ਮੰਦੀ ਦੇ ਦੌਰ ਨਾਲ ਜੂਝ ਰਹੀ ਖੇਤੀਬਾੜੀ, ਨਵੇਂ ਟ੍ਰੈਕਟਰ ਤੇ ਕੰਬਾਇਨਾਂ ਦੀ ਪੁੱਛ ਘਟੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ...

Tractors

ਚੰਡੀਗੜ੍ਹ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਡੂੰਘੀ ਚਿੰਤਾ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਸਰਬਪੱਖੀ ਪ੍ਰਬੰਧ ਮੰਦੀ ਦੇ ਨਤੀਜੇ ਵਜੋਂ ਲਿਆ। ਡਾ. ਮਨਮੋਹਨ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਰਥ ਵਿਵਸਥਾ ਦੀ ਹਾਲਤ ਕਾਫ਼ੀ ਚਿੰਤਾਜਨਕ ਹੈ। ਪੂਰੇ ਦੇਸ਼ ਨੂੰ ਮੰਦੀ ਨੇ ਝੰਭ ਸੁੱਟਿਆ ਹੈ। ਕਾਰ ਉਦਯੋਗ ਤੋਂ ਲੈ ਕੇ ਕੱਪੜਾ ਉਦਯੋਗ ਤੱਕ ਮੰਦੀ ਵਿੱਚ ਘਿਰੇ ਹੋਏ ਹਨ। ਖੇਤੀਬਾੜੀ ਖੇਤਰ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕਿਆ। ਸਭ ਤੋਂ ਵੱਡੀ ਮਾਰ ਖੇਤੀ ਮਸ਼ੀਨੀਰੀ ਉਦਯੋਗ ਨੂੰ ਪਈ ਹੈ।

ਪਿਛਲੇ ਸਮੇਂ ਦੌਰਾਨ ਟਰੈਕਟਰਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਖੇਤੀ ਮਸ਼ੀਨੀਰੀ ਦੀ ਵਿਕਰੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਖੇਤੀ ਮਸ਼ੀਨਰੀ ਦੀ ਸਭ ਤੋਂ ਵੱਧ ਖਪਤ ਪੰਜਾਬ ਵਿੱਚ ਹੁੰਦੀ ਹੈ। ਪੰਜਾਬ ਵਿੱਚ ਹੀ ਖੇਤੀ ਮਸ਼ੀਨਰੀ ਦੇ ਉਦਯੋਗ ਵੀ ਹਨ। ਤਾਜਾ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਖੇਤੀ ਵਿਕਾਸ ਦਰ ਦੇ ਨਾਲ ਨਾਲ ਖੇਤੀ ਮਸ਼ੀਨਰੀ ਉਦਯੋਗ ਵੀ ਮੰਦੀ ਦੀ ਮਾਰ ਝੱਲ ਰਿਹਾ ਹੈ। ਇਕੱਲੇ ਟਰੈਕਟਰਾਂ ਦੀ ਵਿਕਰੀ ਵਿੱਚ ਹੀ 20 ਫੀਸਦੀ ਤੱਕ ਕਮੀ ਆਈ ਹੈ। ਤਾਜ਼ਾ ਰਿਪੋਰਟ ਮੁਤਾਬਕ ਟਰੈਕਟਰ ਬਣਾਉਣ ਵਾਲੀਆਂ ਸਥਾਨਕ ਤੇ ਕੌਮੀ ਪੱਧਰ ਦੀਆਂ ਕੰਪਨੀਆਂ ਤੋਂ ਲੈ ਕੇ ਹਲ਼ ਬਣਾਉਣ ਵਾਲੇ ਛੋਟੇ ਕਾਰਖਾਨਿਆਂ ਵਾਲੇ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਹਨ।

ਭਾਰਤ ਵਿੱਚ ਟਰੈਕਟਰਾਂ ਤੇ ਖੇਤੀ ਮਸ਼ੀਨਰੀ ਦਾ ਕੁੱਲ ਕਾਰੋਬਾਰ 40 ਹਜ਼ਾਰ ਕਰੋੜ ਰੁਪਏ ਦਾ ਹੈ। ਇਸ ਵਿੱਚੋਂ 25 ਹਜ਼ਾਰ ਕਰੋੜ ਰੁਪਏ ਦੇ ਟਰੈਕਟਰ ਵਿਕਦੇ ਹਨ ਤੇ 15 ਹਜ਼ਾਰ ਕਰੋੜ ਰੁਪਏ ਦੀ ਮਸ਼ੀਨਰੀ ਵਿਕਦੀ ਹੈ। ਪੰਜਾਬ ਦੇ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਟਰੈਕਟਰਾਂ ਤੇ ਮਸ਼ੀਨਰੀ ਦਾ ਕੁੱਲ ਕਾਰੋਬਾਰ 5 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੈ। ਇਸ ਤਰ੍ਹਾਂ ਨਾਲ ਖੇਤੀ ਮਸ਼ੀਨਰੀ ਵੱਡਾ ਉਦਯੋਗ ਹੈ। ਇਸ ਵਿੱਤੀ ਸਾਲ ਦੇ ਮੁੱਢਲੇ ਮਹੀਨਿਆਂ ’ਚ ਵਿਕਰੀ 19 ਫੀਸਦੀ ਤੱਕ ਸੀ। ਟਰੈਕਟਰ ਉਦਯੋਗ ਨਾਲ ਜੁੜੇ ਸੂਤਰਾਂ ਮੁਤਾਬਕ ਅਗਸਤ ਮਹੀਨੇ ਦੌਰਾਨ ਟਰੈਕਟਰਾਂ ਦੀ ਵਿਕਰੀ ਨੂੰ ਹੋਰ ਵੀ ਜ਼ਿਆਦਾ ਸੱਟ ਵੱਜੀ ਹੈ।

ਖੇਤੀ ਮਸ਼ੀਨਰੀ ਦੇ ਛੋਟੇ ਉਦਯੋਗਾਂ ਨਾਲ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਇਸ ਧੰਦੇ ਵਿੱਚ ਆਈ ਖੜੋਤ ਦਾ ਸਿੱਧਾ ਅਸਰ ਦਿਹਾਤੀ ਆਰਥਿਕਤਾ ’ਤੇ ਪੈਂਦਾ ਹੈ, ਕਿਉਂਕਿ ਖੇਤੀਬਾੜੀ ਦੇ ਛੋਟੇ ਉਦਯੋਗਾਂ ਨਾਲ 70 ਫੀਸਦੀ ਤੋਂ ਵੱਧ ਵਿਅਕਤੀ ਦਿਹਾਤੀ ਖੇਤਰ ਨਾਲ ਸਬੰਧਤ ਹਨ। ਤਾਜ਼ਾ ਮੰਦੀ ਦੇ ਦੌਰ ਕਾਰਨ ਛੋਟੇ ਦਰਜੇ ਦੇ ਕਈ ਉਦਯੋਗ ਬੰਦ ਹੋ ਰਹੇ ਹਨ ਤੇ ਲੋਕਾਂ ਦੇ ਹੱਥੋਂ ਰੁਜ਼ਗਾਰ ਖੁਸ ਰਿਹਾ ਹੈ।