਚ 4.9 ਫੀਸਦੀ ਦੀ ਕਮੀ ਹੈ। ਤੇਲ ਫਸਲਾਂ ਦੀ ਬਿਜਾਈ ਪਿਛਲੇ ਸਾਲ ਨਾਲੋਂ ਫਿਲਹਾਲ 3.29 ਫੀਸਦੀ ਘੱਟ ਹੈ, ਇਨ੍ਹਾਂ ਦੀ ਬਿਜਾਈ ਹੁਣ ਤਕ 157.10 ਲੱਖ ਹੈਕਟੇਅਰ 'ਚ ਹੋਈ ਹੈ, ਜੋ ਪਿਛਲੇ ਸਾਲ 162.50 ਲੱਖ ਹੈਕਟੇਅਰ 'ਚ ਹੋਈ ਸੀ। ਉੱਥੇ ਹੀ, ਕਪਾਹ ਦੀ ਬਿਜਾਈ ਇਸ ਵਾਰ 118.70 ਲੱਖ ਹੈਕਟੇਅਰ 'ਚ ਕੀਤੀ ਗਈ ਹੈ, ਜੋ ਪਿਛਲੇ ਸਾਲ ਦੇ 112.60 ਲੱਖ ਹੈਕਟੇਅਰ ਨਾਲੋਂ 5.44 ਫੀਸਦੀ ਜ਼ਿਆਦਾ ਹੈ।