ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਨੂੰ ਲੈ ਕੇ ਕੀਤੇ ਪ੍ਰਬੰਧਾਂ ਦੇ ਦਾਅਵੇ ਠੁੱਸ
ਸਰਕਾਰ ਵੱਲੋਂ ਉਹਨਾਂ ਦੀ ਕੋਈ ਮਦਦ...
ਜਲਾਲਾਬਾਦ: ਪੰਜਾਬ ਵਿਚ ਹਾੜੀ ਦੀ ਫ਼ਸਲ ਦਾ ਸੀਜ਼ਨ ਤਾਂ ਪੂਰਾ ਹੋ ਚੁੱਕਾ ਹੈ ਤੇ ਹੁਣ ਸ਼ੁਰੂ ਹੋ ਰਿਹਾ ਹੈ ਸਾਉਣੀ ਦਾ ਸੀਜ਼ਨ। ਝੋਨੇ ਨੂੰ ਲੈ ਕੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਸਰਕਾਰ ਨੇ ਝੋਨੇ ਨੂੰ ਲੈ ਕੇ ਕੋਈ ਚੰਗੇ ਪ੍ਰਬੰਧ ਨਹੀਂ ਕੀਤੇ ਹਨ। ਇਕ ਕਿਸਾਨ ਜਿਸ ਦਾ ਨਾਮ ਗੁਰਵਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਮੈਂਬਰ ਹਨ।
ਉਹਨਾਂ ਦਾ ਕਹਿਣਾ ਹੈ ਹੁਣ ਪੰਜਾਬ ਵਿਚ ਲੈਬਰ ਦੀ ਕਮੀ ਹੋਣ ਕਾਰਨ ਸਰਕਾਰ ਨੇ 10 ਤੋਂ ਝੋਨੇ ਦੀ ਬਜਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਪਿਛਲੀ ਵਾਰ 13 ਜੂਨ ਨੂੰ ਝੋਨਾ ਸ਼ੁਰੂ ਕੀਤਾ ਗਿਆ ਸੀ। ਪਰ ਹੁਣ ਸਮੱਸਿਆ ਇਹ ਹੈ ਕਿ ਝੋਨੇ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਨਹਿਰਾਂ ਦੀ ਸਫ਼ਾਈ ਦਾ ਵੀ ਕੋਈ ਪਤਾ ਨਹੀਂ ਹੈ ਇਹ ਕਦੋਂ ਤੇ ਕਿਵੇਂ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਹਰ ਸਾਲ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਜਦੋਂ ਦਰਿਆ ਵਿਚ ਪਾਣੀ ਜ਼ਿਆਦਾ ਹੋ ਜਾਂਦਾ ਹੈ ਤਾਂ ਵੀ ਫਾਜ਼ਿਲਕਾ, ਫਿਰੋਜ਼ਪੁਰ, ਜਲਾਲਾਬਾਦ ਦੇ ਇਲਾਕੇ ਹੀ ਡੁੱਬਦੇ ਹਨ। ਉਹਨਾਂ ਵੱਲ ਕਦੇ ਪਾਣੀ ਨਹੀਂ ਆਇਆ ਕਿਉਂ ਕਿ ਨਹਿਰਾਂ ਦੀ ਸਫਾਈ ਹੀ ਨਹੀਂ ਕੀਤੀ ਜਾਂਦੀ ਤਾਂ ਪਾਣੀ ਕਿਥੋ ਆਵੇਗਾ। ਉਲਟਾ ਸਰਕਾਰ ਕਿਸਾਨਾਂ ਤੇ ਇਲਜ਼ਾਮ ਲਗਾਉਂਦੀ ਹੈ ਕਿ ਪਾਣੀ ਡੂੰਘਾ ਜਾ ਰਿਹਾ ਹੈ ਤੇ ਇਸ ਦਾ ਜ਼ਿੰਮੇਵਾਰ ਵੀ ਕਿਸਾਨ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਨਹਿਰਾਂ ਦਾ ਪਾਣੀ ਪੂਰਾ ਦੇਵੇ ਤੇ ਫਿਰ ਪਾਣੀ ਡੂੰਘਾ ਨਹੀਂ ਹੋਵੇਗਾ। ਉਹਨਾਂ ਨੇ ਸਰਕਾਰ ਤੋਂ ਇਹੀ ਮੰਗ ਕੀਤੀ ਹੈ ਕਿ ਨਹਿਰਾਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਝੋਨਾ ਲਗਾਉਣ ਵਿਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।
ਦਸ ਦਈਏ ਕਿ ਸ੍ਰੀ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਪੰਜਾਬ ਅਤੇ ਡਿਪਟੀ ਕਮਿਸਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਘੱਟ ਸਮਾਂ ਅਤੇ ਘੱਟ ਪਰਾਲੀ ਵਾਲੇ ਝੋਨੇ ਦੀਆਂ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਲੰਮਾ ਸਮਾਂ ਅਤੇ ਵੱਧ ਪਰਾਲੀ ਵਾਲੀਆਂ ਝੋਨੇ ਦੀਆਂ ਗ਼ੈਰ ਪ੍ਰਮਾਣਿਤ ਕਿਸਮਾਂ ਜਿਵੇਂ ਕਿ ਪੂਸਾ-44, ਪੀਲੀ ਪੂਸਾ, ਡੋਗਰ ਪੂਸਾ, ਮੁੱਛਲ-1401 ਆਦਿ ਦੀ ਬਿਜਾਈ ਨਾਂ ਕੀਤੀ ਜਾਵੇ, ਕਿਉਂਕਿ ਇਹ ਕਿਸਮਾਂ ਪਾਣੀ ਦੀ ਵੱਧ ਖਪਤ ਦੇ ਨਾਲ-ਨਾਲ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਵੀ ਲਪੇਟ ’ਚ ਜ਼ਿਆਦਾ ਆਉਂਦੀਆਂ ਹਨ ਅਤੇ ਝੋਨੇ ਦੀਆਂ ਫ਼ਸਲਾਂ ਵੀ ਵੱਧ ਸਪਰੇਆਂ ਕਰਨੀਆਂ ਪੈਂਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।