ਅਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਬਠਿੰਡਾ ’ਚ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਵਿਖੇ ਅੱਜ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬੈਨਰ ਹੇਠ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਅੱਗੇ...

Farmers protest in Bathinda

ਬਠਿੰਡਾ : ਬਠਿੰਡਾ ਵਿਖੇ ਅੱਜ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬੈਨਰ ਹੇਠ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਅੱਗੇ ਅਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਲਈ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਸਿਰ ਚੜ੍ਹਿਆ ਵੱਡਾ ਕਰਜ਼ਾ ਹੈ ਤੇ ਉਤੋਂ ਬੈਂਕਾਂ ਤੇ ਆੜ੍ਹਤੀਆਂ ਨੇ ਉਨ੍ਹਾਂ ਤੋਂ ਖ਼ਾਲੀ ਚੈੱਕ ਲਏ ਹੋਏ ਹਨ। ਕਿਸਾਨ ਉਹ ਖ਼ਾਲੀ ਚੈੱਕ ਵਾਪਸ ਕਰਵਾਉਣ ਦੀ ਮੰਗ ਕਰ ਰਹੇ ਹਨ।

ਬਹੁਤ ਸਾਰੇ ਕਿਸਾਨਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ ਤੇ ਕੁਰਕੀਆਂ ਨਿਲਾਮੀਆਂ ਦੇ ਹੁਕਮ ਜਾਰੀ ਹੋ ਚੁੱਕੇ ਹਨ। ਕਿਸਾਨ ਇਹ ਸਭ ਖ਼ਤਮ ਕਰਵਾਉਣਾ ਚਾਹੁੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਸਾਰਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ ਪਰ ਹੁਣ ਉਹ ਦੋ ਲੱਖ ਰੁਪਏ ਦੀ ਰਕਮ ਵੀ ਸਭ ਨੂੰ ਨਹੀਂ ਦੇ ਰਹੀ। ਹੁਣ ਸਿਰਫ਼ ਫ਼ਸਲੀ ਕਰਜ਼ਾ ਹੀ ਮਾਫ਼ ਕੀਤਾ ਜਾ ਰਿਹਾ ਹੈ ਤੇ ਉਹ ਵੀ ਸਿਰਫ਼ ਕੁਝ ਚੋਣਵੇਂ ਕਿਸਾਨਾਂ ਦੇ ਹੀ ਕਰਜ਼ੇ ਮਾਫ਼ ਹੋ ਰਹੇ ਹਨ।

ਇਸ ਤੋਂ ਇਲਾਵਾ ਕਿਸਾਨ ਸੁਆਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ ਵੀ ਕਰ ਰਹੇ ਹਨ, ਖੇਤੀ ਨੀਤੀਆਂ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕ ਵਿਚ ਬਣਾਉਣ ਦੀ ਮੰਗ ਕਰ ਰਹੇ ਹਨ। ਖੇਤੀ ਸੰਦਾਂ ਉਤੇ GST ਮਾਫ਼ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਡੀਜ਼ਲ ਤੇ ਪਟਰੌਲ ਨੂੰ GST ਦੇ ਘੇਰੇ ਵਿਚ ਲਿਆਉਣ ਦੀ ਮੰਗ ਵੀ ਕਿਸਾਨ ਕਰ ਰਹੇ ਹਨ। ਇਸ ਤੋਂ ਇਲਾਵਾ ਜਿਹੜੇ ਕਿਸਾਨ ਕਰਜ਼ਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰ ਗਏ ਹਨ, ਉਨ੍ਹਾਂ ਦੇ ਪੀੜਤ ਪਰਿਵਾਰ 10-10 ਲੱਖ ਰੁਪਏ ਮੁਆਵਜ਼ਾ ਵੀ ਮੰਗ ਰਹੇ ਹਨ।