ਡੀ.ਸੀ. ਵਲੋਂ ਟਿੱਡੀ ਦਲ ਤੋਂ ਫ਼ਸਲਾਂ ਬਚਾਉਣ ਲਈ ਜ਼ਿਲ੍ਹੇ 'ਚ ਵਿਚ ਐਕਸ਼ਨ ਪਲਾਨ ਤਿਆਰ ਕਰਨ ਦੀ ਹਦਾਇਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਛਿੜਕਾਅ ਲਈ ਸਾਰਾ ਸਾਜ਼ੋ-ਸਾਮਾਨ ਤਿਆਰ ਰੱਖਣ ਦੇ ਨਿਰਦੇਸ਼

File

ਨਵਾਂਸ਼ਹਿਰ: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਟਿੱਡੀ ਦਲ ਦੇ ਸੰਭਾਵਿਤ ਖ਼ਤਰੇ ਦੀਆਂ ਚਿਤਾਵਨੀਆਂ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਉਣ ਦੇ ਲਈ ਅੱਜ ਮੀਟਿੰਗ ਕਰਕੇ ਐਕਸ਼ਨ ਪਲਾਨ ਤਿਆਰ ਕਰਨ ਦੀ ਹਦਾਇਤ ਕੀਤੀ ਗਈ। ਮੀਟਿੰਗ 'ਚ ਖੇਤੀਬਾੜੀ ਵਿਭਾਗ, ਬਾਗ਼ਬਾਨੀ ਵਿਭਾਗ ਨੂੰ ਨੋਡਲ ਵਿਭਾਗਾਂ ਵਜੋਂ ਕੰਮ ਕਰਨ ਦੀ ਹਦਾਇਤ ਦਿੱਤੀਆਂ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਹੋਰਨਾਂ ਵਿਭਾਗਾਂ ਜਿਵੇਂ ਕਿ ਪੇਂਡੂ ਵਿਕਾਸ ਤੇ ਪੰਚਾਇਤ, ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਾਇਰ ਬ੍ਰਿਗੇਡ, ਸਹਿਕਾਰਤਾ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸਿਹਤ ਵਿਭਾਗ, ਜਨ ਸਿਹਤ, ਪਾਵਰਕਾਮ ਨੂੰ ਇਨ੍ਹਾਂ ਦੋਵੇਂ ਨੋਡਲ ਵਿਭਾਗਾਂ ਦੀ ਸਹਾਇਤਾ ਲਈ ਤਿਆਰ ਰਹਿਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਤਿੰਨਾਂ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟ੍ਰੇਟ ਆਪੋ ਆਪਣੇ ਇਲਾਕਿਆਂ ਦੇ ਨੋਡਲ ਅਫ਼ਸਰ ਹੋਣਗੇ ਅਤੇ ਬਲਾਕ ਪੱਧਰ 'ਤੇ ਟਿੱਡੀ ਦਲ ਦੇ ਟਾਕਰੇ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦੀ ਨਿਗਰਾਨੀ ਰੱਖਣਗੇ।

ਮੀਟਿੰਗ 'ਚ ਸ਼ਾਮਿਲ ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਰਾਜਸਥਾਨ ਵਿੱਚ ਟਿੱਡੀ ਦਲ ਵੱਲੋਂ ਫ਼ਸਲਾਂ 'ਤੇ ਹਮਲਾ ਕਰਨ ਬਾਅਦ ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਹਮਲੇ ਦਾ ਡਰ ਪਾਇਆ ਜਾ ਰਿਹਾ ਹੈ ਪਰੰਤੂ ਕਈ ਵਾਰ ਹਵਾ ਦੇ ਰੁੱਖ ਨਾਲ ਇਹ ਟਿੱਡੀ ਦਲ ਇਨ੍ਹਾਂ ਜ਼ਿਲ੍ਹਿਆਂ ਤੋਂ ਹੋਰਨੀ ਥਾਂਈਂ ਵੀ ਆ ਸਕਦਾ ਹੈ, ਜਿਸ ਲਈ ਸਾਨੂੰ ਤਿਆਰੀ ਕਰਕੇ ਰੱਖਣ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮੁੱਖ ਖੇਤੀਬਾੜੀ ਅਫ਼ਸਰ ਤੇ ਸਹਾਇਕ ਡਾਇਰੈਕਟਰ ਬਾਗ਼ਬਾਨੀ ਇਸ ਮੁਹਿੰਮ ਵਿੱਚ ਬਤੌਰ ਨੋਡਲ ਵਿਭਾਗ ਕੰਮ ਕਰਨਗੇ ਅਤੇ ਦੂਸਰੇ ਸਾਰੇ ਵਿਭਾਗਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਣਗੇ। ਉਹ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦਾ ਇੱਕ ਵਟਸਐੱਪ ਗਰੁੱਪ ਬਣਾਉਣਗੇ, ਜਿਸ ਵਿੱਚ ਟਿੱਡੀ ਦਲ ਨਾਲ ਜੁੜੀਆਂ ਸਾਰੀਆਂ ਸੂਚਨਾਵਾਂ ਨੂੰ ਸਾਂਝਾ ਕੀਤਾ ਜਾਵੇਗਾ ਤਾਂ ਜੋ ਤਿਆਰੀ ਹੋਰ ਮਜ਼ਬੂਤ ਹੋ ਸਕੇ।ਉਨ੍ਹਾਂ ਨੇ ਮੀਟਿੰਗ 'ਚ ਸ਼ਾਮਿਲ ਮਾਰਕਫ਼ੈਡ ਦੇ ਜ਼ਿਲ੍ਹਾ ਮੈਨੇਜਰ ਨੂੰ ਜ਼ਿਲ੍ਹੇ ਲਈ ਜ਼ਰੂਰਤ ਅਨੁਸਾਰ ਛਿੜਕਾਅ ਵਾਲੇ ਰਸਾਇਣ ਦਾ ਭੰਡਾਰ ਰੱਖਣ ਲਈ ਕਿਹਾ।

ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਮਾਰਕੀਟ ਕਮੇਟੀ ਦੀਆਂ ਗੱਡੀਆਂ, ਕਿਸਾਨਾਂ ਕੋਲ ਮੌਜੂਦ ਸਪਰੇਅ ਪੰਪ, ਰਾਤ ਨੂੰ ਆਪਰੇਸ਼ਨ ਚਲਾਉਣ ਦੇ ਲਈ ਪੁਲਿਸ ਵਿਭਾਗ ਦੀਆਂ ਸਰਚ ਲਾਈਟਾਂ ਸਮੇਤ ਸਾਰੇ ਸਮਾਨ ਦੀਆਂ ਸੂਚੀਆਂ ਤਿਆਰ ਰੱਖਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਜਨ ਸਿਹਤ ਵਿਭਾਗ ਲੋੜ ਵਾਲੀ ਥਾਂ 'ਤੇ ਪਾਣੀ ਦੀ ਆਪਣੀ ਟੈਂਕੀਆਂ 'ਚ ਸਪਲਾਈ, ਪਾਵਰਕਾਮ ਮੋਟਰਾਂ ਚਲਾਉਣ ਲਈ ਬਿਜਲੀ ਸਪਲਾਈ ਦਾ ਪ੍ਰਬੰਧ ਕਰਕੇ ਰੱਖਣਗੇ।

ਇਸ ਮੌਕੇ ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਪੀ (ਐਚ) ਮਨਵਿੰਦਰਬੀਰ ਸਿੰਘ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਡੀ ਐਮ ਬੰਗਾ ਦੀਪਜੋਤ ਕੌਰ, ਡੀ ਆਰ ਓ ਵਿਪਿਨ ਭੰਡਾਰੀ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।