ਕਿਸਾਨਾਂ ਲਈ ਲਾਹੇਵੰਦ ਹੈ ਕਮਾਦ ਦੀ ਕਾਸ਼ਤ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬਿਜਾਈ ਸਿਆੜਾਂ ਵਿਚ ਕੀਤੀ ਜਾਂਦੀ ਹੈ। ਸਿਆੜਾਂ ਵਿਚਕਾਰ ਫਾਸਲਾ 75 ਸੈਂਟੀਮੀਟਰ ਰੱਖਿਆ ਜਾਵੇ। ਪਛੀਆਂ ਨੂੰ ਸਿਆੜਾਂ ਵਿਚ ਇਕ-ਦੂਜੀ ਨਾਲ ਜੋੜ ਕੇ ਰੱਖੋ। ਸਿਉਂਕ ਦੀ...

Sugarcane cultivation

ਬਿਜਾਈ ਸਿਆੜਾਂ ਵਿਚ ਕੀਤੀ ਜਾਂਦੀ ਹੈ। ਸਿਆੜਾਂ ਵਿਚਕਾਰ ਫਾਸਲਾ 75 ਸੈਂਟੀਮੀਟਰ ਰੱਖਿਆ ਜਾਵੇ। ਪਛੀਆਂ ਨੂੰ ਸਿਆੜਾਂ ਵਿਚ ਇਕ-ਦੂਜੀ ਨਾਲ ਜੋੜ ਕੇ ਰੱਖੋ। ਸਿਉਂਕ ਦੀ ਰੋਕਥਾਮ ਲਈ ਦੋ ਲਿਟਰ ਲਿੰਡੇਨ 20 ਈ.ਸੀ. ਨੂੰ 500 ਲਿਟਰ ਪਾਣੀ ਵਿਚ ਪਾ ਕੇ ਘੋਲ ਬਣਾ ਕੇ ਫ਼ੁਹਾਰੇ ਨਾਲ ਪਛੀਆਂ ਉਤੇ ਪਾਵੋ। ਪਿਛੋਂ ਸੁਹਾਗਾ ਫੇਰ ਦੇਵੋ। ਲੋੜ ਅਨੁਸਾਰ ਫ਼ਸਲ ਨੂੰ ਯੂਰੀਆ ਪਾਇਆ ਜਾ ਸਕਦਾ ਹੈ। ਲੋੜ ਤੋਂ ਵੱਧ ਯੂਰੀਆ ਨਾ ਪਾਵੋ। ਇਸ ਨਾਲ ਫ਼ਸਲ ਢਹਿ ਜਾਂਦੀ ਹੈ। ਪੰਜਾਬ ਵਿਚ ਕਾਸ਼ਤ ਲਈ ਸੀ.ਓ.ਜੇ. 64, ਸੀ.ਓ.ਜੇ. 85 ਅਤੇ ਸੀ.ਓ. 118 ਅਗੇਤੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।

ਮੁੱਖ ਮੌਸਮ ਲਈ ਸੀ.ਓ. 238, ਸੀ.ਓ. ਪੰਜਾਬ 91, ਸੀ.ਓ.ਐਸ. 8436 ਅਤੇ ਸੀ.ਓ.ਜੇ. 88 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਸੀ. ਓ. ਜੇ. 89 ਪਿਛੇਤੀ ਕਿਸਮ ਹੈ। ਕਮਾਦ ਦੀ ਬਿਜਾਈ ਪਿਛੇਤੀ ਨਹੀਂ ਕਰਨੀ ਚਾਹੀਦੀ। ਇਸ ਦਾ ਝਾੜ ਉਤੇ ਬੁਰਾ ਪ੍ਰਭਾਵ ਪੈਂਦਾ ਤੇ ਕੀੜਿਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਜੇਕਰ ਕੁਝ ਪਿਛੇਤ ਹੋ ਜਾਵੇ ਤਾਂ ਪਿਛੇਤੀ ਕਿਸਮ ਬੀਜੀ ਜਾਵੇ ਤੇ ਪਛੀਆਂ ਦੀ ਗਿਣਤੀ ਵੱਧ ਰੱਖੀ ਜਾਵੇ। ਪਿਛੇਤੀ ਬਿਜਾਈ ਸਮੇਂ ਤਿੰਨ ਅੱਖਾਂ ਵਾਲੀਆਂ 30 ਹਜ਼ਾਰ ਪਛੀਆਂ ਵਰਤੀਆਂ ਜਾਣ। ਬਿਜਾਈ ਟ੍ਰੈਕਟਰ ਨਾਲ ਚੱਲਣ ਵਾਲੀ ਗੰਨਾ ਬਿਜਾਈ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ।

ਪਿਛੇਤ ਨੂੰ ਰੋਕਣ ਲਈ ਗੰਨੇ ਦੀ ਬਿਜਾਈ ਕਣਕ ਦੀ ਖੜ੍ਹੀ ਫ਼ਸਲ ਵਿਚ ਵੀ ਕੀਤੀ ਜਾ ਸਕਦੀ ਹੈ। ਪਰ ਇਸ ਬਿਜਾਈ ਲਈ ਵਿਸ਼ੇਸ਼ ਵਿਧੀ ਦੀ ਲੋੜ ਪੈਂਦੀ ਹੈ। ਕਮਾਦ ਦੀ ਗੋਡੀ ਜ਼ਰੂਰੀ ਹੈ। ਘੱਟੋ-ਘੱਟ ਦੋ ਗੁਡਾਈਆਂ ਕਰੋ। ਅਪ੍ਰੈਲ ਦੇ ਮਹੀਨੇ ਸਿਆੜਾਂ ਵਿਚਕਾਰ ਖਾਲੀ ਥਾਂ ਉਤੇ ਗੰਨੇ ਦੀ ਖੋਰੀ ਵਿਛਾ ਦੇਣੀ ਚਾਹੀਦੀ ਹੈ। ਇਸ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਅਤੇ ਪਾਣੀ ਘਟ ਦੇਣੇ ਪੈਂਦੇ ਹਨ। ਗੰਨੇ ਦੇ ਸਿਆੜਾਂ ਵਿਚਕਾਰ ਮੈਂਥਾ, ਮੂੰਗੀ ਜਾਂ ਮਾਹਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਇਸ ਨਾਲ ਵਾਧੂ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਧਰਤੀ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ। ਜੇਕਰ ਮੈਂਥਾ ਬੀਜਣਾ ਹੈ ਤਾਂ ਬਿਜਾਈ ਫਰਵਰੀ ਵਿਚ ਪੂਰੀ ਕਰਨੀ ਪਵੇਗੀ। ਗੰਨੇ ਦੀਆਂ ਦੋ ਲਾਈਨਾਂ ਵਿਚਕਾਰ ਮੈਂਥਾ ਦੀ ਇਕ ਲਾਈਨ ਬੀਜੀ ਜਾ ਸਕਦੀ ਹੈ। ਇਸ ਲਈ ਇਕ ਕੁਇੰਟਲ ਮੈਂਥੇ ਦੀਆਂ ਜੜ੍ਹਾਂ ਚਾਹੀਦੀਆਂ ਹਨ। ਇਸ ਨਾਲ ਰਸਾਇਣਿਕ ਖਾਦਾਂ ਦੀ ਮਿਕਦਾਰ ਵਿਚ ਵੀ ਵਾਧਾ ਕਰ ਦੇਣਾ ਚਾਹੀਦਾ ਹੈ। ਗੰਨੇ ਵਿਚ ਬੀਜੇ ਮੈਂਥੇ ਦੀ ਕੇਵਲ ਇਕ ਕਟਾਈ ਹੀ ਲੈਣੀ ਚਾਹੀਦੀ ਹੈ। ਗੰਨੇ ਵਿਚ ਬਸੰਤ ਰੁੱਤੇ ਮਾਂਹ ਅਤੇ ਮੂੰਗੀ ਦੀ ਬਿਜਾਈ ਵੀ ਹੋ ਸਕਦੀ ਹੈ। ਇਸ ਨਾਲ ਕੋਈ ਡੇੜ ਕੁਇੰਟਲ ਦਾਲ ਪ੍ਰਾਪਤ ਹੋ ਜਾਂਦੀ ਹੈ। ਮੂੰਗੀ ਦਾ ਚਾਰ ਕਿਲੋ ਤੇ ਮਾਹਾਂ ਦਾ ਪੰਜ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ।

ਦਾਲਾਂ ਦੀ ਬਿਜਾਈ ਲਈ ਗੰਨੇ ਦੀ ਬਿਜਾਈ ਮਾਰਚ ਦੇ ਅੱਧ ਵਿਚ ਕੀਤੀ ਜਾਵੇ। ਇਸ ਮੌਸਮ ਵਿਚ ਬਿਜਾਈ ਲਈ ਮਾਹਾਂ ਦੀਆਂ ਮਾਸ 1008 ਅਤੇ ਮਾਸ 218 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਐਸ. ਐਮ. ਐਲ.-832 ਅਤੇ ਐਸ. ਐਮ. ਐਲ. 668 ਮੂੰਗੀ ਦੀਆਂ ਉਨਤ ਕਿਸਮਾਂ ਹਨ। ਬੀਜ ਹਮੇਸ਼ਾ ਰੋਗ ਰਹਿਤ ਨਰੋਆ ਬੀਜਣਾ ਚਾਹੀਦਾ ਹੈ। ਗੰਨੇ ਦੀ ਫ਼ਸਲ ਇਕ ਵਾਰ ਬੀਜੀ ਗਈ ਕਈ ਸਾਲ ਰੱਖੀ ਜਾ ਸਕਦੀ ਹੈ। ਜਿਹੜੀ ਫ਼ਸਲ ਮੋਢੀ ਰੱਖਣੀ ਹੈ ਉਸ ਦੀ ਕਟਾਈ ਧਰਤੀ ਦੇ ਨਾਲੋਂ ਕੀਤੀ ਜਾਵੇ। ਜੇਕਰ ਫ਼ਸਲ ਉਤੇ ਕਿਸੇ ਬਿਮਾਰੀ ਦਾ ਹਮਲਾ ਹੈ ਤਾਂ ਅਜਿਹੀ ਫ਼ਸਲ ਦਾ ਮੋਢਾ ਨਾ ਰੱਖਿਆ ਜਾਵੇ।

ਮੋਢਾ ਰੱਖਣ ਵਾਲੀ ਫ਼ਸਲ ਦੀ ਕਟਾਈ ਫਰਵਰੀ ਮਹੀਨੇ ਹੀ ਕਰਨੀ ਚਾਹੀਦੀ ਹੈ। ਖੇਤ ਵਿਚੋਂ ਖੋਰੀ ਕੱਢ ਕੇ ਪਾਣੀ ਦੇਵੋ। ਨਦੀਨਾਂ ਦੀ ਰੋਕਥਾਮ ਲਈ ਫ਼ਸਲ ਦੀ ਟਿਲਰ ਨਾਲ ਗੋਡੀ ਕਰੋ। ਜਿਥੇ ਕਿਤੇ ਪਾੜਾ ਹੈ ਉਥੇ ਨਵੀਂਆਂ ਪਛੀਆਂ ਮਾਰਚ ਦੇ ਮਹੀਨੇ ਲਗਾ ਦੇਣੀਆਂ ਚਾਹੀਦੀਆਂ ਹਨ। ਜਦੋਂ ਵੀ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਇਨ੍ਹਾਂ ਦੀ ਰੋਕਥਾਮ ਲਈ ਮਾਹਿਰਾਂ ਵੱਲੋਂ ਦੱਸੇ ਢੰਗ-ਤਰੀਕਿਆਂ ਦੀ ਵਰਤੋਂ ਕੀਤੀ ਜਾਵੇ। ਇਸ ਵਾਰ ਕੁਝ ਰਕਬੇ ਵਿਚ ਗੰਨੇ ਦੀ ਬਿਜਾਈ ਜ਼ਰੂਰ ਕਰੋ ਅਤੇ ਘਰ ਦੇ ਗੁੜ ਤੇ ਸ਼ੱਕਰ ਦੀ ਵਰਤੋਂ ਕਰੋ। ਖੁਸ਼ਕ ਮੇਵੇ ਪਾ ਕੇ ਵਧੀਆ ਗੁੜ ਬਣਾਇਆ ਜਾ ਸਕਦਾ ਹੈ।