ਅੰਨਦਾਤਾ ਦੀ ਮਿਹਨਤ 'ਤੇ ਫਿਰਿਆ ਪਾਣੀ, ਅੱਠ ਏਕੜ ਦੇ ਕਰੀਬ ਫਸਲ ਨੂੰ ਲੱਗੀ ਅੱਗ
ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ
ਗੁਰਦਾਸਪੁਰ (ਅਵਤਾਰ ਸਿੰਘ): ਗੁਰਦਾਸਪੁਰ ਦੇ ਪਿੰਡ ਮਾਨਕੋਰ ਵਿਚ ਅੱਠ ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਇਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਖੇਤਾਂ ਵਿਚ ਅੱਗ ਲੱਗ ਗਈ ਹੈ। ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਅੱਗ ਕਾਫੀ ਫੈਲ ਚੁੱਕੀ ਸੀ। ਤੇਜ਼ ਹਵਾ ਚੱਲਣ ਕਰਕੇ ਅੱਗ ’ਤੇ ਕਾਬੂ ਪਾਉਣਾ ਹੋਰ ਵੀ ਮੁਸ਼ਕਿਲ ਹੋ ਗਿਆ।
ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਤੋਂ ਬਾਅਦ ਕਰੀਬ ਇਕ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਅੱਗ ਦੀ ਲਪੇਟ ਵਿਚ ਆਉਣ ਨਾਲ ਕਿਸਾਨਾਂ ਦੀ ਅੱਠ ਏਕੜ ਦੇ ਕਰੀਬ ਫਸਲ ਬਰਬਾਦ ਹੋ ਚੁੱਕੀ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਕਿਸੇ ਨੇ ਸ਼ਰਾਰਤ ਕਰਦਿਆਂ ਖੇਤ ਵਿਚ ਅੱਗ ਲਗਾਈ ਸੀ।