ਅਬੋਹਰ ਦਾ ਵਰਿੰਦਰ ਕੁਮਾਰ ਨਰਮੇ ਤੋਂ ਬਣਿਆ ਸਫ਼ਲ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਲਗਾਤਾਰ ਫ਼ਸਲ ਦੀ ਨਜ਼ਰਸਾਨੀ ਤੇ ਸਮੇਂ ਸਿਰ ਮਿਲੇ ਨਹਿਰੀ ਪਾਣੀ ਕਾਰਨ ਮਿਲਦੈ ਚੰਗਾ ਝਾੜ

Farmer Varinder Kumar

 

ਅਬੋਹਰ: ਜੇਕਰ ਇਨਸਾਨ ਮਿਹਨਤ ਕਰੇ ਤਾਂ ਕੁਦਰਤ ਫਲ ਜ਼ਰੂਰ ਦਿੰਦੀ ਹੈ। ਅਜਿਹਾ ਹੀ ਹੋਇਆ ਹੈ ਪਿੰਡ ਰੁਹੇੜਿਆਂ ਵਾਲੀ ਦੇ ਸਫ਼ਲ ਕਿਸਾਨ ਵਰਿੰਦਰ ਕੁਮਾਰ ਨਾਲ। ਉਸ ਦੀ ਮਿਹਨਤ ਦੀ ਗਵਾਹੀ ਭਰਦੀ ਹੈ ਉਸ ਦੀ ਨਰਮੇ ਦੀ ਫ਼ਸਲ। ਪਿੰਡ ਰੁਹੇੜਿਆਂ ਵਾਲੀ ਦਾ ਸਫ਼ਲ ਕਿਸਾਨ ਵਰਿੰਦਰ ਕੁਮਾਰ ਦੱਸਦਾ ਹੈ ਕਿ ਉਹ 25 ਏਕੜ ਵਿਚ ਨਰਮੇ ਦੀ ਖੇਤੀ ਕਰਦਾ ਹੈ। ਉਸ ਵਲੋਂ ਨਰਮੇ ਦੀਆਂ ਵੱਖ—ਵੱਖ ਕਿਸਮਾਂ  ਦੀ ਬਿਜਾਈ ਕੀਤੀ ਗਈ ਹੈ। ਕਿਸਾਨ ਆਖਦਾ ਹੈ ਕਿ ਉਹ ਵਿਭਾਗ ਦੇ ਕਹੇ ਅਨੁਸਾਰ ਲਗਾਤਾਰ ਅਪਣੀ ਫ਼ਸਲ ਦਾ ਨਿਰੀਖਣ ਕਰਦਾ ਰਿਹਾ ਤਾਂ ਜੋ ਫ਼ਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਨਾ ਹੋ ਸਕੇ।  

ਉਹ ਕਹਿੰਦਾ ਹੈ ਕਿ ਸਮੇਂ—ਸਮੇਂ ’ਤੇ ਸਪਰੇਆਂ ਕੀਤੀਆਂ ਜਿਸ ਕਰ ਕੇ ਗੁਲਾਬੀ ਸੁੰਡੀ ਦਾ ਹਮਲਾ ਕੰਟਰੋਲ ਹੋਇਆ ਤੇ ਉਸ ਦੀ ਫ਼ਸਲ ਵੀ ਠੀਕ ਹੈ। ਉਹ ਆਖਦਾ ਹੈ ਕਿ ਜੇਕਰ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੁਨੀਵਰਿਸਟੀ ਦੀ ਸਲਾਹ ਅਨੁਸਾਰ ਖੇਤੀ ਕੀਤੀ ਜਾਵੇ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਕਿਸਾਨ ਕਹਿੰਦਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਹ 10 ਤੋਂ 11 ਕੁਇੰਟਲ ਪ੍ਰਤੀ ਏਕੜ ਨਰਮੇ ਦਾ ਝਾੜ ਪ੍ਰਾਪਤ ਕਰ ਲਵੇਗਾ। ਉਹ ਹੋਰ ਨਰਮਾਂ ਉਤਪਾਦਕਾਂ ਨੂੰ ਵੀ ਆਖਦਾ ਹੈ ਅਤੇ ਅਪੀਲ ਕਰਦਾ ਹੈ ਕਿ ਉਹ ਵੀ ਖੇਤੀਬਾੜੀ ਵਿਭਾਗ ਵਲੋਂ ਮਨਜ਼ੂਰਸ਼ੁਦਾ ਬੀਜਾਂ, ਕੀਟਨਾਸ਼ਕਾਂ ਅਤੇ ਖਾਦ ਤੇ ਸਪਰੇਆਂ ਦੀ ਵਰਤੋਂ ਕਰਨ ਅਤੇ ਲਗਾਤਾਰ ਅਪਣੇ ਖੇਤਾਂ ਉਤੇ ਨਜ਼ਰਸਾਨੀ ਬਣਾਈ ਰੱਖਣ ਤਾਂ ਜੋ ਫ਼ਸਲ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ ਅਤੇ ਚੰਗਾ ਝਾੜ ਪਾਪਤ ਕੀਤਾ ਜਾ ਸਕੇ।

ਉਹ ਨਰਮੇ ਦੀ ਫ਼ਸਲ ਦੀ ਸਫ਼ਲਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਸਮੇਂ ਸਿਰ ਪਾਣੀ ਮੁਹਈਆ ਕਰਵਾਉਣ ਨੂੰ ਦਿੰਦਾ ਹੈ। ਉਹ ਆਖਦਾ ਹੈ ਕਿ ਸਮੇਂ ਸਿਰ ਬੀਜੀ ਗਈ ਫ਼ਸਲ ਹੋਰ ਕੁਦਰਤੀ ਮਾਰਾਂ ਅਤੇ ਕੀੜਿਆਂ ਦਾ ਹਮਲਾ ਵੱਧ ਸਹਾਰ ਲੈਂਦੀ ਹੈ। ਉਸ ਨੇ ਕਿਹਾ ਕਿ ਟੇਲ ਤਕ ਪਹੁੰਚੇ ਪਾਣੀ ਕਾਰਨ ਹੀ ਨਰਮੇ ਦੀ ਫ਼ਸਲ ਚੰਗੀ ਹੈ।

ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ—ਨਿਰਦੇਸ਼ਾ ਤੇ ਖੇਤੀਬਾੜੀ ਵਿਭਾਗ ਨਰਮਾ ਉਤਪਾਦਕਾਂ ਦੀ ਫ਼ਸਲ ਦੇ ਬਚਾਅ ਤੇ ਸਮੇਂ—ਸਮੇਂ ਤੇ ਤਕਨੀਕੀ ਜਾਣਕਾਰੀ ਮੁਹਈਆ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਲਗਾਤਾਰ ਨਰਮਾ ਉਤਪਾਦਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਕਿਸਾਨਾਂ ਨੂੰ ਲੋੜ ਅਨੁਸਾਰ ਖਾਦਾ ਤੇ ਸਪਰੇਆਂ ਕਰਨ ਬਾਰੇ ਜਾਣਕਾਰੀ ਦਿਤੀ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਫਸਲ ਸਬੰਧੀ ਜਾਣਕਾਰੀ ਲਈ ਜ਼ਿਲ੍ਹਾ ਖੇਤੀਬਾੜੀ ਵਿਭਾਗ ਜਾਂ ਬਲਾਕ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।