ਕੁਦਰਤੀ ਸਰੋਤਾਂ ਦੀ ਰੱਖਿਆ ਲਈ ਮੱਕੀ ਦੀ ਬਜਾਏ ਕਰੋ ਮੂੰਗੀ ਦੀ ਕਾਸ਼ਤ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ 'ਚ ਬਹਾਰ ਅਤੇ ਗਰਮ ਰੁੱਤ ਦੌਰਾਨ ਮੱਕੀ ਅਤੇ ਮੂੰਗੀ ਦੀ ਕਾਸ਼ਤ ਕੀਤੀ ਜਾਂਦੀ ਹੈ ਪਰੰਤੂ ਕਿਸਾਨਾਂ ਦਾ ਜ਼ਿਆਦਾ ਰੁਝਾਨ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਵੱਲ ਹੈ...

Moong Farming

ਪੰਜਾਬ 'ਚ ਬਹਾਰ ਅਤੇ ਗਰਮ ਰੁੱਤ ਦੌਰਾਨ ਮੱਕੀ ਅਤੇ ਮੂੰਗੀ ਦੀ ਕਾਸ਼ਤ ਕੀਤੀ ਜਾਂਦੀ ਹੈ ਪਰੰਤੂ ਕਿਸਾਨਾਂ ਦਾ ਜ਼ਿਆਦਾ ਰੁਝਾਨ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਵੱਲ ਹੈ। ਬਹਾਰ ਰੁੱਤ ਦੀ ਮੱਕੀ ਜਨਵਰੀ-ਜੂਨ ਦੌਰਾਨ ਪੈਦਾ ਕੀਤੀ ਜਾਂਦੀ ਹੈ। ਅਪ੍ਰੈਲ-ਜੂਨ 'ਚ ਤਾਪਮਾਨ ਜ਼ਿਆਦਾ ਹੋਣ ਕਾਰਨ ਮੱਕੀ ਦੀ ਫ਼ਸਲ ਵਧੇਰੇ ਗਰਮੀ ਨਹੀਂ ਸਹਾਰ ਸਕਦੀ। ਜਿਸ ਕਰਕੇ ਵਾਰ-ਵਾਰ ਪਾਣੀ ਲਗਾਉਣ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਮੱਕੀ ਨੂੰ ਖਾਦ ਦੀ ਵੀ ਵਧੇਰੇ ਲੋੜ ਹੁੰਦੀ ਹੈ।

ਖਾਦਾਂ ਅਤੇ ਪਾਣੀ ਦੀ ਬੱਚਤ 'ਚ ਸਹਾਇਕ ਹੈ ਮੂੰਗੀ- ਬਹਾਰ ਰੁੱਤ ਦੀ ਮੱਕੀ ਦੀ ਥਾਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰ ਕੇ ਪਾਣੀ ਦੀ ਵੱਡੀ ਬੱਚਤ ਦੇ ਨਾਲ-ਨਾਲ ਜ਼ਮੀਨ ਦੀ ਸਿਹਤ 'ਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਦਾਲਾਂ ਪ੍ਰੋਟੀਨ, ਫਾਈਬਰ ਅਤੇ ਹੋਰ ਪੌਸ਼ਟਿਕ ਤੱਤਾਂ ਦਾ ਚੰਗਾ ਸਰੋਤ ਹੋਣ ਕਾਰਨ ਸੰਤੁਲਿਤ ਖ਼ੁਰਾਕ 'ਚ ਅਹਿਮ ਯੋਗਦਾਨ ਪਾਉਂਦੀਆਂ ਹਨ। ਦਾਲਾਂ ਕੈਂਸਰ, ਸ਼ੂਗਰ ਅਤੇ ਦਿਲ ਦੀਆਂ ਬੀਮਾਰਿਆਂ ਨਾਲ ਲੜਣ ਦੀ ਤਾਕਤ ਦਿੰਦੀਆਂ ਹਨ।

ਗਰਮ ਰੁੱਤ ਦੀ ਮੂੰਗੀ ਘੱਟ ਸਮਾਂ (60-65 ਦਿਨ), ਖਾਦ ਅਤੇ ਪਾਣੀ ਲੈਣ ਵਾਲੀ ਫ਼ਸਲ ਹੈ ਜਦਕਿ ਬਹਾਰ ਰੁੱਤ ਦੀ ਮੱਕੀ ਵੱਧ ਸਮਾਂ (120 ਦਿਨ), ਖਾਦ ਅਤੇ ਪਾਣੀ ਲੈਣ ਵਾਲੀ ਫ਼ਸਲ ਹੈ। ਆਲੂਆਂ ਤੋਂ ਬਾਅਦ ਮੱਕੀ/ਝੋਨਾ-ਆਲੂ-ਗਰਮੀ ਰੁੱਤ ਦੀ ਮੂੰਗੀ ਦੇ ਫ਼ਸਲੀ ਚੱਕਰ 'ਚ ਮੂੰਗੀ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਹੈ ਪਰ ਬਹਾਰ ਰੁੱਤ ਦੀ ਮੱਕੀ ਨੂੰ ਕਰੀਬ 110 ਕਿੱਲੋ ਯੂਰੀਆ, 55 ਕਿੱਲੋ ਡੀਏਪੀ ਅਤੇ 20 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉਣ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਗਰਮ ਰੁੱਤ ਦੀ ਮੂੰਗੀ ਕਰੀਬ 25 ਕਿੱਲੋ ਨਾਈਟ੍ਰੋਜਨ ਪ੍ਰਤੀ ਏਕੜ ਹਵਾ ਵਿੱਚੋਂ ਜ਼ਮੀਨ 'ਚ ਜਜ਼ਬ ਕਰਦੀ ਹੈ।

ਮੂੰਗੀ ਦੀ ਵਾਢੀ ਤੋਂ ਬਾਅਦ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤ 'ਚ ਵਾਹੁਣ ਨਾਲ ਅਗਲੀ (ਝੋਨੇ) ਫ਼ਸਲ ਵਿਚ ਇਕ-ਤਿਹਾਈ ਨਾਈਟ੍ਰੋਜਨ (ਕਰੀਬ 30 ਕਿੱਲੋ ਯੂਰੀਆ ਪ੍ਰਤੀ ਏਕੜ) ਦੀ ਬੱਚਤ ਹੁੰਦੀ ਹੈ। ਬਹਾਰ ਰੁੱਤ ਦੀ ਮੱਕੀ ਨੂੰ 15 ਤੋਂ 18 ਅਤੇ ਗਰਮ ਰੁੱਤ ਦੀ ਮੂੰਗੀ ਨੂੰ 3 ਤੋਂ 4 ਪਾਣੀਆਂ ਦੀ ਲੋੜ ਹੁੰਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਬਜਾਏ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰ ਕੇ ਕਿਸਾਨ 70 ਤੋਂ 80 ਫ਼ੀਸਦੀ ਤਕ ਪਾਣੀ ਦੀ ਬੱਚਤ ਕਰ ਸਕਦੇ ਹਨ।

ਉੱਨਤ ਕਿਸਮਾਂ- ਮੂੰਗੀ ਦੀਆਂ ਐੱਸਐੱਮਐੱਲ-1827, ਟੀਐੱਮਬੀ-37, ਐੱਸਐੱਮਐੱਲ-832 ਅਤੇ ਐੱਸਐੱਮਐੱਲ-668 ਕਿਸਮਾਂ ਬੀਜਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਕਿਸਮਾਂ 20 ਮਾਰਚ ਤੋਂ 10 ਅਪ੍ਰੈਲ ਤਕ ਬੀਜੀਆਂ ਜਾ ਸਕਦੀਆਂ ਹਨ।

ਬੀਜ ਦੀ ਮਾਤਰਾ- ਮੂੰਗੀ ਦੀ ਕਿਸਮ ਐੱਸਐੱਮਐੱਲ-668 ਲਈ 15 ਕਿੱਲੋ ਅਤੇ ਬਾਕੀ ਕਿਸਮਾਂ ਲਈ 12 ਕਿੱਲੋ ਬੀਜ ਪ੍ਰਤੀ ਏਕੜ ਬਿਜਾਈ ਲਈ ਕਾਫ਼ੀ ਹੈ।
ਬਿਜਾਈ ਦੇ ਢੰਗ- ਮੂੰਗੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 22.5 ਸੈਂਟੀਮੀਟਰ ਅਤੇ ਡੂੰਘਾਈ 4-6 ਸੈਂਟੀਮੀਟਰ ਰੱਖੋ। ਬਿਜਾਈ ਤੋਂ ਪਹਿਲਾਂ ਬੀਜ ਨੂੰ ਮਿਸ਼ਰਤ ਜੀਵਾਣੂ ਖਾਦ ਦੇ ਟੀਕੇ ਦੇ ਇਕ ਪੈਕਟ (ਰਾਈਜ਼ੋਬੀਅਮ ਐੱਲਐੱਸਐੱਮਆਰ-1 ਤੇ ਰਾਈਜ਼ੋਬੈਕਟੀਰੀਅਮ ਆਰਬੀ-3) ਲਗਾ ਲਵੋ।

ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ 'ਚ ਮੂੰਗੀ ਦੀ ਬਿਜਾਈ ਕਣਕ ਵਾਲੇ ਬੈੱਡ ਪਲਾਂਟਰ ਨਾਲ ਦੋ ਕਤਾਰਾਂ 20 ਸੈਂਟੀਮੀਟਰ ਫਾਸਲੇ ਅਤੇ 67.5 ਸੈਂਟੀਮੀਟਰ ਵਿੱਥ ਦੇ ਬੈੱਡਾਂ 'ਤੇ ਕਰ ਕੇ 20-30 ਫ਼ੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਆਲੂਆਂ ਤੋਂ ਬਾਅਦ ਮੱਕੀ/ਝੋਨਾ-ਆਲੂ-ਗਰਮੀ ਰੁੱਤ ਦੀ ਮੂੰਗੀ ਦੇ ਫ਼ਸਲੀ ਚੱਕਰ 'ਚ ਮੂੰਗੀ ਨੂੰ ਖਾਦ ਪਾਉਣ ਦੀ ਲੋੜ ਨਹੀਂ ਹੈ।

ਨਦੀਨਾਂ ਦਾ ਖ਼ਾਤਮਾ ਅਤੇ ਸਿੰਜਾਈ- ਨਦੀਨਾਂ ਦੇ ਖ਼ਾਤਮੇ ਲਈ ਦੋ ਗੋਡੀਆਂ ਬਿਜਾਈ ਤੋਂ 4 ਅਤੇ 6 ਹਫ਼ਤੇ ਬਾਅਦ ਕਰੋ। ਇਸ ਨੂੰ 3 ਤੋਂ 5 ਪਾਣੀ ਬਿਜਾਈ ਦੇ ਸਮੇਂ, ਜ਼ਮੀਨ ਮੁਤਾਬਕ ਅਤੇ ਬਾਰਸ਼ ਦੇ ਅਨੁਸਾਰ ਲਗਾਉਣ ਦੀ ਲੋੜ ਪੈਂਦੀ ਹੈ। ਫ਼ਸਲ ਦੇ ਇਕਸਾਰ ਪਕਾਅ ਲਈ ਫ਼ਸਲ ਨੂੰ ਅਖ਼ੀਰਲਾ ਪਾਣੀ ਬਿਜਾਈ ਤੋਂ 55 ਦਿਨਾਂ ਬਾਅਦ ਲਗਾਉਣਾ ਬੰਦ ਕਰ ਦੇਵੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।