ਪੀਏਯੂ ਦੇ ਫ਼ਸਲੀ ਮੁਕਾਬਲਿਆਂ ਦਾ ਜੇਤੂ ਕਿਸਾਨ ਰਵੀ ਕਾਂਤ; ਨਰਮੇ ਦੀ ਚੰਗੀ ਫ਼ਸਲ ਲਈ ਜਿਤਿਆ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਫ਼ਸਲੀ ਵਿਭਿੰਨਤਾ ਨੇ ਬਦਲੀ ਤਕਦੀਰ

Farmer Ravi Kant

 

ਅਬੋਹਰ : ਫ਼ਸਲੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ ਅਤੇ ਜ਼ਿਲ੍ਹੇ ਦੀ ਇਹ ਪਹਿਚਾਣ ਬਣਾਈ ਹੈ ਇਸ ਦੇ ਮਿਹਨਤੀ ਕਿਸਾਨਾਂ ਨੇ। ਅਜਿਹਾ ਹੀ ਸਫ਼ਲ ਕਿਸਾਨ ਹੈ ਪਿੰਡ ਨਿਹਾਲ ਖੇੜਾ ਦਾ ਰਵੀ ਕਾਂਤ, ਜਿਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ਸਲੀ ਮੁਕਾਬਲਿਆਂ ਵਿਚ ਨਰਮੇ ਦੀ ਵਧੀਆ ਫ਼ਸਲ ਲਈ ਇਸ ਵਾਰ ਇਨਾਮ ਜਿੱਤਿਆ ਹੈ। ਰਵੀ ਕਾਂਤ, ਜੋ ਕਿ 20 ਏਕੜ ਵਿਚ ਖੇਤੀ ਕਰਦੇ ਹਨ ਨੇ ਵੀ ਅਪਣੇ ਖੇਤ ਵਿਚ ਬਹੁਭਾਂਤੀ ਖੇਤੀ ਦਾ ਮਾਡਲ ਅਪਨਾਇਆ ਹੈ। ਉਸ ਵਲੋਂ ਨਰਮਾ, ਬਾਸਮਤੀ, ਕਣਕ, ਗੋਭੀ ਸਰੋਂ, ਛੋਲੇ ਅਤੇ ਸਬਜ਼ੀਆਂ ਦੀ ਕਾਸਤ ਕੀਤੀ ਜਾਂਦੀ ਹੈ ਜਦਕਿ ਹੁਣ ਉਨ੍ਹਾਂ ਵਲੋਂ ਇਕ ਨਵੀਂ ਪੁਲਾਂਘ ਪੁਟਦਿਆਂ ਲਗਭਗ 80 ਪੌਦੇ ਖਜੂਰਾਂ ਦੇ ਵੀ ਲਗਾਏ ਗਏ ਹਨ।

 

ਉਹ ਇਸ ਤੋਂ ਪਹਿਲਾਂ ਨਰਮੇ ਦੀ ਇਕ ਚੁਗਾਈ ਕਰ ਚੁੱਕਿਆ ਹੈ ਜਿਸਦਾ ਝਾੜ 5 ਮਣ ਆਇਆ ਹੈ। ਉਸਦੀ ਚੰਗੀ ਸੰਭਾਲ ਦਾ ਹੀ ਨਤੀਜਾ ਹੈ ਕਿ ਉਸਦਾ ਨਰਮਾ ਆਖੀਰ ਤੱਕ ਹਰਾ ਰਹਿੰਦਾ ਹੈ ਅਤੇ ਸ਼ਾਟ ਨਹੀਂ ਮਾਰਦਾ। ਉਹ ਇਸ ਦਾ ਰਾਜ ਪੋਸ਼ਕ ਤੱਤਾਂ ਦਾ ਸਹੀ ਪ੍ਰਬੰਧਨ ਕਰਨ ਨੂੰ ਦਸਦੇ ਹਨ। ਇਸੇ ਤਰ੍ਹਾਂ ਨਰਮੇ ਦੀ ਬਿਜਾਈ ਤੋਂ ਪਹਿਲਾਂ ਡੁੰਘੀ ਵਹਾਈ ਕਾਰਗਾਰ ਹੁੰਦੀ ਹੈ। ਰਵੀ ਕਾਂਤ ਅਨੁਸਾਰ ਨਰਮਾ ਇਕ ਲੰਬੇ ਸਮੇਂ ਦੀ ਫ਼ਸਲ ਹੈ ਤੇ ਇਸ ਵਿਚ ਪੋਸ਼ਕ ਤੱਤਾਂ ਦਾ ਸਹੀ ਪ੍ਰਬੰਧਨ ਹੀ ਇਸ ਦੀ ਸਫ਼ਲਤਾ ਦੀ ਗਰੰਟੀ ਬਣ ਸਕਦਾ ਹੈ। ਇਸ ਲਈ ਉਹ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕਰਦੇ ਹਨ।

 

ਉਹ ਆਖਦੇ ਹਨ ਕਿ ਦਵਾਈਆਂ ਨੂੰ ਮਿਲਾ ਕੇ ਅਤੇ ਗ਼ੈਰ ਸਿਫਾਰਸ਼ਸੁਦਾ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਇਹ ਕਿਸਾਨ ਨਵੀਆਂ ਤਕਨੀਕਾਂ ਨੂੰ ਅਪਨਾਉਣ ਵਿਚ ਵੀ ਮੋਹਰੀ ਹੈ। ਇਸ ਨੇ ਇਸ ਸਾਲ ਗੁਲਾਬੀ ਸੁੰਡੀ ਦਾ ਹਮਲਾ ਰੋਕਣ ਲਈ ਨੈਟਮੇਟ ਟਿਊਬ ਦੀ ਵਰਤੋਂ ਵੀ ਕੀਤੀ। ਰਵੀ ਕਾਂਤ ਜਿਸ ਨੇ 8 ਏਕੜ ਵਿਚ ਨਰਮਾ ਲਗਾਇਆ ਹੈ ਜਦਕਿ 2 ਏਕੜ ਵਿਚ ਉਹ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਅਤੇ ਕੱੁਝ ਰਕਬੇ ਵਿਚ ਬਾਸਮਤੀ ਦੀ ਕਾਸ਼ਤ ਕਰਦਾ ਹੈ।
ਰਵੀ ਕਾਂਤ ਦਸਦੇ ਹਨ ਕਿ ਉਨ੍ਹਾਂ ਵਲੋਂ ਪਰਾਲੀ ਨੂੰ ਕਦੇ ਵੀ ਜਲਾਇਆ ਨਹੀਂ ਜਾਂਦਾ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਦਿਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਵਧ ਰਹੀ ਹੈ। ਇਸ ਤੋਂ ਬਿਨਾ ਨਰਮੇ ਦੀਆਂ ਵਾਧੂ ਛੁੱਟੀਆਂ ਵੀ ਉਹ ਜ਼ਮੀਨ ਵਿਚ ਹੀ ਵਾਹ ਦਿੰਦੇ ਹਨ। ਰਵੀ ਜਿਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਤੇ ਬਾਗ਼ਬਾਨੀ ਵਿਭਾਗ ਨਾਲ ਲਗਾਤਾਰ ਜੁੜੇ ਰਹਿੰਦੇ ਹਨ, ਉਥੇ ਹੀ ਉਹ ਕਿਸਾਨ ਕਲੱਬਾਂ ਨਾਲ ਵੀ ਜੁੜੇ ਹਨ।

ਉਹ ਕਿਸਾਨ ਵਿਕਾਸ ਕਲੱਬ ਪਿੰਡ ਬਜੀਦਪੁਰ ਕਟਿਆਂ ਵਾਲੀ ਦੇ ਪ੍ਰਧਾਨ ਹਨ ਜਦਕਿ ਨੌਜਵਾਨ ਕਿਸਾਨ ਕਲੱਬ ਪਿੰਡ ਅਲਿਆਣਾ ਜੋ ਕਿ ਕਰਨੈਲ ਸਿੰਘ ਦੀ ਦੇਖਰੇਖ ਵਿਚ ਚਲ ਰਿਹਾ ਹੈ, ਦੇ ਵੀ ਮੈਂਬਰ ਹਨ। ਇਨ੍ਹਾਂ ਨੇ ਕਲੱਬ ਰਾਹੀਂ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਵੀ ਖਰੀਦੀਆਂ ਹਨ ਅਤੇ ਕਲੱਬ ਦੇ ਸਾਰੇ ਮੈਂਬਰ ਪਰਾਲੀ ਨੂੰ ਬਿਨਾ ਸਾੜੇ ਕਣਕ ਦੀ ਬਿਜਾਈ ਕਰਦੇ ਹਨ। ਰਵੀਂ ਆਖਦੇ ਹਨ ਕਿ ਖੇਤੀ ਵਿਚ ਸਫ਼ਲਤਾ ਲਈ ਜ਼ਰੂਰੀ ਹੈ ਕਿ ਅਸੀਂ ਤਕਨੀਕ ਨੂੰ ਸਮਝ ਕੇ ਖੇਤੀ ਕਰੀਏ ਅਤੇ ਖੇਤੀ ਖਰਚ ਘਟਾ ਕੇ ਆਮਦਨ ਵਾਧੇ ਦੇ ਰਾਹ ਚੱਲੀਏ। ਉਧਰ ਯੁਨੀਵਰਸਿਟੀ ਵਲੋਂ ਇਨਾਮ ਮਿਲਣ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਵੀ ਰਵੀ ਕਾਂਤ ਨੂੰ ਵਧਾਈ ਦਿੰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੇ ਸਫ਼ਲ ਕਿਸਾਨਾਂ ਤੋਂ ਸੇਧ ਲੈ ਕੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀ ਵਿਭਾਗ ਦੀ ਸੇਧ ਨਾਲ ਖੇਤੀ ਕਰ ਕੇ ਅਪਣੀ ਆਮਦਨ ਵਧਾਉਣ।