ਸਮਾਰਟ ਤਰੀਕੇ ਨਾਲ ਕਰੋ ਘਰ ਦੀ ਸਫ਼ਾਈ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਕੋਰੋਨਾ ਵਾਇਰਸ ਦੇ ਵਧਦੇ ਕੇਸ ਲੋਕਾਂ ਦੇ ਦਿਲ 'ਚ ਡਰ ਵਧਾ ਰਹੇ ਹਨ ਜਦਕਿ ਸਰਕਾਰ ਲੋਕਾਂ ਨੂੰ ਇਸ ਤੋਂ ਬਚਣ ਲਈ ਘਰ 'ਚ ਹੀ ਰਹਿਣ ਦੀ ਸਲਾਹ ਦੇ ਰਹੀ ਹੈ

File Photo

ਕੋਰੋਨਾ ਵਾਇਰਸ ਦੇ ਵਧਦੇ ਕੇਸ ਲੋਕਾਂ ਦੇ ਦਿਲ 'ਚ ਡਰ ਵਧਾ ਰਹੇ ਹਨ ਜਦਕਿ ਸਰਕਾਰ ਲੋਕਾਂ ਨੂੰ ਇਸ ਤੋਂ ਬਚਣ ਲਈ ਘਰ 'ਚ ਹੀ ਰਹਿਣ ਦੀ ਸਲਾਹ ਦੇ ਰਹੀ ਹੈ। ਇਸ ਸੂਰਤ 'ਚ ਘਰ ਦੀ ਸਾਫ਼-ਸਫ਼ਾਈ ਹੋਰ ਜ਼ਰੂਰੀ ਹੋ ਗਈ ਹੈ। ਇਸ ਲਈ ਅਸੀਂ ਤੁਹਾਨੂੰ ਘਰ ਨੂੰ ਜਰਮ ਫਰੀ ਕਲੀਨਿੰਗ ਤੇ ਕੋਰੋਨਾਵਾਇਰਸ ਤੋਂ ਬਚਾਉਣ ਲਈ ਕੁਝ ਟਿਪਸ ਦੱਸਾਂਗੇ। ਘਰ 'ਚ ਫਰਸ਼, ਕੰਧਾਂ, ਸਿਰੈਮਿਕ ਟਾਈਲ ਫਲੋਰਸ, ਪੌੜ੍ਹੀਆਂ ਤੇ ਇਨ੍ਹਾਂ ਦੀ ਰੇਲਿੰਗ, ਫਰਨੀਚਰ ਆਦਿ 'ਤੇ ਜਾਣੇ-ਅਣਜਾਣੇ 'ਚ ਦਾਗ਼-ਧੱਬੇ ਪੈ ਹੀ ਜਾਂਦੇ ਹਨ ਪਰ ਇਨ੍ਹਾਂ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਬਾਜ਼ਾਰ ਤੇ ਘਰ 'ਚ ਵੀ ਅਜਿਹਾ ਬਹੁਤ ਸਾਰਾ ਸਾਮਾਨ ਮੁਹੱਈਆ ਰਹਿੰਦਾ ਹੈ, ਜਿਸ ਨਾਲ ਇਨ੍ਹਾਂ ਦਾਗ਼-ਧੱਬਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਾਂਚੇ-ਪਰਖੇ ਤੇ ਅਜ਼ਮਾਏ ਗਏ ਇਨ੍ਹਾਂ ਨੁਸਖਿਆਂ ਰਾਹੀਂ ਤੁਸੀਂ ਵੀ ਆਪਣੇ ਘਰ 'ਚ ਕਿਤੇ ਵੀ ਪਏ ਦਾਗ਼-ਧੱਬਿਆਂ ਨੂੰ ਆਸਾਨੀ ਨਾਲ ਛੁਡਾ ਸਕਦੇ ਹੋ।

ਮਿੰਟਾਂ 'ਚ ਗ਼ਾਇਬ ਹੋਣਗੇ ਦਾਗ਼ ਧੱਬੇ- ਜੇ ਤੁਹਾਡੇ ਘਰ 'ਚ ਸਿਰੈਮਿਕ ਫਲੋਰ ਹੈ ਅਤੇ ਇਸ 'ਤੇ ਦਾਗ਼-ਧੱਬੇ ਪੈ ਗਏ ਹਨ ਤਾਂ ਸਪੰਜ 'ਤੇ ਬੇਕਿੰਗ ਸੋਡਾ ਲਾ ਕੇ ਹਲਕੇ ਗਿੱਲੇ ਕੀਤੇ ਗਏ ਧੱਬਿਆਂ 'ਤੇ ਉਦੋਂ ਤਕ ਰਗੜੋ ਜਦੋਂ ਤਕ ਕਿ ਧੱਬਾ ਮਿਟ ਨਾ ਜਾਵੇ। ਇਸ ਤਰ੍ਹਾਂ ਸੋਡੀਅਮ ਬਾਈਕਾਰਬੋਨੇਟ ਦੀ ਵਰਤੋਂ ਨਾਲ ਸਿਰਫ਼ ਦਾਗ਼-ਧੱਬੇ ਦੂਰ ਹੁੰਦੇ ਹਨ ਸਗੋਂ ਉਸ ਜਗ੍ਹਾ ਦੀ ਚਮਕ ਵੀ ਬਰਕਰਾਰ ਰਹਿੰਦੀ ਹੈ।

ਕੰਧਾਂ ਅਤੇ ਪੋੜ੍ਹੀਆਂ ਦੀ ਰੇਲਿੰਗ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਬਾਜ਼ਾਰ 'ਚ ਮੁਹੱਈਆ ਮਿਸਟਰ ਕਲੀਨ ਮੈਜਿਕ ਇਰੇਜਰ ਨੂੰ ਪਾਣੀ ਨਾਲ ਗਿੱਲਾ ਕਰ ਕੇ ਨਿਸ਼ਾਨ ਵਾਲੇ ਸਥਾਨ 'ਤੇ ਹਲਕੇ ਹੱਥਾਂ ਨਾਲ ਹੌਲੀ-ਹੌਲੀ ਗੋਲਾਈ 'ਚ ਘੁੰਮਾਉਂਦਿਆਂ ਰਗੜਨ ਨਾਲ ਦਾਗ਼-ਧੱਬੇ ਕੁਝ ਹੀ ਮਿੰਟਾਂ 'ਚ ਮਿਟ ਜਾਂਦੇ ਹਨ। ਜੇ ਦਾਗ਼ ਜ਼ਿੱਦੀ ਹਨ ਤਾਂ ਇਸ ਜਗ੍ਹਾ ਨੂੰ ਸੁੱਕਣ ਦਿਓ, ਫਿਰ ਇਹੋ ਪ੍ਰਕਿਰਿਆ ਦੁਹਰਾਓ। ਦਾਗ਼ ਚਲੇ ਜਾਣਗੇ।

ਅੱਜ ਵੀ ਕਈ ਘਰਾਂ, ਪੁਰਾਣੇ ਹੋਟਲਾਂ ਜਾਂ ਰੈਸਤਰਾਂ 'ਚ ਲਿਨੋਲੀਅਮ ਦੇ ਫਰਸ਼ ਦਿਖਾਈ ਦਿੰਦੇ ਹਨ। ਜੇ ਇਸ ਫਰਸ਼ 'ਤੇ ਕਿਤੇ ਦਾਗ਼ ਪੈ ਗਏ ਹੋਣ ਤਾਂ ਘਰ 'ਚ ਮੁਹੱਈਆ ਟੁੱਥਪੇਸਟ ਨੂੰ ਕਿਸੇ ਪੁਰਾਣੇ ਕੱਪੜੇ 'ਤੇ ਲਾ ਕੇ ਦਾਗ਼ਾਂ 'ਤੇ ਰਗੜਨ ਨਾਲ ਜ਼ਿੱਦੀ ਦਾਗ਼ਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਬਾਜ਼ਾਰ 'ਚ ਮੁਹੱਈਆ ਮਾਈਕ੍ਰੋਫਾਈਬਰ ਕੱਪੜੇ ਨੂੰ ਫਰਨੀਚਰ 'ਤੇ ਲੱਗੇ ਦਾਗ਼ 'ਤੇ ਹੌਲੀ-ਹੌਲੀ ਮਲਣ ਨਾਲ ਦਾਗ਼ ਆਸਾਨੀ ਨਾਲ ਮਿਟਾਏ ਜਾ ਸਕਦੇ ਹਨ ਪਰ ਧਿਆਨ ਰਹੇ ਕਿ ਮਾਈਕ੍ਰੋਫਾਈਬਰ ਕੱਪੜੇ ਨੂੰ ਰਗੜੋ ਨਾ।

ਬੜਾ ਗੁਣਕਾਰੀ ਹੈ ਬੇਕਿੰਗ ਸੋਡਾ- ਅਮਰੀਕਾ 'ਚ ਹਾਲੀਡੇ ਕਲੀਨਿੰਗ ਦਾ ਬਹੁਤ ਪ੍ਰਚਲਨ ਹੈ। ਰੋਜ਼ਮੱਰ੍ਹਾ ਦੀ ਭੱਜਦੌੜ 'ਚ ਜਿੱਥੇ ਰੋਜ਼ਾਨਾ ਸਫ਼ਾਈ ਕਰਨ ਦਾ ਨਾ ਤਾਂ ਕਿਸੇ ਕੋਲ ਵਕਤ ਹੁੰਦਾ ਹੈ ਅਤੇ ਨਾ ਹੀ ਜ਼ਰੂਰਤ। ਇਸ ਲਈ ਅਮਰੀਕੀ ਲੋਕ ਵੀਕਐਂਡ ਜਾਂ ਛੁੱਟੀ ਵਾਲੇ ਦਿਨ ਪੂਰੇ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰਦੇ ਹਨ। ਜਿਸ ਨੂੰ ਡੀਪ ਕਲੀਨਿੰਗ ਦਾ ਨਾਂ ਦਿੱਤਾ ਗਿਆ ਹੈ। ਇਹੋ ਪ੍ਰਚਲਨ ਅੱਜਕੱਲ੍ਹ ਭਾਰਤੀ ਬਹੁਕੌਮੀ ਕੰਪਨੀਆਂ 'ਚ ਕੰਮ ਕਰ ਰਹੇ ਨੌਜਵਾਨ ਜੋੜਿਆਂ 'ਚ ਹੈ। ਉਹ ਕਲੀਨਿੰਗ ਲਈ ਬਾਜ਼ਾਰ 'ਚ ਮੁਹੱਈਆ ਕਲੀਨਿੰਗ ਏਜੰਟ ਨਾਲ ਬੇਕਿੰਗ ਸੋਡਾ ਲਿਆਉਣਾ ਨਹੀਂ ਭੁੱਲਦੇ।

ਬਾਥਰੂਮ ਦੀਆਂ ਟਾਈਲਾਂ, ਦੀਵਾਰਾਂ, ਲੌਂਡਰੀ ਰੂਮ, ਲਿਵਿੰਗ ਰੂਮ ਆਦਿ 'ਚ ਲੱਗੇ ਦਾਗ਼-ਧੱਬਿਆਂ ਨੂੰ ਬੇਕਿੰਗ ਸੋਡੇ ਨਾਲ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਲੀਚੇ 'ਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਛਿੜਕ ਕੇ ਗਲੀਚੇ ਨੂੰ ਵੈਕਿਊਮ ਕਰੋ। ਗਲੀਚਾ ਇਕਦਮ ਸਾਫ਼ ਹੋ ਜਾਵੇਗਾ ਅਤੇ ਬਦਬੂ ਵੀ ਦੂਰ ਹੋ ਜਾਵੇਗੀ।
ਬੈੱਡਰੂਮ 'ਚ ਤਾਜ਼ਗੀ- ਬੈੱਡਰੂਮ 'ਚ ਤਾਜ਼ਗੀ ਲਿਆਉਣ ਲਈ ਕੰਬਲ 'ਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਛਿੜਕ ਦਿਓ। ਫਿਰ ਇਸ ਨੂੰ ਜ਼ੋਰ-ਜ਼ੋਰ ਨਾਲ ਝਾੜ ਦਿਓ। ਬਦਬੂ ਵੀ ਦੂਰ ਹੋ ਜਾਵੇਗੀ।

ਫਰਿੱਜ 'ਚ ਸਬਜ਼ੀਆਂ ਰਹਿਣਗੀਆਂ ਤਾਜ਼ੀਆਂ- ਫਰਿੱਜ 'ਚ ਰੱਖੀਆਂ ਚੀਜ਼ਾਂ ਦੇਰ ਤਕ ਤਾਜ਼ੀਆਂ ਬਣਾਈ ਰੱਖਣ ਲਈ ਡੱਬੀ 'ਚ ਬੇਕਿੰਗ ਸੋਡਾ ਪਾ ਕੇ ਇਸ ਨੂੰ ਫਰਿੱਜ 'ਚ ਰੱਖ ਦਿਓ। ਇਨ੍ਹਾਂ ਦੀ ਤਾਜ਼ਗੀ ਬਣੀ ਰਹੇਗੀ।

ਇਸੇ ਤਰ੍ਹਾਂ ਕੁਕਿੰਗ ਰੇਂਜ, ਮਾਈਕ੍ਰੋਵੇਵ ਓਵਨ, ਚਿਮਨੀ ਆਦਿ 'ਤੇ ਵੀ ਬੇਕਿੰਗ ਸੋਡਾ ਮਿਲੇ ਪਾਣੀ 'ਚ ਭਿੱਜੇ ਕੱਪੜੇ ਨੂੰ ਇਨ੍ਹਾਂ 'ਤੇ ਮਲਣ ਨਾਲ ਇਨ੍ਹਾਂ ਦੀ ਗੰਦਗੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਿੰਕ ਨੂੰ ਵੀ ਬੇਕਿੰਗ ਸੋਡੇ ਨਾਲ ਚਮਕਾਇਆ ਜਾ ਸਕਦਾ ਹੈ। ਕੂੜੇਦਾਨ ਦੀ ਚਮਕ ਬਰਕਰਾਰ ਰੱਖਣੀ ਹੈ ਤਾਂ ਵੀ ਇਸ ਨੂੰ ਅਜ਼ਮਾਉਣਾ ਨਾ ਭੁੱਲੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।