ਬੀਐਸਐਫ ਅਤੇ ਐਸਟੀਐਫ ਨੇ ਕਿਸਾਨ ਦੇ ਖੇਤ 'ਚ ਦੱਬੀ 45 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਐਸਐਫ ਅਤੇ ਐਸਟੀਐਫ ਵੱਲੋਂ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਜੀ.ਜੀ.-2 ਚੌਕੀ ਨੇੜੇ ਜ਼ਮੀਨ ‘ਚ ਦੱਬੇ 10 ਪੈਕਟ ਹੈਰੋਇਨ ਦੇ ਮਿਲੇ।

Seizure of heroine by BSF and STF

ਫ਼ਾਜ਼ਿਲਕਾ- ਬੀਐਸਐਫ ਅਤੇ ਐਸਟੀਐਫ ਵੱਲੋਂ ਫ਼ਾਜ਼ਿਲਕਾ ਸੈਕਟਰ ਵਿਚਲੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ।

ਇਸ ਸਬੰਧੀ ਬੀਐਸਐਫ ਕੁਆਟਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਡੀਆਈਜੀ ਸ੍ਰੀ ਟੀ.ਆਰ. ਮੀਨਾ ਨੇ ਦੱਸਿਆ ਕਿ ਲੁਧਿਆਣਾ ਅਤੇ ਫਿਰੋਜ਼ਪੁਰ ਦੀ ਐਸਟੀਐਫ ਟੀਮ ਨੂੰ ਸੂਚਨਾ ਮਿਲੀ ਸੀ ਕਿ ਫ਼ਾਜ਼ਿਲਕਾ ਸੈਕਟਰ ‘ਤੇ ਹੈਰੋਇਨ ਸੁੱਟੀ ਗਈ ਹੈ, ਜਿਸ ਨੂੰ ਉਹਨਾਂ ਨੇ ਬੀਐਸਐਫ ਨਾਲ ਸਾਂਝਾ ਕੀਤਾ।

ਇਸ ਤੋਂ ਬਾਅਦ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਜੀ.ਜੀ.-2 ਚੌਕੀ ਨੇੜਿਓਂ ਟੀਮ ਨੂੰ ਜ਼ਮੀਨ ‘ਚ ਦੱਬੇ ਹੋਏ 10 ਪੈਕਟ ਹੈਰੋਇਨ ਦੇ ਮਿਲੇ। ਉਹਨਾਂ ਨੇ ਕਿਹਾ ਜਿਸ ਜਗ੍ਹਾ ਤੋਂ ਇਹ ਖੇਪ ਬਰਾਮਦ ਹੋਈ ਹੈ। ਉਹ ਕਿਸਾਨ ਸੂਰਤ ਸਿੰਘ ਦਾ ਖੇਤ ਸੀ।

ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਪੈਕਟਾਂ 'ਚ ਕਰੀਬ 9 ਕਿਲੋ 300 ਗ੍ਰਾਮ ਹੈਰੋਇਨ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਵੀ ਬੀਐਸਐਫ ਨੇ ਸੂਰਤ ਸਿੰਘ ਦੇ ਖੇਤ ਨਾਲ ਲੱਗਦੇ ਸਾਧੂ ਸਿੰਘ ਦੇ ਖੇਤ ‘ਚੋਂ 4 ਪੈਕਟ ਹੈਰੋਇਨ ਬਰਾਮਦ ਕੀਤੀ ਸੀ, ਜਿਸ ‘ਚ ਕਿਸਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ।

ਉਹਨਾਂ ਇਸ ਮਾਮਲੇ ਵਿਚ ਸਬੰਧਿਤ ਕਿਸਾਨ ਨੂੰ ਵੀ ਸ਼ੱਕ ਦੇ ਘੇਰੇ ‘ਚ ਲਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਐਸਟੀਐਫ ਲੁਧਿਆਣਾ ਜ਼ੋਨ ਦੇ ਏਆਈਜੀ ਸਨੇਹ ਦੀਪ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਸਪੈਸ਼ਲ ਪਿ੍ੰਸੀਪਲ ਸਕੱਤਰ ਐਚਐਸ ਸੰਧੂ ਨੂੰ ਇਸ ਦੀ ਸੂਚਨਾ ਮਿਲੀ ਸੀ, ਜਿਨ੍ਹਾਂ ਨੇ ਇਹ ਸੂਚਨਾ ਐਸਟੀਐਫ਼ ਨੂੰ ਦਿੱਤੀ ਸੀ।

ਇਸ ਤੋਂ ਬਾਅਦ ਮੁਹਾਲੀ ਦੇ ਐਸਟੀਐਫ ਥਾਣੇ ‘ਚ ਮਾਮਲਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਖੇਪ ਕਣਕ ਦੇ ਖੇਤ 'ਚ ਦੱਬੀ ਹੋਈ ਸੀ ਅਤੇ ਦੋ-ਤਿੰਨ ਦਿਨ ਪਹਿਲਾਂ ਰੱਖੀ ਹੋਣ ਦਾ ਸ਼ੱਕ ਹੈ । ਉਨ੍ਹਾਂ ਦੱਸਿਆ ਕਿ ਸਾਨੂੰ ਕੁਝ ਜਾਣਕਾਰੀ ਹਾਸਿਲ ਹੋਈ ਹੈ ਕਿ ਇਸ ਖੇਪ ਨੂੰ ਕਿਸ ਨੇ ਕਿੱਥੇ ਲਿਜਾਉਣਾ ਸੀ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 45 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ |