ਝੋਨੇ ਦੀ ਸਿੱਧੀ ਲੁਆਈ ਵਾਲੀ ਯੋਜਨਾ ਸਫ਼ਲ ਹੋਣ ਲੱਗੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਮੁੜੇ ਪੀਏਯੂ ਦੀ ਸਿੱਧੀ ਤੇ ਮਸ਼ੀਨੀ ਬਿਜਾਈ ਵਲ

File Photo

ਚੰਡੀਗੜ੍ਹ  : ਪੀਏਯੂ ਦੀ ਝੋਨੇ ਦੀ ਸਿੱਧੀ ਬਿਜਾਈ ਦੀ ਯੋਜਨਾ ਇਸ ਵਾਰ ਸਫ਼ਲ ਹੋਣ ਲੱਗੀ ਹੈ। ਪਰਵਾਸੀ ਮਜ਼ਦੂਰਾਂ ਦੇ ਪਲਾਇਨ ਕਾਰਨ ਕਿਸਾਨ ਇਸ ਵਾਰ ਸਿੱਧੀ ਬਿਜਾਈ ਲਈ ਮਜ਼ਬੂਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪੀਏਯੂ ਕਈ ਸਾਲਾਂ ਤੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਦੀ ਨਵੀਂ ਤਕਨੀਕ ਨਾਲ ਝੋਨਾ ਲਾਉਣ ਲਈ ਪ੍ਰੇਰਿਤ ਕਰ ਰਹੀ ਸੀ ਪਰ ਕਿਸਾਨ ਮਜ਼ਦੂਰਾਂ ਤੋਂ ਹੱਥੀਂ ਝੋਨਾ ਲਵਾਉਣ ਦੀ ਪਰੰਪਰਾ ਛੱਡਣ ਲਈ ਤਿਆਰ ਨਹੀਂ ਸਨ ਹੋ ਰਹੇ।

ਕੋਰੋਨਾ ਦੀ ਮਹਾਂਮਾਰੀ ਭਾਵੇਂ ਮਨੁੱਖੀ ਜਾਨਾਂ ਲਈ ਤਾਂ ਘਾਤਕ ਬਣ ਕੇ ਸਾਹਮਣੇ ਆਈ ਹੈ, ਪਰ ਇਸ ਮਹਾਂਮਾਰੀ ਕਾਰਨ ਪੈਦਾ ਹੋਏ ਪਰਵਾਸੀ ਮਜ਼ਦੂਰਾਂ ਦੇ ਸੰਕਟ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਲੁਆਈ ਵੱਲ ਮੋੜ ਦਿਤਾ ਹੈ। ਪੀਏਯੂ ਦੀ ਇਸ ਯੋਜਨਾ ਦੇ ਸਫ਼ਲ ਹੋਣ ਨਾਲ ਕਈ ਫ਼ਾਇਦੇ ਹੋਣਗੇ। ਪਹਿਲਾ ਲਾਭ ਜਿਥੇ ਪਾਣੀ ਦੀ ਬਚਤ ਹੋਵੇਗੀ, ਉਥੇ ਕਿਸਾਨਾਂ ਦਾ ਸਮਾਂ ਵੀ ਬਚੇਗਾ।

ਮਜ਼ਦੂਰੀ ਦਾ ਖਰਚਾ ਵੀ ਘਟੇਗਾ। ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਸਥਾਨਕ ਮਜ਼ਦੂਰ ਦੁਗਣੇ ਰੇਟ ਮੰਗ ਰਹੇ ਹਨ, ਇਸ ਕਰ ਕੇ ਵੀ ਕਿਸਾਨ ਮਸ਼ੀਨਾਂ ਰਾਹੀਂ ਲੁਆਈ ਵਾਲੇ ਪਾਸੇ ਨਾ ਚਾਹੁੰਦੇ ਹੋਏ ਵੀ ਜੁੜ ਰਹੇ ਹਨ। ਸੂਬੇ ਵਿਚ ਪ੍ਰਾਪਤ ਰੀਪੋਰਟਾਂ ਮੁਤਾਬਕ ਪੀ.ਏ.ਯੂ. ਵਲੋਂ ਕਿਸਾਨਾਂ ਨੂੰ ਸਿੱਧੀ ਲੁਆਈ ਲਈ ਟਰਾਇਲ ਵੀ ਕਰਵਾਏ ਜਾ ਰਹੇ ਹਨ ਅਤੇ ਕਿਸਾਨ ਹੁਣ ਬਦਲੀਆਂ ਸਥਿਤੀਆਂ ਵਿਚ ਸਿੱਧੀ ਲੁਆਈ ਵਲ ਆ ਰਹੇ ਹਨ।

ਕਣਕ ਬੀਜਣ ਵਾਲੀਆਂ ਮਸ਼ੀਨਾਂ ਦੀ ਵੀ ਹੋ ਸਕਦੀ ਹੈ ਵਰਤੋਂ : ਪੰਨੂ
ਪੰਜਾਬ ਖੇਤੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਖੇਤੀ ਵਿਭਾਗ ਵੀ ਪਰਵਾਸੀ ਮਜ਼ਦੂਰਾਂ ਦੀ ਕਮੀ ਦੇ ਮੱਦੇਨਜ਼ਰ ਝੋਨੇ ਦੀ ਲੁਆਈ ਵਿਚ ਕਿਸਾਨਾਂ ਦੀ ਮੁਸ਼ਕਲ ਦੇ ਹੱਲ ਲਈ ਅਪਣੇ ਪੱਧਰ 'ਤੇ ਪੂਰੇ ਉਪਰਾਲੇ ਕਰ ਰਿਹਾ ਹੈ। ਇਕ ਤਾਂ ਝੋਨੇ ਦਾ ਰਕਬਾ ਘਟਾ ਕੇ 29.30 ਲੱਖ ਹੈਕਟੇਅਰ ਦੀ ਥਾਂ 27 ਲੱਖ ਹੈਕਟੇਅਰ ਕੀਤਾ ਗਿਆ ਹੈ। ਵਿਭਾਗ ਮਸ਼ੀਨਾਂ ਖਰੀਦਣ ਲਈ ਵੀ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਪੰਨੂ ਦਾ ਕਹਿਣਾ ਹੈ ਕਿ ਭਾਵੇਂ ਸਿੱਧੀ ਲੁਆਈ ਲਈ ਡੀ.ਆਰ.ਐਸ. ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅਜਿਹੀਆਂ 4000 ਤੋਂ ਵੱਧ ਮਸ਼ੀਨਾਂ ਦੀ ਖਰੀਦ ਹੋਈ ਹੈ।

ਪ੍ਰੰਤੂ ਇਯ ਦੀ ਥਾਂ ਕਣਕ ਬੀਜਣ ਵਾਲੀ ਮਸ਼ੀਨ ਦੀ ਵਰਤੋਂ ਵੀ ਝੋਨਾ ਲੁਆਈ ਲਈ ਹੋ ਸਕਦੀ ਹੈ। ਕਣਕ ਵਾਲੀ ਮਸ਼ੀਨ ਦੀਆਂ ਗਰਾਰੀਆਂ ਬਦਲ ਕੇ ਵਰਤੋਂ ਹੋ ਸਕਦੀ ਹੈ ਅਤੇ ਸਿਰਫ਼ 1000-1200 ਰੁਪਏ ਦੇ ਖ਼ਰਚੇ ਵਿਚ ਗਰਾਰੀ ਬਗੈਰਾ ਬਦਲ ਕੇ ਕਣਕ ਵਾਲੀ ਮਸ਼ੀਨ ਝੋਨੇ ਦੀ ਲੁਆਈ ਕਰ ਸਕਦੀ ਹੈ। ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਅਤੇ ਮਸ਼ੀਨਾਂ ਨਾਲ ਲੁਆਈ ਕਾਫ਼ੀ ਫ਼ਾਇਦੇਮੰਦ ਹੈ। ਇਸ ਨਾਲ 25 ਤੋਂ 30 ਫ਼ੀ ਸਦੀ ਪਾਣੀ ਦੀ ਬਚਤ ਹੋਵੇਗੀ। ਸਿਰਫ਼ ਇਕ ਵਾਰ ਜ਼ਮੀਨ ਨੂੰ ਤਰ ਬਤਰ ਕਰ ਕੇ ਝੋਨਾ ਲਾਉਣ ਦੇ 21 ਦਿਨ ਬਾਅਦ ਪਾਣੀ ਲਾਉਣ ਦੀ ਲੋੜ ਪੈਂਦੀ ਹੈ।