ਇਸਰੋ ਨੇ ਪੁਲਾੜ ਵਿਚ ਫਿਰ ਰਚਿਆ ਇਤਿਹਾਸ, RiSAT-2BR1 ਲਾਂਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸਰੋ ਨੇ ਅੱਜ 11 ਦਸੰਬਰ 2019 ਨੂੰ ਦੁਪਹਿਰ 3.25 ‘ਤੇ ਤਾਕਤਵਰ ਰਾਡਾਰ ਇਮੇਜਿੰਗ ਸੈਟੇਲਾਈਟ ਰੀਸੈਟ-2ਬੀਆਰ 1 (RiSAT-2BR1) ਦੀ ਸਫਲ ਲਾਂਚਿੰਗ ਕਰ ਦਿੱਤੀ ਹੈ।

ISRO Launches Satellite RISAT-2BR1

ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ- ਇਸਰੋ (Indian Space Research Organization- ISRO) ਨੇ ਅੱਜ 11 ਦਸੰਬਰ 2019 ਨੂੰ ਦੁਪਹਿਰ 3.25 ‘ਤੇ ਤਾਕਤਵਰ ਰਾਡਾਰ ਇਮੇਜਿੰਗ ਸੈਟੇਲਾਈਟ ਰੀਸੈਟ-2ਬੀਆਰ 1 (RiSAT-2BR1) ਦੀ ਸਫਲ ਲਾਂਚਿੰਗ ਕਰ ਦਿੱਤੀ ਹੈ।  ਲਾਂਚਿੰਗ ਤੋਂ ਬਾਅਦ ਹੁਣ ਦੇਸ਼ ਦੀਆਂ ਸਰਹੱਦਾਂ ‘ਤੇ ਨਜ਼ਰ ਰੱਖਣਾ ਅਸਾਨ ਹੋ ਜਾਵੇਗਾ।

ਇਹ ਸੈਟੇਲਾਈਟ ਰਾਤ ਦੇ ਹਨੇਰੇ ਅਤੇ ਖ਼ਰਾਬ ਮੌਸਮ ਵਿਚ ਵੀ ਕੰਮ ਕਰੇਗਾ। ਯਾਨੀ ਧਰਤੀ ‘ਤੇ ਕਿੰਨਾ ਵੀ ਮੌਸਮ ਖਰਾਬ ਹੋਵੇ, ਇਸ ਦੀਆਂ ਨਿਗਾਹਾਂ ਉਹਨਾਂ ਬੱਦਲਾਂ ਨੂੰ ਚੀਰ ਕੇ ਸੀਮਾਵਾਂ ਦੀਆਂ ਸਪੱਸ਼ਟ ਤਸਵੀਰ ਲੈ ਲੈਣਗੀਆਂ। ਇੰਨਾ ਹੀ ਨਹੀਂ ਇਸ ਲਾਂਚਿੰਗ ਦੇ ਨਾਲ ਹੀ ਇਸਰੋ ਦੇ ਨਾਂਅ ਇਕ ਹੋਰ ਰਿਕਾਰਡ ਬਣ ਗਿਆ ਹੈ। ਇਹ ਰਿਕਾਰਡ ਹੈ 20 ਸਾਲਾਂ ਵਿਚ 33 ਦੇਸ਼ਾਂ ਦੇ 319 ਉਪ ਗ੍ਰਹਿ ਛੱਡਣ ਦਾ।

1999 ਤੋਂ ਲੈ ਕੇ ਹੁਣ ਤੱਕ ਇਸਰੋ ਨੇ ਕੁੱਲ 310 ਵਿਦੇਸ਼ੀ ਸੈਟੇਲਾਈਟਸ ਪੁਲਾੜ ਵਿਚ ਸਥਾਪਤ ਕੀਤੇ ਹਨ। ਅੱਜ ਦੇ 9 ਉਪਗ੍ਰਹਿ ਨੂੰ ਮਿਲਾ ਦਿੱਤਾ ਜਾਵੇ ਤਾਂ ਗਿਣਤੀ 319 ਹੋ ਗਈ ਹੈ। ਇਹ 319 ਸੈਟੇਲਾਈਟਸ 33 ਦੇਸ਼ਾਂ ਦੇ ਹਨ। ਕਾਮਰਸ਼ੀਅਲ ਲਾਂਚਿੰਗ ਨੂੰ ਲੈ ਕੇ ਇਸਰੋ ਦੀ ਸਮਰੱਥਾ ਵਿਚ ਸਾਲ ਦਰ ਸਾਲ ਵਾਧਾ ਹੋਇਆ ਹੈ। ਸਭ ਤੋਂ ਪਹਿਲਾ ਕਮਰਸ਼ੀਅਲ ਲਾਂਚ 26 ਮਈ 1999 ਨੂੰ ਕੀਤਾ ਗਿਆ ਸੀ।

90 ਦੇ ਦਹਾਕੇ ਵਿਚ ਦੋ ਵਿਦੇਸ਼ੀ ਉਪਗ੍ਰਹਿ ਲਾਂਚ ਕੀਤੇ ਗਏ। ਇਸ ਤੋਂ ਬਾਅਦ ਅਗਲੇ ਇਕ ਦਹਾਕੇ ਵਿਚ ਯਾਨੀ 2010 ਤੱਕ ਇਸਰੋ ਨੇ 20 ਵਿਦੇਸ਼ੀ ਉਪਗ੍ਰਹਿ ਛੱਡੇ। ਇਸ ਤੋਂ ਬਾਅਦ 2010 ਤੋਂ ਹੁਣ ਤੱਕ 297 ਵਿਦੇਸ਼ੀ ਉਪਗ੍ਰਹਿ ਲਾਂਚ ਕੀਤੇ। ਇਸਰੋ ਨੇ ਪਿਛਲੇ ਤਿੰਨ ਸਾਲਾਂ ਵਿਚ ਕਮਰਸ਼ੀਅਲ ਲਾਂਚਿੰਗ ਨਾਲ ਕਰੀਬ 6289 ਕਰੋੜ ਰੁਪਏ ਕਮਾਏ।