ਪਿੰਡ ਬਾਧ ਦੇ ਕਿਸਾਨ ਮਲਕੀਤ ਸਿੰਘ ਨੇ ਜਿਤਿਆ ਕਿਸਾਨ ਮੇਲੇ ਦਾ ਪਹਿਲਾ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਬਹੁ ਭਾਂਤੀ ਖੇਤੀ ਦੇ ਨਾਲ ਨਾਲ ਇਹ ਕਿਸਾਨ ਪਰਾਲੀ ਨੂੰ ਬਿਨਾ ਸਾੜੇ ਸੱਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਦੇ ਅਪਣੇ ਤਰੀਕੇ ਲਈ ਵੀ ਪ੍ਰਸਿੱਧ ਹੈ।

Kisan Malkit Singh won the first prize of Kisan Mela

 

ਫ਼ਾਜ਼ਿਲਕਾ : ਫਾਜਿਲਕਾ ਜਿਲ੍ਹੇ ਦੇ ਪਿੰਡ ਬਾਧਾ ਦੇ ਡਬਲ ਐਮ.ਏ. ਬੀ.ਐਡ., ਐਮ.ਫਿਲ. ਪਾਸ ਕਿਸਾਨ ਮਲਕੀਤ ਸਿੰਘ ਨੂੰ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਿੱਠੇ ਦੀ ਕਾਸ਼ਤ ਲਈ ਫ਼ਸਲੀ ਮੁਕਾਬਲਿਆਂ ਦੀ ਸ਼੍ਰੇਣੀ ਵਿਚ ਪੁਰਸਕਾਰ ਦਿਤਾ ਹੈ। ਇਹ ਕਿਸਾਨ ਸਿਰਫ਼ ਮਿੱਠੇ ਦੀ ਕਾਸ਼ਤ ਲਈ ਹੀ ਨਹੀਂ ਜਾਣਿਆ ਜਾਂਦਾ ਸਗੋਂ ਬਹੁ ਭਾਂਤੀ ਖੇਤੀ ਦੇ ਨਾਲ ਨਾਲ ਇਹ ਕਿਸਾਨ ਪਰਾਲੀ ਨੂੰ ਬਿਨਾ ਸਾੜੇ ਸੱਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਦੇ ਅਪਣੇ ਤਰੀਕੇ ਲਈ ਵੀ ਪ੍ਰਸਿੱਧ ਹੈ।

 

ਮਲਕੀਤ ਸਿੰਘ ਜੋ ਕਿ ਸਾਢੇ 19 ਏਕੜ ਵਿਚ ਖੇਤੀ ਕਰਦਾ ਹੈ, ਵਲੋਂ ਗੰਨਾ, ਬਾਸਮਤੀ, ਸਰੋਂ, ਮਿੱਠਾ, ਡੇਜੀ, ਮੌਸੰਬੀ, ਕਣਕ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਮਿੱਠੇ ਦੀ ਇਸ ਵਲੋਂ ਲਗਭਗ ਸਵਾ ਏਕੜ ਵਿਚ ਕਾਸ਼ਤ ਕੀਤੀ ਜਾਂਦੀ ਹੈ। ਮਲਕੀਤ ਸਿੰਘ ਦਸਦਾ ਹੈ ਕਿ ਉਹ ਅਪਣੇ ਫਲਾਂ ਦਾ ਖ਼ੁਦ ਮੰਡੀਕਰਨ ਕਰਦਾ ਹੈ। ਇਸ ਨਾਲ ਉਸ ਨੂੰ ਜ਼ਿਆਦਾ ਆਮਦਨ ਹੁੰਦੀ ਹੈ। ਇਸ ਲਈ ਉਸ ਨੇ ਬਾਗ਼ਬਾਨੀ ਵਿਭਾਗ ਦੀ ਸਕੀਮ ਤਹਿਤ ਅਪਣੀਆਂ ਕਰੇਟਾਂ ਖਰੀਦ ਲਈਆਂ ਸਨ ਅਤੇ ਇਸ ਤੋਂ ਬਾਅਦ ਉਹ ਫ਼ਾਜ਼ਿਲਕਾ ਦੇ ਨਾਲ-ਨਾਲ ਹੋਰ ਨੇੜੇ ਦੀਆਂ ਮੰਡੀਆਂ ਵਿਚ ਵੀ ਅਪਣੀ ਉਪਜ ਭੇਜਦਾ ਹੈ। ਮਿੱਠੇ ਫਲ ਦੀ ਵਧੀਆ ਕਾਸ਼ਤ ਲਈ ਉਸ ਨੂੰ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨ ਮੇਲੇ ਪਹਿਲਾ ਇਨਾਮ ਦਿਤਾ ਹੈ।

 

ਮਲਕੀਤ ਸਿੰਘ ਅਪਣੀ ਖੇਤੀ ਨੂੰ ਪੂਰੀ ਤਰ੍ਹਾਂ ਵਿਗਿਆਨਕ ਤਰੀਕੇ ਨਾਲ ਕਰਦਾ ਹੈ ਅਤੇ ਅਪਣੀ ਖੇਤੀ ਦਾ ਪੂਰਾ ਵਹੀ ਖਾਤਾ ਰਖਦਾ ਹੈ। ਉਸ ਨੇ ਅਪਣੇ ਝੋਨੇ ਨੂੰ ਪ੍ਰਤੀ ਏਕੜ 78 ਕਿਲੋ ਯੂਰੀਆ ਪਾ ਕੇ ਹੀ ਪੂਰਾ ਝਾੜ ਲਿਆ ਹੈ ਜਦਕਿ ਸਿਫ਼ਾਰਸ਼ 110 ਕਿਲੋ ਦੀ ਹੈ ਅਤੇ ਕਈ ਕਿਸਾਨ ਤਾਂ ਇਸ ਤੋਂ ਵੀ ਜ਼ਿਆਦਾ ਯੂਰੀਆ ਪਾ ਰਹੇ ਹਨ। ਉਹ ਖੇਤੀ ਵਿਚ ਲਾਗਤ ਅਤੇ ਆਮਦਨ ਦਾ ਪੂਰਾ ਵੇਰਵਾ ਲਿਖਤ ਵਿਚ ਰਖਦਾ ਹੈ ਅਤੇ ਬਿਜਾਈ ਤੋਂ ਕਟਾਈ ਤਕ ਹਰ ਵੇਰਵਾ ਦਰਜ ਕਰਦਾ ਹੈ। ਇਸ ਤਰ੍ਹਾਂ ਉਸ ਨੂੰ ਅਪਣੇ ਬੇਲੋੜੇ ਖਰਚਿਆਂ ਦੀ ਪਹਿਚਾਣ ਹੁੰਦੀ ਹੈ ਅਤੇ ਉਨ੍ਹਾਂ ਨੂੰ ਘੱਟ ਕਰ ਕੇ ਹੀ ਆਮਦਨ ਵਿਚ ਵਾਧਾ ਹੁੰਦਾ ਹੈ।

 

ਮਲਕੀਤ ਸਿੰਘ ਆਖਦਾ ਹੈ ਕਿ ਉਸ ਨੇ ਕਈ ਸਾਲਾਂ ਤੋਂ ਪਰਾਲੀ ਨੂੰ ਸਾੜਿਆ ਨਹੀਂ ਹੈ। ਉਹ ਅੱਧੇ ਖੇਤ ਵਿਚ ਹੈਪੀ ਸੀਡਰ ਨਾਲ ਅਤੇ ਅੱਧੇ ਖੇਤ ਵਿਚ ਸੱਭ ਤੋਂ ਸਸਤੀ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਸ ਤਰਾਂ ਉਹ ਪਰਾਲੀ ਨੂੰ ਖੇਤ ਵਿਚ ਹੀ ਮਿਲਾ ਦਿੰਦਾ ਹੈ ਅਤੇ ਇਸ ਨਾਲ ਉਸ ਦੀ ਜ਼ਮੀਨ ਦੀ ਉਪਜਾਊ ਸਕਤੀ ਵੱਧਦੀ ਹੈ। ਮਲਚਿੰਗ ਤਕਨੀਕ ਦੀ ਜਾਣਕਾਰੀ ਦਿੰਦਿਆਂ ਉਹ ਦਸਦਾ ਹੈ ਕਿ ਸੁਪਰ ਐਸਐਮਐਸ ਲੱਗੀ ਕੰਬਾਇਨ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਉਹ ਖੇਤ ਵਿਚ ਡੀਏਪੀ, ਕਣਕ ਦੇ ਬੀਜ ਅਤੇ 35 ਕਿਲੋ ਯੂਰੀਆ ਦਾ ਛੱਟਾ ਦੇ ਕੇ ਹਲਕਾ ਪਾਣੀ ਲਗਾ ਦਿੰਦੇ ਹਨ। ਇਸ ਤਰਾਂ ਕਣਕ ਬਹੁਤ ਵਧੀਆ ਉੱਗਦੀ ਹੈ। ਇਸ ਵਿਚ ਗੁੱਲੀ ਡੰਡਾ ਵੀ ਨਹੀਂ ਹੁੰਦਾ ਹੈ ਪਰ ਜੰਗਲੀ ਪਾਲਕ ਹੁੰਦਾ ਹੈ ਜਿਸਦਾ ਨਦੀਨਨਾਸ਼ਕ ਨਾਲ ਹੱਲ ਕਰ ਲਿਆ ਜਾਂਦਾ ਹੈ।