ਇਹ ਕਿਸਾਨ ਅੱਧਾ ਏਕੜ ਕੇਸਰ ਦੀ ਖੇਤੀ ਤੋਂ ਲੈ ਰਿਹੈ 70-80 ਲੱਖ ਦਾ ਮੁਨਾਫ਼ਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਗੁਰਸ਼ਰਨ ਸਿੰਘ ਨੇ ਆਪਣੇ ਅੱਧੇ ਏਕੜ ਖੇਤ ‘ਚ ਕੇਸਰ ਦੀ ਖੇਤੀ...

Kissan Gursharan Singh

ਚੰਡੀਗੜ੍ਹ: ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਗੁਰਸ਼ਰਨ ਸਿੰਘ ਨੇ ਆਪਣੇ ਅੱਧੇ ਏਕੜ ਖੇਤ ‘ਚ ਕੇਸਰ ਦੀ ਖੇਤੀ ਕੀਤੀ ਹੈ, ਜਿਸ ਦੇ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆਏ ਹਨ। ਮਾਲਵੇ ਦੀ ਧਰਤੀ ‘ਤੇ ਪਹਿਲੀ ਵਾਰ ਕੇਸਰ ਦੀ ਖੇਤੀ ਕੀਤੀ ਗਈ ਹੈ। ਇਸ ਸਬੰਧੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਤੋਂ ਪਤਾ ਲਗਾ ਸੀ ਕਿ ਕੇਸਰ ਦੀ ਖੇਤੀ ਵੀ ਕੀਤੀ ਜਾਂਦੀ ਹੈ

ਜਿਸ ਤੋਂ ਬਾਅਦ ਉਨ੍ਹਾਂ ਨੇ 50,000 ਦੇ ਕੇਸਰ ਦਾ ਬੀਜ ਮੰਗਵਾ ਕੇ ਆਪਣੇ ਖੇਤ ਵਿਚ ਬੀਜੇ। ਕਿਸਾਨ ਨੇ ਦੱਸਿਆ ਕਿ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਬਿਜਾਈ ਕੀਤੀ ਗਈ ਸੀ ਅਤੇ ਮਾਰਚ ਦੇ ਅਖੀਰ ਤੱਕ ਕੇਸਰ ਦੇ ਫੁੱਲ ਤਿਆਰ ਹੋ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਕੇਸਰ ਦੀ ਖੇਤੀ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲਿਆ ਹੈ, ਉਹ ਅੱਧਾ ਏਕੜ ਕੇਸਰ ਦੀ ਖੇਤੀ ਤੋਂ ਲੈ 70-80 ਲੱਖ ਦਾ ਮੁਨਾਫ਼ਾ ਲੈ ਰਹੇ ਹਨ, ਇਸ ਲਈ ਦੂਜੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਖੇਤਾਂ ਵਿਚ ਕੇਸਰ ਦੀ ਬਿਜਾਈ ਕਰਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਹੀ ਚੰਗੀ ਆਮਦਨੀ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਫਸਲ ਨੂੰ ਤੇਜ ਮੀਂਹ ਹਨ੍ਹੇਰੀ ਤੋਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੈ। ਇਸ ਬਿਜਾਈ ਤੋਂ ਬਾਅਦ ਸਿਰਫ ਪਾਣੀ ਹੀ ਦਿੱਤਾ ਅਤੇ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਨਹੀਂ ਕੀਤੀ ਗਈ। ਇਸ ‘ਤੇ ਸਿਰਫ ਖੱਟੀ ਲੱਸੀ ਦਾ ਛਿੜਕਾਓ ਕੀਤਾ ਗਿਆ ਹੈ ਅਤੇ ਹੁਣ ਕੇਸਰ ਦੇ ਫੁੱਲ ਲੱਗਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੀ ਤੋੜ ਕੇ ਉਨ੍ਹਾਂ ਦੀ ਮਾਰਕੀਟਿੰਗ ਕੀਤੀ ਜਾਵੇਗੀ।

ਕੀ ਹੈ ਕੇਸਰ ਦੀ ਖੇਤੀ ਦਾ ਅਸਲੀ ਸੱਚ

ਪਰ ਚਰਚਾ ਇਹ ਹੈ ਕਿ ਇਹ ਫ਼ਸਲ ਕੇਸਰ ਨਹੀਂ ਬਲਕਿ ਕਸੁੰਭੜਾ ਨਾਂਅ ਦੀ ਹੈ ਤੇ ਪ੍ਰਚਾਰ ਤੋਂ ਪ੍ਰਭਾਵਿਤ ਕਿਸਾਨ ਮਹਿੰਗੇ ਭਾਅ ਬੀਜ ਖ਼ਰੀਦ ਕੇ ਇਸ ਦੀ ਕਾਸ਼ਤ ਕਰਨ ਲੱਗੇ ਹੋਏ ਹਨ। ਕਸੁੰਬੜਾ ਨੂੰ ਜੰਗਲੀ ਪੋਹਲੀ (Wild Safflower) ਵੀ ਕਹਿੰਦੇ ਹਨ। ਕਸੁੰਬੜੇ ਦੇ ਬੀਜ ਦੀ ਕੀਮਤ 30 ਤੋਂ 40 ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ ਤੇ ਏਕੜ ਵਿੱਚ 6 ਕਿੱਲੋ ਬੀਜ ਨਾਲ ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ ਤੋਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਬਿਜਾਈ ਕੀਤੀ ਜਾਂਦੀ ਹੈ। ਇਸ ਫ਼ਸਲ ਦੇ ਬੀਜਾਂ ਦਾ ਤੇਲ ਸਫੋਲਾ ਦੇ ਨਾਮ ਨਾਲ ਬਜ਼ਾਰ ਵਿੱਚ ਆਮ ਮਿਲਦਾ ਹੈ।

ਇਸ ਦੇ ਫੁੱਲਾਂ ਦੀਆਂ ਕੇਸਰ ਰੰਗੀਆਂ ਪੱਤੀਆਂ (Petals, Corolla) ਨੂੰ ਖਾਧ ਪਦਾਰਥਾਂ ਦੀ ਰੰਗਾਈ ਤੇ ਕੱਪੜੇ ਦੀ ਰੰਗਾਈ ਤੋਂ ਇਲਾਵਾ ਕੁੱਝ ਕੁ ਦਵਾਈਆਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸੁੱਕੀਆਂ ਪੱਤੀਆਂ ਨੂੰ ਕੇਸਰ ਵਿੱਚ ਮਿਲਾਵਟ ਕਰਕੇ ਵੀ ਵੇਚਿਆ ਜਾਂਦਾ ਹੈ। ਇਹ ਸੁੱਕੀਆਂ ਪੱਤੀਆਂ 800 ਰੁਪਏ ਤੋਂ ਇੱਕ 1000 ਰੁਪਏ ਪ੍ਰਤੀ ਕਿਲੋਗਰਾਮ ਦੀ ਕੀਮਤ ਤੇ ਵਿਕਦੀਆਂ ਹਨ ਜਦੋਂ ਕਿ ਕੇਸਰ ਦਾ 2.5 ਲੱਖ ਰੁਪਏ ਪ੍ਰਤੀ ਕਿਲੋਗਰਾਮ ਦੇ ਲੱਗਭੱਗ ਹੁੰਦੈ।

ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਜਦ ਕੇਸਰ ਦੇ ਨਾਂਅ ਹੇਠ ਕਸੁੰਭੜਾ ਫ਼ਸਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜ਼ਿਲ੍ਹਾ ਅਧਿਕਾਰੀ ਸਥਿਤੀ ਸਪੱਸ਼ਟ ਕਰਨ ਜੇ ਵਾਕਿਆ ਇਹ ਫ਼ਸਲ ਏਨੀ ਆਮਦਨ ਦਿੰਦੀ ਹੈ ਤਾਂ ਲੋਕਾਂ ਨੂੰ ਜਾਗਰੂਕ ਕਰਨ ਤੇ ਇਸ ਦੀ ਬਿਜਾਈ ਕਰਨ ਦੀ ਪ੍ਰੇਰਨਾ ਦੇਣ।