ਕਿਸਾਨ ਸੰਗਠਨ ਨੇ ਸਰਕਾਰ ਨੂੰ ਸੋਕੇ ਬਾਰੇ ਦਿੱਤੀ ਚੇਤਾਵਨੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਦੇਸ਼ ਭਰ ਦੇ 200 ਤੋਂ ਜ਼ਿਆਦਾ ਕਿਸਾਨ ਸੰਗਠਨਾਂ ਦੇ ਗਠਜੋੜ ਨੇ ਦੇਸ਼ ਦੇ ਵੱਡੇ ਹਿੱਸੇ ਵਿਚ ਲਗਾਤਾਰ ਦੂਜੇ ਸਾਲ ਸੋਕਾ ਪੈਣ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਜ਼ਹਿਰ ਕੀਤੀ ਹੈ।

Drought

ਨਵੀਂ ਦਿੱਲੀ: ਦੇਸ਼ ਭਰ ਦੇ 200 ਤੋਂ ਜ਼ਿਆਦਾ ਕਿਸਾਨ ਸੰਗਠਨਾਂ ਦੇ ਗਠਜੋੜ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ(AIKSCC) ਨੇ ਦੇਸ਼ ਦੇ ਵੱਡੇ ਹਿੱਸੇ ਵਿਚ ਲਗਾਤਾਰ ਦੂਜੇ ਸਾਲ ਸੋਕਾ ਪੈਣ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਜ਼ਹਿਰ ਕੀਤੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ 20 ਜੂਨ ਨੂੰ ਜਾਰੀ ਕੀਤੀ ਗਈ ਚੇਤਾਵਨੀ ਅਨੁਸਾਰ ਸ਼ੁਰੂਆਤੀ ਦਿਨਾਂ ਵਿਚ ਮਾਨਸੂਨ ਨੇ ਹਲਕੀ ਸ਼ੁਰੂਆਤ ਕੀਤੀ ਹੈ ਅਤੇ ਲੰਬੇ ਸਮੇਂ ਬਾਅਦ ਬਾਰਿਸ਼ ਵਿਚ 43 ਫੀਸਦੀ ਦੀ ਕਮੀਂ ਦੇਖੀ ਗਈ ਹੈ।

ਆਈਆਈਟੀ ਗਾਂਧੀਨਗਰ ਵੱਲੋਂ ਸੋਕੇ ਨੂੰ ਲੈ ਕੇ ਜਾਰੀ ਕੀਤੀ ਜਾਣ ਵਾਲੀ ਚੇਤਾਵਨੀ ਅਨੁਸਾਰ ਪਿਛਲੇ ਕੁਝ ਮਾਨਸੂਨਾਂ ਦੇ ਕਮਜ਼ੋਰ ਹੋਣ ਕਾਰਨ ਅਤੇ ਇਸ ਸਾਲ ਵੀ ਕਮਜ਼ੋਰ ਮਾਨਸੂਨ ਹੋਣ ਕਾਰਨ ਪਹਿਲਾਂ ਤੋਂ ਹੀ 46 ਫੀਸਦੀ ਸੋਕੇ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਹੋਰ ਵੀ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।AIKSCC ਨੇ ਕਿਹਾ ਕਿ ਦੇਸ਼ ਭਰ ਵਿਚ ਪਾਣੀ ਦੇ ਸੰਕਟ ਨੂੰ ਲੈ ਕੇ ਵੱਡੀ ਗਿਣਤੀ ਵਿਚ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ, ਜਿਸ ਕਾਰਨ ਜੀਵ-ਜੰਤੂ ਮਰ ਰਹੇ ਹਨ ਅਤੇ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ।

2018 ਦੀ ਤੁਲਨਾ ਵਿਚ ਇਸ ਸਾਲ 14 ਜੂਨ ਤੱਕ ਬਿਜਾਈ ਵਿਚ 9 ਫੀਸਦੀ ਅਤੇ ਦਾਲਾਂ ਦੀ ਬਿਜਾਈ ਵਿਚ 50 ਫੀਸਦੀ ਦੀ ਕਮੀਂ ਆਈ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮਹੀਨੇ ਵਿਚ ਕਮਜ਼ੋਰ ਮਾਨਸੂਨ ਦੇ ਖਤਰੇ ਨੂੰ ਦੇਖਦੇ ਹੋਏ AIKSCC ਨੇ ਸੋਕਾ ਐਲਾਨ ਕਰਨ ਵਿਚ ਦੇਰੀ ਨਾ ਕਰਨ ਦੀ ਅਪੀਲ ਕੀਤੀ। AIKSCC ਦਾ ਕਹਿਣਾ ਹੈ ਕਿ ਉਹਨਾਂ ਸਾਰਿਆਂ ਜ਼ਿਲ੍ਹਿਆਂ ਵਿਚ ਸੋਕੇ ਦਾ ਐਲਾਨ ਕਰਨਾ ਚਾਹੀਦਾ ਹੈ ਜਿੱਥੇ ਬਿਜਾਈ ਜੂਨ ਮਹੀਨੇ ਵਿਚ 50 ਫੀਸਦੀ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈ।

ਇਸ ਦੇ ਨਾਲ ਹੀ ਕਿਸਾਨ ਸੰਗਠਨ ਨੇ ਕੇਂਦਰ ਵੱਲੋਂ ਇਕ ਖ਼ਾਸ ਪੈਕੇਜ ਐਲਾਨ ਕੀਤੇ ਜਾਣ, ਗ਼ੈਰ ਸਿੰਜਾਈਯੋਗ ਜ਼ਮੀਨ ਲਈ ਸਬਸਿਡੀ ਦੇਣ ‘ਤੇ 10 ਹਜ਼ਾਰ ਪ੍ਰਤੀ ਏਕੜ ਕਰਨ ਅਤੇ ਮਨਰੇਗਾ ਤਹਿਤ ਰੁਜ਼ਗਾਰ ਦੇ ਦਿਨਾਂ ਦੀ ਗਿਣਤੀ ਵਧਾ ਕੇ 150 ਕਰਨ ਦੀ ਮੰਗ ਕੀਤੀ ਹੈ।ਏਆਈਕੇਐਸਸੀਸੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਵਿਚ ਹੋ ਰਹੀ ਦੇਰੀ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਰਾਸ਼ੀ ਸਮੇਂ ਸਿਰ ਅਤੇ ਪੂਰੀ ਦਿੱਤੀ ਜਾਣੀ ਚਾਹੀਦੀ ਹੈ।