ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਫ਼ਸਲਾਂ, ਸਬਜ਼ੀਆਂ ਦਾ ਭਾਰੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮਾਯੂਸ ਹੋ ਗਏ ਹਨ

File

ਚੰਡੀਗੜ੍ਹ- ਪੱਛਮੀ ਪੌਣਾਂ ਵਿਚ ਗੜਬੜੀ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਪਈ ਬੇਮੌਸਮੀ ਬਰਸਾਤ, ਝੁੱਲੇ ਝੱਖੜ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਕਣਕਾਂ ਦੀਆਂ ਜਵਾਨ ਫ਼ਸਲਾਂ ਲਿਟਾ ਦਿਤੀਆਂ ਹਨ, ਉਥੇ ਇਸ ਬਰਸਾਤ, ਝੱਖੜ ਅਤੇ ਗੜੇਮਾਰੀ ਕਾਰਨ ਆਲੂਆਂ ਦੀ ਫ਼ਸਲ, ਸਿਆਲੂ ਮੱਕੀ, ਤੇਲ ਬੀਜ ਫ਼ਸਲਾਂ, ਸਰੋਂ ਦੀ ਫ਼ਸਲ, ਸਬਜ਼ੀਆਂ ਅਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ।

ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮਾਯੂਸ ਹੋ ਗਏ ਹਨ, ਉਥੇ ਐਤਵਾਰ ਨੂੰ ਨਿਕਲੀ ਧੁੱਪ ਕਾਰਨ ਕੁਝ ਰਾਹਤ ਮਿਲੀ ਹੈ ਅਤੇ ਐਤਵਾਰ ਦੀ ਧੁੱਪ ਕਾਰਨ ਫ਼ਸਲਾਂ ਦਾ ਹੋਰ ਨੁਕਸਾਨ ਹੋਣ ਤੋਂ ਬਚਾਉ ਹੋ ਗਿਆ ਹੈ।  ਲਗਾਤਾਰ ਪਈ ਬਰਸਾਤ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫ਼ਸਲ ਜਿਥੇ ਬਰਸਾਤ ਕਾਰਨ ਖ਼ਰਾਬ ਹੋ ਰਹੀ ਹੈ, ਉਥੇ ਬਰਸਾਤ ਦੇ ਨਾਲ ਚਲੀਆਂ ਤੇਜ਼ ਹਵਾਵਾਂ ਕਾਰਨ  ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਡਿੱਗ ਪਈ ਹੈ, ਜਿਸ ਕਾਰਨ ਕਣਕ ਦਾ ਝਾੜ 20 ਤੋਂ 30 ਫ਼ੀ ਸਦੀ ਤਕ ਘਟ ਜਾਵੇਗਾ ਅਤੇ ਕਣਕ ਦਾ ਦਾਣਾ ਵੀ ਕਾਲਾ ਪੈ ਜਾਵੇਗ।

ਇਸ ਬਰਸਾਤ ਕਾਰਨ ਸਬਜੀਆਂ ਅਤੇ ਹੋਰ ਫ਼ਸਲਾਂ ਦੀ ਕਾਸਤ ਕਰਨ ਵਾਲੇ ਕਿਸਾਨਾਂ ਦੇ ਚੇਹਰੇ ਵੀ ਮਾਊਸੇ ਗਏ ਹਨ, ਕਿਉਂਕਿ ਇਸ ਬਰਸਾਤ ਕਾਰਨ ਸਬਜ਼ੀਆਂ ਅਤੇ ਹੋਰ ਫ਼ਸਲਾਂ ਵੀ ਖ਼ਰਾਬ ਹੋ ਗਈਆਂ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮੀ ਪੌਣਾਂ ਵਿਚ ਗੜਬੜੀ ਕਾਰਨ ਇਹ ਬਰਸਾਤ ਹੋ ਰਹੀ ਹੈ, ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਪੱਛਮੀਂ ਪੌਣਾਂ ਵਿਚ ਹੋਰ ਗੜਬੜੀ ਹੋਣ ਕਾਰਨ ਫਿਰ ਬਰਸਾਤ ਹੋਣ ਦੀ ਸੰਭਾਵਨਾ ਹੈ।

ਜਿਸ ਕਾਰਨ ਕਣਕ ਅਤੇ ਹੋਰ ਫ਼ਸਲਾਂ ਦੇ ਮੁੜ ਨੁਕਸਾਨ ਹੋਣ ਦਾ ਖਤਰਾ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਅਤੇ ਹੋਰ ਘੱਟ ਪਾਣੀ ਪੀਣ ਵਾਲੀਆਂ ਫ਼ਸਲਾਂ ਨੂੰ ਵਧੇਰੇ ਪਾਣੀ ਦੀ ਲੋੜ ਨਹੀਂ ਹੁੰਦੀ, ਜਿਸ ਕਾਰਨ ਇਹ ਫ਼ਸਲਾਂ ਘੱਟ ਪਾਣੀ ਵਿਚ ਪਲ ਜਾਂਦੀਆਂ ਹਨ, ਪਰ ਹੁਣ ਜਦੋਂ ਕਣਕ ਅਤੇ ਹੋਰ ਫ਼ਸਲਾਂ ਪੱਕਣ ਉਤੇ ਆਈਆਂ ਹੋਈਆਂ ਹਨ ਤਾਂ ਬੇਮੌਸਮੀ ਬਰਸਾਤ, ਤੇਜ਼ ਝੱਖੜ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸੁਪਨਿਆਂ ਉਤੇ ਪਾਣੀ ਫੇਰ ਦਿਤਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਕ ਤਾਂ ਪਹਿਲਾਂ ਹੀ ਖੇਤੀ ਖਰਚੇ ਬਹੁਤ ਵੱਧ ਗਏ ਹਨ, ਕੀੜੇਮਾਰ ਦਵਾਈਆਂ ਅਤੇ ਖਾਦਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ, ਦੂਜੇ ਪਾਸੇ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਹਰ ਖੇਤ ਨੂੰ ਇਕਾਈ ਮੰਨ ਦੇ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿਤਾ ਜਾਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।