ਬਠਿੰਡਾ ਪੁਲਿਸ ਨੇ ਸੜਕਾਂ ਤੋਂ ਅਵਾਰਾ ਪਸ਼ੂ ਚੁੱਕਣੇ ਕੀਤੇ ਸ਼ੁਰੂ, ਵੇਖੋ ਵੀਡੀਓ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਟਰਾਲੀਆਂ 'ਚ ਲੱਦਕੇ ਅਵਾਰਾ ਪਸ਼ੂ ਭੇਜੇ ਜਾਣਗੇ ਗਊਸ਼ਾਲਾ

Bathinda police start picking up stray cattle from the streets, watch video

ਬਠਿੰਡਾ- ਬਠਿੰਡਾ ਪੁਲਿਸ ਦੇ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਸੜਕਾਂ 'ਤੇ ਪਏ ਟੋਇਆਂ ਨੂੰ ਭਰਨ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸਦੀ ਕਿ ਲੋਕਾਂ ਵਲੋਂ ਬਹੁਤ ਸ਼ਲਾਘਾ ਵੀ ਕੀਤੀ ਗਈ ਸੀ। ਗੁਰਬਖਸ਼ ਸਿੰਘ ਅਤੇ ਉਸਦੇ ਸਹਿਯੋਗੀ ਸਿਪਾਹੀ ਮੁਹੰਮਦ ਸਿੰਘ ਵਲੋਂ ਕੀਤੇ ਇਸ ਉਪਰਾਲੇ ਨੇ ਲੋਕਾਂ ਦਾ ਖੂਬ ਦਿਲ ਜਿੱਤਿਆ ਕਿਉਂਕਿ ਇਹ ਦੋਵਾਂ ਦੇ ਉਪਰਾਲੇ ਕਾਰਨ ਕਈ ਸੜਕੀ ਹਾਦਸਿਆਂ ਤੋਂ ਬਚਾਅ ਰਿਹਾ ਹੈ ਪਰ ਹੁਣ ਅਵਾਰਾ ਪਸ਼ੂ ਪੰਜਾਬ ਦਾ ਅੱਜ ਸਭ ਤੋਂ ਵੱਡਾ ਮਸਲਾ ਬਣੇ ਹੋਏ ਹਨ।

ਸੂਬੇ ਵਿਚ ਅਵਾਰਾ ਪਸ਼ੂਆਂ ਦੇ ਟੁੱਟੇ ਕਹਿਰ ਨੇ ਪਤਾ ਨਹੀਂ ਕਿੰਨੀਆਂ ਹੀ ਕੀਮਤੀ ਜਾਨਾਂ ਲੈ ਲਈਆਂ ਹਨ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਅਜਿਹੇ ਵਿਚ ਬਠਿੰਡਾ ਟ੍ਰੈਫਿਕ ਪੁਲਿਸ ਵਲੋਂ ਇੱਕ ਵਾਰ ਫਿਰ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ ਕਿ ਟ੍ਰੈਫਿਕ ਪੁਲਿਸ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਕੇ ਗਊਸ਼ਾਲਾਵਾਂ 'ਚ ਛੱਡਕੇ ਆਵੇਗੀ। ਬਠਿੰਡਾ ਪੁਲਿਸ ਮੁਲਾਜ਼ਮ ਇੱਕ ਅਵਾਰਾ ਪਸ਼ੂ ਨੂੰ ਟਰਾਲੀ ਵਿਚ ਚੜ੍ਹਾਕੇ ਗਊਸ਼ਾਲਾ ਲੈ ਕੇ ਜਾ ਰਹੀ ਹੈ।

ਦੱਸ ਦਈਏ ਕਿ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ ਕਿਸਾਨਾਂ ਦੇ ਖੇਤਾਂ ਵਿਚ ਵੜਕੇ ਪਤਾ ਨਹੀਂ ਕਿੰਨੀ ਫ਼ਸਲ ਬਰਬਾਦ ਕਰ ਚੁੱਕੇ ਹਨ। ਕਿੰਨੀਆਂ ਜਾਨਾਂ ਇਨ੍ਹਾਂ ਦੀਆਂ ਟੱਕਰਾਂ ਵਿਚ ਜਾ ਚੁੱਕੀਆਂ ਹਨ। ਲੋਕਾਂ ਵਲੋਂ ਵਾਰ ਵਾਰ ਸਰਕਾਰ ਨੂੰ ਗੁਹਾਰ ਲਗਾਉਣ 'ਤੇ ਵੀ ਇਹ ਮਸਲਾ ਹੱਲ ਨਹੀਂ ਹੋ ਸਕਿਆ ਪਰ ਹੁਣ ਬਠਿੰਡਾ ਪੁਲਿਸ ਦੇ ਇਸ ਉਪਰਾਲੇ ਤੋਂ ਹੋਰ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਸਿੱਖ ਲੈਣੀ ਚਾਹੀਦੀ ਹੈ ਤਾਂ ਜੋ ਅਵਾਰਾ ਪਸ਼ੂਆਂ ਕਾਰਨ ਕਿਸੇ ਘਰ ਦਾ ਚਿਰਾਗ ਨਾ ਬੁਝੇ।