Mission Gaganyan: ਤਿਆਰ ਹੋ ਗਈ ਹੈ ਪੁਲਾੜ ਯਾਤਰੀਆਂ ਲਈ 'ਦੇਸੀ' ਖਾਣੇ ਦੀ ਸੂਚੀ, ਜਾਣੋ ਕੀ ਖਾਣਗੇ?

ਏਜੰਸੀ

ਜੀਵਨ ਜਾਚ, ਖਾਣ-ਪੀਣ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੀਤੀ ਇਕ ਜਨਵਰੀ ਨੂੰ ਐਲਾਨ ਕੀਤਾ ਸੀ ਕਿ ਗਗਨਯਾਨ ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕਰ ਲਈ ਗਈ ਹੈ।

Photo

ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੀਤੀ ਇਕ ਜਨਵਰੀ ਨੂੰ ਐਲਾਨ ਕੀਤਾ ਸੀ ਕਿ ਗਗਨਯਾਨ ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕਰ ਲਈ ਗਈ ਹੈ। ਜਲਦ ਹੀ ਰੂਸ ਵਿਚ ਉਹਨਾਂ ਦੀ ਸਿਖਲਾਈ ਸ਼ੁਰੂ ਹੋ ਜਾਵੇਗੀ। ਇਹਨਾਂ ਪੁਲਾੜ ਯਾਤਰੀਆਂ ਲਈ ਖਾਣੇ ਦਾ ਮੈਨਿਊ ਵੀ ਤਿਆਰ ਹੋ ਚੁੱਕਾ ਹੈ।

ਪੁਲਾੜ ਵਿਚ ਜਾਣ ਵਾਲੇ ਯਾਤਰੀਆਂ ਨੂੰ ਜੋ ਖਾਣਾ ਦਿੱਤਾ ਜਾਵੇਗਾ, ਉਹਨਾਂ ਵਿਚ ਐਗ ਰੋਲ, ਵੈਜ ਰੋਲ, ਮੂੰਗ ਦਾਲ ਦਾ ਹਲਵਾ ਅਤੇ ਵੈਜ ਪੁਲਾਓ ਵੀ ਸ਼ਾਮਲ ਹਨ। ਪੁਲਾੜ ਯਾਤਰੀਆਂ ਨੂੰ ਇਹ ਖਾਣਾ ਮੈਸੂਰ ਸਥਿਤ ਡਿਫੈਂਸ ਫੂਡ ਰਿਸਰਚ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਪੁਲਾੜ ਵਿਚ ਖਾਣਾ ਗਰਮ ਕਰਨ ਲਈ ਹੀਟਰ ਦਾ ਪ੍ਰਬੰਧ ਵੀ ਹੋਵੇਗਾ।

ਇੰਨਾ ਹੀ ਨਹੀਂ ਪੁਲਾੜ ਯਾਤਰੀਆਂ ਲਈ ਪਾਣੀ ਅਤੇ ਜੂਸ ਦੇ ਨਾਲ-ਨਾਲ ਤਰਲ ਭੋਜਨ ਦਾ ਵੀ ਪ੍ਰਬੰਧ ਹੋਵੇਗਾ। ਜ਼ੀਰੋ ਗਰੈਵਿਟੀ ਨੂੰ ਦੇਖਦੇ ਹੋਏ ਮਿਸ਼ਨ ਗਗਨਯਾਨ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਗਗਨਯਾਨ ਲਈ ਪਾਣੀ ਅਤੇ ਜੂਸ ਲਈ ਖ਼ਾਸ ਤੌਰ ‘ਤੇ ਪੈਕੇਟ ਬਣਾਇਆ ਗਿਆ ਹੈ ਜੋ ਜ਼ੀਰੋ ਗਰੈਵਿਟੀ ਵਾਲੇ ਮਾਹੌਲ ਵਿਚ ਸਹੀ ਰਹੇਗਾ।

ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਪੁਲਾੜ ਵਿਚ ਨਾ ਹੀ ਫਟੇਗਾ ਅਤੇ ਨਾ ਹੀ ਸੜੇਗਾ। ਡੀਐੱਫਆਰਐੱਲ (Defence Food Research Laboratory) ਦੇ ਡਾਇਰੈਕਟਰ ਡਾ. ਅਨਿਲ ਦੱਤ ਸੇਮਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ਇਹ ਖਾਣੇ ਦਾ ਸਾਰਾ ਸਾਮਾਨ ਐਸਟ੍ਰੋਨੌਟਸ ਖਾ ਕੇ ਦੇਖਦੇ ਹਨ ਕਿਉਂਕਿ ਇਸ ਖਾਣੇ ਦੀ ਚੋਣ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਉਹਨਾਂ ਨੂੰ ਇਹ ਖਾਣਾ ਕਿਵੇਂ ਲੱਗਦਾ ਹੈ।

ਇਸ ਦੇ ਨਾਲ ਹੀ ਇਸਰੋ ਦੀ ਇਕ ਟੀਮ ਇਸ ਖਾਣੇ ਦੀ ਜਾਂਚ ਕਰੇਗੀ। ਜ਼ਿਕਰਯੋਗ ਹੈ ਕਿ ਮਿਸ਼ਨ ਗਗਨਯਾਨ  ਦੇ ਲਈ ਹਵਾਈ ਫੌਜ ਦੇ ਚਾਰ ਪਾਇਲਟਾਂ ਦੀ ਚੋਣ ਹੋਈ ਹੈ ਅਤੇ ਇਹਨਾਂ ਨੂੰ ਟ੍ਰੇਨਿੰਗ ਲਈ ਰੂਸ ਭੇਜਿਆ ਜਾਵੇਗਾ। ਇਸ ਮਿਸ਼ਨ ਲਈ ਕੁੱਲ਼ ਲਾਗਤ 600 ਕਰੋੜ ਰੁਪਏ ਰੱਖੀ ਗਈ ਹੈ। ਇਸਰੋ ਮੁਖੀ ਸਿਵਨ ਨੇ ਦੱਸਿਆ, ‘ਹਵਾਈ ਫੌਜ ਦੇ ਚਾਰ ਪਾਇਲਟ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੇ ਹਨ। ਇਹਨਾਂ ਚਾਰੇ ਪਾਇਲਟਾਂ ਨੂੰ ਟ੍ਰੇਨਿੰਗ ਲਈ ਰੂਸ ਭੇਜਣ ਦੀ ਯੋਜਨਾ ਹੈ’।