ਕਿਸਾਨਾਂ ਨੂੰ ਮਿਲਿਆ ਸਫਾਈ ਸੇਵਕਾਂ ਦਾ ਸਾਥ, ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਬਿੱਲ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੂੰ ਮਜ਼ਦੂਰ, ਕਲਾਕਾਰਾਂ, ਸਮਾਜਕ, ਧਾਰਮਿਕ ਜਥੇਬੰਦੀਆਂ ਦਾ ਮਿਲ ਰਿਹਾ ਪੂਰਾ ਸਮਰਥਨ

Sweepers support farmer's protest

ਮੁਕਤਸਰ ਸਾਹਿਬ (ਸੋਨੂੰ ਖੇੜਾ): ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਵਿਚ ਹਰੇਕ ਵਰਗ ਦੇ ਲੋਕਾਂ ਵੱਲੋਂ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਸੂਬੇ ਦੇ ਸਫ਼ਾਈ ਸੇਵਕ ਵੀ ਕਿਸਾਨਾਂ ਦੇ ਸਮਰਥਨ ਵਿਚ ਨਿੱਤਰੇ ਹਨ। ਮੁਕਤਸਰ ਸਾਹਿਬ ਵਿਖੇ ਸਫਾਈ ਸੇਵਕ ਯੂਨੀਅਨ ਵੱਲੋਂ ਖੇਤੀ ਬਿਲਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਇਸ ਦੌਰਾਨ ਸਫਾਈ ਸੇਵਕ ਯੂਨੀਅਨ ਦੇ ਜਨਰਲ ਸਕੱਤਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਲ ਕਿਸਾਨਾਂ ਦੇ ਵਿਰੋਧ ਵਿਚ ਹਨ, ਇਹੀ ਕਾਰਨ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਫਾਈ ਸੇਵਕ ਯੂਨੀਅਨ ਪੰਜਾਬ ਵੱਲ਼ੋਂ ਵੱਖ-ਵੱਖ ਸਹਿਰਾਂ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਕਿਸਾਨਾਂ ਦੀ ਇਸ ਲੜਾਈ ਵਿਚ ਸਫਾਈ ਸੇਵਕਾਂ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਹ ਬਿਲ ਰੱਦ ਨਹੀਂ ਕੀਤੇ ਤਾਂ ਉਹਨਾਂ ਦਾ ਸੰਘਰਸ਼ ਹੋਰ ਅੱਗੇ ਤੱਕ ਜਾਵੇਗਾ। ਸਫਾਈ ਸੇਵਕ ਯੂਨੀਅਨ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿਲ ਪੰਜਾਬ ਦੇ ਕਿਸਾਨਾਂ ਦੇ ਹੱਕਾਂ ‘ਤੇ ਹਮਲਾ ਹੈ ਤੇ ਇਹਨਾਂ ਬਿਲਾਂ ਨਾਲ ਵਪਾਰੀ ਵਰਗ ਹੋਰ ਮਜ਼ਬੂਤ ਹੋਵੇਗਾ, ਇਸ ਲਈ ਇਹਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਘਰਸ਼ ਲੜਿਆ ਜਾਵੇਗਾ।

ਇਸ ਦੇ ਲਈ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਤੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਬਿਲਾਂ ਦਾ ਵਿਰੋਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ ਵਿਰੋਧੀ ਬਿਲਾਂ ਖ਼ਿਲਾਫ਼ ਅੱਜ ਪੰਜਾਬ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਆਵਾਜਾਈ ਠੱਪ ਹੈ। ਇਸ ਤੋਂ ਇਲਾਵਾ ਬੱਸਾਂ ਦਾ  ਵੀ ਚੱਕਾ ਜਾਮ ਰਿਹਾ। ਕਿਸਾਨ ਭਰਾਵਾਂ ਦੇ ਬੰਦ ਦੇ ਸੱਦੇ ਨੂੰ ਮਜ਼ਦੂਰ, ਕਲਾਕਾਰਾਂ, ਸਮਾਜਕ, ਧਾਰਮਿਕ  ਅਤੇ ਹੋਰ ਜਥੇਬੰਦੀਆਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।