ਅਗਲੀ ਹਰੀ ਕ੍ਰਾਂਤੀ ਭੂਮੀ-ਕੇਂਦਰਿਤ ਹੋਵੇਗੀ : ਡਾ. ਰਤਨ ਲਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੀ.ਏ.ਯੂ. ਦੇ ਵੈੱਬਨਾਰ ਵਿਚ ਸ਼ਾਮਿਲ ਹੋਏ ਵਿਸ਼ਵ ਭੋਜਨ ਪੁਰਸਕਾਰ ਜੇਤੂ ਵਿਗਿਆਨੀ ਡਾ. ਰਤਨ ਲਾਲ

PAU

ਲੁਧਿਆਣਾ: ਬੀਤੇ ਦਿਨੀਂ ਪੀ.ਏ.ਯੂ. ਦੇ ਵੈੱਬਨਾਰ ਵਿਚ ਵਿਸ਼ਵ ਭੋਜਨ ਪੁਰਸਕਾਰ ਨਾਲ ਸਨਮਾਨਿਤ ਅਤੇ ਓਹਾਈਓ ਰਾਜ ਯੂਨੀਵਰਸਿਟੀ ਦੇ ਵਿਗਿਆਨੀ ਡਾ. ਰਤਨ ਲਾਲ ਸ਼ਾਮਿਲ ਹੋਏ । ਡਾ. ਰਤਨ ਲਾਲ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਹਨ । ਦੇਸ਼ ਭਰ ਦੇ ੨੭੦ ਦੇ ਕਰੀਬ ਅਗਾਂਹਵਧੂ ਵਿਗਿਆਨੀਆਂ ਨੇ ਡਾ. ਰਤਨ ਲਾਲ ਦੇ ਭਾਸ਼ਣ ਦਾ ਲਾਭ ਲਿਆ । ਪੀ.ਏ.ਯੂ. ਵੱਲੋਂ ਇਹ ਵੈੱਬਨਾਰ ‘ਭੂਮੀ ਕੇਂਦਰਿਤ ਹਰੀ ਕ੍ਰਾਂਤੀ : ਮਿਸਾਲੀ ਬਦਲਾਅ‘ ਸਿਰਲੇਖ ਹੇਠ ਕਰਵਾਇਆ ਗਿਆ ਸੀ ।

ਆਪਣੇ ਭਾਸ਼ਣ ਵਿਚ ਡਾ. ਰਤਨ ਲਾਲ ਨੇ ਮਾਹਿਰਾਂ ਨੂੰ ਭੂਮੀ ਕੇਂਦਰਿਤ ਨਵੇਂ ਹਰੇ ਇਨਕਲਾਬ ਲਈ ਸੱਦਾ ਦਿੰਦਿਆਂ ਗੁਰਬਾਣੀ ਦੀ ਸਤਰ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ‘ ਨੂੰ ਦੁਹਰਾਇਆ । ਉਹਨਾਂ ਕਿਹਾ ਕਿ ਮਹਾਨ ਗੁਰੂ ਨਾਨਕ ਦੇਵ ਜੀ ਨੇ ਬਹੁਤ ਸੌਖੇ ਤਰੀਕੇ ਨਾਲ ਵਾਤਾਵਰਨ ਦੇ ਤਿੰਨ ਸਤੰਭਾ ਹਵਾ, ਪਾਣੀ ਅਤੇ ਧਰਤੀ ਦਾ ਜ਼ਿਕਰ ਕੀਤਾ । ਡਾ. ਰਤਨ ਲਾਲ ਨੇ ਕਿਹਾ ਕਿ ਸਾਰੇ ਧਰਮਾਂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਗੱਲ ਕੀਤੀ ਹੈ ਅਤੇ ਅਗਲੀ ਹਰੀ ਕ੍ਰਾਂਤੀ ਭੂਮੀ ਕੇਂਦਰਿਤ ਹੀ ਹੋਣੀ ਚਾਹੀਦੀ ਹੈ ।

ਉਹਨਾਂ ਨੇ ਹਰੀ ਕ੍ਰਾਂਤੀ ਲਈ ਪੀ.ਏ.ਯੂ. ਵੱਲੋਂ ਪਾਏ ਯੋਗਦਾਨ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਜਦੋਂ ਦੇਸ਼ ਅਨਾਜ ਦੇ ਸੰਕਟ ਨਾਲ ਜੂਝ ਰਿਹਾ ਸੀ ਤਾਂ ਪੀ.ਏ.ਯੂ. ਨੇ ਕਿਸਾਨਾਂ ਨੂੰ ਅਗਵਾਈ ਦੇ ਕੇ ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾਇਆ । ਹੁਣ ਮਾਣ ਨਾਲ ਕਿਹਾ ਜਾਂਦਾ ਹੈ ਕਿ ਭਾਰਤ ਕਣਕ ਅਤੇ ਝੋਨਾ ਪੈਦਾ ਕਰਨ ਵਾਲਾ ਸੰਸਾਰ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਜਦਕਿ ਬਾਹਰ ਝੋਨਾ ਭੇਜਣ ਦੇ ਮਾਮਲੇ ਵਿਚ ਸਿਖਰਲੇ ਦੇਸ਼ ਵਜੋਂ ਜਾਣਿਆ ਜਾਂਦਾ ਹੈ । ਉਹਨਾਂ ਇਹ ਵੀ ਕਿਹਾ ਕਿ ਸਾਡੀ ਮਿੱਟੀ ਦੇ ਮਿਆਰ ਵਿਚ ਗਿਰਾਵਟ, ਪ੍ਰਦੂਸ਼ਿਤ ਪਾਣੀ ਅਤੇ ਗੰਧਲੀ ਹਵਾ ਦੇ ਨਾਲ-ਨਾਲ ਜੈਵਿਕ ਭਿੰਨਤਾ ਜੋ ਨੁਕਸਾਨ ਹੋਇਆ ਉਸਨੂੰ ਲੈ ਕੇ ਦੁਚਿਤੀ ਦੀ ਹਾਲਤ ਹੈ ।

ਡਾ. ਰਤਨ ਲਾਲ ਨੇ ਸਭ ਕੁਝ ਧਰਤੀ ਵਿਚੋਂ ਹਾਸਲ ਕਰਨ ਦੇ ਰੁਝਾਨ ਨੂੰ ਬੁਰਾ ਕਿਹਾ । ਉਹਨਾਂ ਨੇ ਅਫਰੀਕਾ ਦੀ ਉਦਾਹਰਣ ਦਿੱਤੀ ਜਿੱਥੇ ਧਰਤੀ ਵਿਚ ਹੁਣ ਕੋਈ ਪੋਸ਼ਕ ਤੱਤ ਨਹੀਂ ਬਚਿਆ ਅਤੇ ਉਹ ਮੁਰਦਾ ਧਰਤੀ ਵਿਚ ਹੁਣ ਚੰਗੀਆਂ ਕਿਸਮਾਂ, ਖਾਦਾਂ ਅਤੇ ਕੀਟਨਾਸ਼ਕਾਂ ਦਾ ਵੀ ਕੋਈ ਅਸਰ ਨਹੀਂ ਹੁੰਦਾ । ਡਾ. ਰਤਨ ਲਾਲ ਨੇ ਭਾਰਤ ਵਿਚ ਅਨਿਯਮਤ ਸ਼ਹਿਰੀਕਰਨ ਬਾਰੇ ਬੋਲਦਿਆਂ ਕਿਹਾ ਕਿ ੪੦,੦੦੦ ਹੈਕਟੇਅਰ ਜ਼ਮੀਨ ਦੀ ਲੋੜ ਆਉਣ ਵਾਲੇ ਸਾਲਾਂ ਵਿਚ ਲੋਕਾਂ ਦੀ ਰਿਹਾਇਸ਼ ਲਈ ਪਵੇਗੀ । ਉਹਨਾਂ ਨੇ ਸ਼ਹਿਰੀ ਖੇਤੀ ਉੱਪਰ ਜ਼ੋਰ ਦਿੰਦਿਆਂ ਮਨੁੱਖੀ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਵੱਡੇ ਸ਼ਹਿਰਾਂ ਵਿਚ ਭੋਜਨ ਉਤਪਾਦਨ ਦੀ ਗੱਲ ਕੀਤੀ ।

ਨਾਲ ਹੀ ਡਾ. ਰਤਨ ਲਾਲ ਨੇ ਝੋਨੇ ਦੀ ਪਰਾਲੀ ਦੀ ਵਰਤੋਂ ਇੱਟਾਂ ਬਨਾਉਣ ਲਈ ਕਰਨ ਦੀ ਵਕਾਲਤ ਕੀਤੀ । ਡਾ. ਰਤਨ ਲਾਲ ਨੇ ਭੂਮੀ ਵਿਚ ਕਾਰਬਨ ਮਾਦਾ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ । ਉਹਨਾਂ ਕਿਹਾ ਕਿ ਬਾਇਓਚਾਰ, ਕੰਪੋਸਟ, ਜੜ੍ਹਾਂ ਦਾ ਜੈਵਿਕ ਮਾਦਾ, ਫ਼ਸਲਾਂ ਦੀ ਰਹਿੰਦ-ਖੂੰਹਦ ਮਿੱਟੀ ਵਿਚ ਜੈਵਿਕ ਤੱਤਾਂ ਨੂੰ ਵਧਾਉਦੀ ਹੈ ਅਤੇ ਕਾਰਬਨ ਆਧਾਰਿਤ ਤੱਤਾਂ ਦਾ ਵਾਧਾ ਕਰਦੀ ਹੈ । ਡਾ. ਰਤਨ ਲਾਲ ਨੇ ਹੋਰ ਭੋਜਨ ਉਤਪਾਦਨ ਲਈ ਘੱਟ ਪਾਣੀ, ਘੱਟ ਖਾਦਾਂ ਅਤੇ ਰਸਾਇਣਾਂ ਅਤੇ ਘੱਟ ਕਾਰਬਨ ਦੀ ਖਪਤ ਦੇ ਤਰੀਕੇ ਪੈਦਾ ਕਰਨ ਲਈ ਵਿਗਿਆਨੀਆਂ ਨੂੰ ਸੱਦਾ ਦਿੱਤਾ ।

ਉਹਨਾਂ ਨੇ ਭੂਮੀ ਨੂੰ ਬਚਾਉਣ ਲਈ ਇੱਕ ਮੁਹਿੰਮ ਛੇੜਨ ਦੀ ਗੱਲ ਕੀਤੀ ਅਤੇ ਇਸ ਸੰਬੰਧੀ ਮੁੱਢਲੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਉੱਪਰ ਜ਼ੋਰ ਦਿੱਤਾ । ਭਾਰਤ ਦੀ ਖੇਤੀ ਦੇ ਚਾਲੂ ਰੁਝਾਨਾਂ ਵਿਚ ਫ਼ਸਲੀ ਰਹਿੰਦ-ਖੂੰਹਦ ਨੂੰ ਸਾੜਨ, ਭਰਵੀਂ ਸਿੰਚਾਈ, ਮਿੱਟੀ ਦੀ ਉੱਪਰਲੀ ਪਰਤ ਨੂੰ ਕਿੱਤਾ ਬਨਾਉਣ ਲਈ ਵਰਤਣ ਅਤੇ ਗੋਹੇ ਤੋਂ ਪਾਥੀਆਂ ਬਣਾ ਕੇ ਬਾਲਣ ਦੇ ਰਵਾਇਤੀ ਤਰੀਕਿਆਂ ਬਾਰੇ ਗੱਲ ਕਰਦਿਆਂ ਡਾ. ਰਤਨ ਲਾਲ ਨੇ ਇਹਨਾਂ ਰੁਝਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਕੀਤੀ । ਉਹਨਾਂ ਨੇ ਕਿਹਾ ਕਿ ਇਹ ਸਭ ਤਰੀਕੇ ਨਾ ਵਰਤਣ ਦੀ ਹਾਲਤ ਵਿਚ ਧਰਤੀ ਦਾ ਤਾਪਮਾਨ ਵਧੇਗਾ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਆਪਣੀ ਮੁੱਢਲੀ ਟਿੱਪਣੀ ਵਿਚ ਡਾ. ਰਤਨ ਲਾਲ ਨੂੰ ਸਮਰਪਿਤ ਵਿਗਿਆਨੀ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਵਾਲਾ ਸੱਚਾ ਆਗੂ ਕਿਹਾ । ਡਾ. ਢਿੱਲੋਂ ਨੇ ਪੀ.ਏ.ਯੂ. ਵੱਲੋਂ ਕਰਵਾਏ ਵੈਬੀਨਾਰ ਵਿੱ ਡਾ. ਰਤਨ ਲਾਲ ਦੇ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਵੱਲੋਂ ਕਹੀਆਂ ਗੱਲਾਂ ਦੀ ਰੋਸ਼ਨੀ ਵਿਚ ਕੰਮ ਕਰਨ ਲਈ ਮਾਹਿਰਾਂ ਨੂੰ ਸੱਦਾ ਦਿੱਤਾ । ਡਾ. ਢਿੱਲੋਂ ਨੇ ਡਾ. ਰਤਨ ਲਾਲ ਦੇ ਸੰਘਰਸ਼ ਭਰੇ ਜੀਵਨ ਬਾਰੇ ਰੋਸ਼ਨੀ ਪਾਉਂਦਿਆਂ ਉਹਨਾਂ ਨੂੰ ਮਿਹਨਤ ਅਤੇ ਸਮਰਪਣ ਦੀ ਸਖਸ਼ੀਅਤ ਕਿਹਾ ।

ਉਹਨਾਂ ਕਿਹਾ ਕਿ ਪੰਜਾਬ ਵਿਚ ਪੈਦਾ ਹੋਣ ਵਾਲਾ ੮੫ ਪ੍ਰਤੀਸ਼ਤ ਕਣਕ ਅਤੇ ਝੋਨਾ ਸੂਬੇ ਤੋਂ ਬਾਹਰ ਚਲਿਆ ਜਾਂਦਾ ਹੈ ਜਿਸ ਨਾਲ ਕੁਦਰਤੀ ਪੋਸ਼ਣ ਦਾ ਦਾਇਰਾ ਭੰਗ ਹੁੰਦਾ ਹੈ । ਡਾ. ਰਤਨ ਲਾਲ ਹੋਰਾਂ ਦੀਆਂ ਧਾਰਨਾਵਾਂ ਇਸ ਸੰਬੰਧ ਵਿਚ ਲਾਜ਼ਮੀ ਤੌਰ ਤੇ ਦਿਸ਼ਾ ਨਿਰਦੇਸ਼ ਸਾਬਿਤ ਹੋਣਗੀਆਂ । ਡਾ. ਢਿੱਲੋਂ ਨੇ ਪੀ.ਏ.ਯੂ. ਵੱਲੋਂ ਭੂਮੀ ਦੀ ਸਿਹਤ ਸੁਧਾਰ ਸੰਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਪਾਣੀ ਦੀ ਸੰਭਾਲ, ਖੇਤ ਵਿਚ ਹੀ ਪਰਾਲੀ ਦੀ ਸੰਭਾਲ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਸੰਬੰਧ ਵਿਚ ਪੀ.ਏ.ਯੂ. ਨੇ ਜ਼ਿਕਰਯੋਗ ਕੰਮ ਕੀਤਾ ਹੈ । ਡਾ. ਢਿੱਲੋਂ ਨੇ ਵੀ ਸ਼ਹਿਰੀ ਖੇਤੀ ਦੇ ਮਾਡਲ ਉੱਪਰ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਵੱਲੋਂ ਫ਼ਸਲੀ ਰਹਿੰਦ-ਖੂੰਹਦ ਦੀ ਢੁੱਕਵੀਂ ਸੰਭਾਲ ਬਾਰੇ ਪੀ.ਏ.ਯੂ. ਵੱਲੋਂ ਕੀਤੀ ਪਹਿਲਕਦਮੀ ਦਾ ਜ਼ਿਕਰ ਕੀਤਾ ।