ਨਾਸ਼ਤਾ ਨਾ ਕਰਨ ਵਾਲੇ ਸਾਵਧਾਨ! ਸਿਹਤ 'ਤੇ ਭਾਰੀ ਪੈ ਸਕਦੀ ਏ ਇਹ ਆਦਤ!

ਏਜੰਸੀ

ਜੀਵਨ ਜਾਚ, ਖਾਣ-ਪੀਣ

ਸਰੀਰਕ ਤੰਦਰੁਸਤੀ ਲਈ ਸਮੇਂ ਸਿਰ ਸਹੀ ਨਾਸ਼ਤਾ ਲੈਣਾ ਜ਼ਰੂਰੀ

file photo

ਨਵੀਂ ਦਿੱਲੀ : ਅਜੋਕੇ ਸਮੇਂ 'ਵਕਤ' ਦੀ ਕਮੀ ਸੱਭ ਨੂੰ ਸਤਾ ਰਹੀ ਹੈ। ਹਰ ਕੋਈ ਸਮੇਂ ਦੀ 'ਕਮੀ' ਨਾਲ ਜੂਝ ਰਿਹਾ ਪ੍ਰਤੀਤ ਹੁੰਦਾ ਹੈ। ਨੌਕਰੀਪੇਸ਼ਾ ਤੋਂ ਲੈ ਕੇ ਕਾਰੋਬਾਰੀ ਤਕ ਸਮੇਂ ਦੀ ਤੇਜ਼ ਰਫ਼ਤਾਰ ਤੋਂ ਪੀੜਤ ਹਨ। ਇੱਥੋਂ ਤਕ ਕਿ ਕਿਸੇ ਕੋਲ ਅਪਣੇ ਖਾਣ-ਪਾਣ ਵੱਲ ਧਿਆਨ ਦੇਣ ਦਾ ਸਮਾਂ ਵੀ ਨਹੀਂ ਬਚਿਆ। ਇੱਥੋਂ ਤਕ ਕਿ ਹੁਣ ਜ਼ਿਆਦਾਤਰ ਲੋਕਾਂ ਕੋਲ ਨਾਸ਼ਤਾ ਤਕ ਕਰਨ ਲਈ ਸਮਾਂ ਨਹੀਂ ਹੁੰਦਾ ਜਾਂ ਉਹ ਨਾਸ਼ਤਾ ਕਰਨਾ ਹੀ ਨਹੀਂ ਚਾਹੁੰਦੇ।

ਇੱਥੋਂ ਹੀ ਸ਼ੁਰੂ ਹੁੰਦੀ ਹੈ, ਖੁਦ ਨਾਲ ਦੁਸ਼ਮਣੀ ਕਮਾਉਣ ਦੀ ਸ਼ੁਰੂਆਤ। ਕਿਉਂਕਿ ਜਿਸ ਸਰੀਰ ਦੇ ਦਮ 'ਤੇ ਅਸੀਂ ਸਮੇਂ ਦੀ ਰਫ਼ਤਾਰ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਅਸਲ ਵਿਚ ਉਸ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਵਿਸਾਰ ਕੇ ਖੁਦ ਨੂੰ ਹਨੇਰੇ ਰਾਹਾਂ ਵੱਲ ਲਿਜਾ ਰਹੇ ਹੁੰਦੇ ਹਾਂ।

ਜੇਕਰ ਸਰੀਰ ਹੀ ਠੀਕ ਨਾ ਰਿਹਾ, ਤਾਂ ਅਸੀਂ ਸਮੇਂ ਦੀ ਰਫ਼ਤਾਰ ਨਾਲ ਚੱਲਣ ਬਾਰੇ ਸੋਚ ਵੀ ਨਹੀਂ ਸਕਾਂਗੇ, ਤਦ ਸਾਡਾ ਸਾਰਾ ਧਿਆਨ ਸਰੀਰ 'ਚ ਪੈਦਾ ਹੋਈ ਕਮੀ 'ਤੇ ਆ ਕੇ ਟਿੱਕ ਜਾਵੇਗਾ। ਸਰੀਰ ਨੂੰ ਚੱਲਦਾ ਰੱਖਣ ਲਈ ਊਰਜਾ ਦੀ ਲੋੜ ਪੈਂਦੀ ਹੈ, ਜਿਸ ਦੇ ਉਤਪਾਦਨ ਲਈ ਸਮੇਂ ਸਿਰ ਸਹੀ ਨਾਸ਼ਤਾ ਜ਼ਰੂਰੀ ਹੁੰਦਾ ਹੈ। ਸਹੀ ਨਾਸ਼ਤ ਸਰੀਰ ਦੀ ਊਰਜਾ ਉਤਪਤੀ ਵਿਚ ਵਡਮੁੱਲਾ ਯੋਗਦਾਨ ਪਾਉਂਦਾ ਹੈ।

ਨਾਸ਼ਤਾ ਨਾ ਕਰਨ ਦੇ ਕਾਰਨ : ਨਾਸ਼ਤਾ ਨਾ ਕਰਨ ਦੇ ਕਾਰਨਾਂ 'ਚ ਸਮੇਂ ਦੀ ਘਾਟ, ਬਚਪਨ ਤੋਂ ਨਾਸ਼ਤਾ ਨਾ ਕਰਨ ਦੀ ਆਦਤ, ਰਾਤ ਨੂੰ ਅਗਲੇ ਦਿਨ ਦੇ ਨਾਸ਼ਤੇ ਦੀ ਤਿਆਰ ਨਾ ਕਰਨਾ, ਕਬਜ਼ ਜਾਂ ਪੂਰੀ ਤਰ੍ਹਾਂ ਪੇਟ ਸਾਫ਼ ਨਾ ਹੋਣਾ ਹੋ ਸਕਦਾ ਹੈ। ਪੇਟ ਸਾਫ਼ ਨਾ ਹੋਣ ਦੀ ਸੂਰਤ ਵਿਚ ਅਗਲੇ ਦਿਨ ਸਵੇਰੇ ਕੁੱਝ ਖਾਣ ਦੀ ਇੱਛਾ ਹੀ ਨਹੀਂ ਹੁੰਦੀ।

ਸਵੇਰੇ ਚਾਹ ਨਾਲ ਬਿਸਕੁੱਟ ਆਦਿ ਖਾਣ ਨਾਲ ਵੀ ਨਾਸ਼ਤਾ ਕਰਨ 'ਚ ਦਿੱਕਤ ਆਉਂਦੀ ਹੈ। ਇਸ ਨਾਲ ਪੇਟ ਭਾਵੇਂ ਭਰਿਆ ਮਹਿਸੂਸ ਹੁੰਦਾ ਹੈ ਪਰ ਸਾਡਾ ਸਰੀਰ ਨਾਸ਼ਤੇ ਤੋਂ ਮਿਲਣ ਵਾਲੇ ਪੌਸ਼ਟਿਕ ਤੱਤਾਂ ਵੀ ਵਾਂਝਾ ਰਹਿ ਜਾਂਦਾ ਹੈ। ਜਦੋਂ ਅਸੀਂ ਰਾਤ ਦਾ ਖਾਣਾ ਦੇਰੀ ਨਾਲ ਖਾਂਦੇ ਹਾਂ ਤਾਂ ਅਗਲੇ ਦਿਨ ਸਵੇਰੇ ਪੇਟ ਭਰਿਆ ਲੱਗਣ ਕਾਰਨ ਅਸੀਂ ਠੀਕ ਢੰਗ ਨਾਲ ਨਾਸ਼ਤਾ ਨਹੀਂ ਕਰ ਪਾਉਂਦੇ।

ਕੁਝ ਲੋਕ ਨਾਸ਼ਤਾ ਤੇ ਦੁਪਹਿਰ ਦੇ ਖਾਣੇ ਨੂੰ ਜੋੜ ਕੇ ਇਕੇ ਸਮੇਂ ਕਰ ਲੈਂਦੇ ਹਨ ਜਿਸ ਨੂੰ ਉਹ ਬ੍ਰੰਚ ਕਹਿੰਦੇ ਹਨ। ਇਸ ਨਾਲ ਉਨ੍ਹਾਂ ਨੂੰ ਨਾਸ਼ਤੇ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਬਹੁਤੇ ਲੋਕ ਸਵੇਰੇ ਇੰਨੀ ਨੀਂਦ 'ਚ ਹੁੰਦੇ ਹਨ ਕਿ ਉਨ੍ਹਾਂ ਨੂੰ ਨਾਸ਼ਤਾ ਬਣਾਉਣ ਦੇ ਖਾਣ ਦੀ ਇੱਛਾ ਨਹੀਂ ਹੁੰਦੀ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਨਾਸ਼ਤੇ ਪ੍ਰਤੀ ਜਾਗਰੂਕਤਾ ਆਈ ਹੈ। ਪਰ ਅਜੇ ਵੀ ਇਸ ਬਾਰੇ ਹੋਰ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ।

ਕਿਵੇਂ ਦਾ ਹੋਵੇ ਸੰਤੁਲਿਤ ਨਾਸ਼ਤਾ : ਨਾਸ਼ਤੇ ਅਜਿਹਾ ਹੋਣਾ ਚਾਹੀਦੈ ਜੋ ਸਰੀਰ 'ਚ ਊਰਜਾ ਉਤਪਾਦਨ ਤੇ ਸਰੀਰ ਦੇ ਨਿਰਮਾਣ ਜਾਂ ਟੁੱਟ-ਭੱਜ ਦੀ ਮੁਰੰਮਤ ਸੁਚਾਰੂ ਰੂਪ 'ਚ ਕਰਨ ਦੇ ਸਮਰਥ ਹੋਵੇ। ਇਸ ਲਈ ਸੰਤੁਲਿਤ ਤੇ ਪੌਸ਼ਟਿਕ ਨਾਸ਼ਤਾ ਉਹੀ ਮੰਨਿਆ ਜਾਂਦਾ ਹੈ ਜਿਸ ਵਿਚ ਖਾਣੇ ਦੇ ਸਾਰੇ ਸਮੂਹ ਸ਼ਾਮਲ ਹੋਣੇ ਚਾਹੀਦੇ ਹਨ। ਅਨਾਜ ਵਿਚ (ਪੋਹਾ/ ਦਲੀਆ/ ਮਿਊਜਲੀ/ ਉਪਮਾ/ ਸਾਦੀ ਜਾਂ ਭਰਵੀਂ ਰੋਟੀ/ ਹਲਕੇ ਤੇਲ ਨਾਲ ਬਣੇ ਸਾਦੇ ਜਾਂ ਭਰਵੇਂ ਪਰੌਂਠੇ/ ਹੋਲ ਗ੍ਰੇਨ ਬ੍ਰੈੱਡ ਦੇ ਸੈਂਡਵਿਚ ਆਦਿ ਹਨ।

ਪ੍ਰੋਟੀਨ ਵਿਚ ਪਨੀਰ, ਆਂਡਾ, ਦਹੀਂ ਆਦਿ ਆ ਜਾਂਦੇ ਹਨ। ਸ਼ਾਕਾਹਾਰੀ ਲੋਕ ਪੁੰਗਰਿਆ ਅਨਾਜ ਲੈ ਸਕਦੇ ਹਨ। ਸਬਜ਼ੀਆਂ ਵਿਚ ਅਲੱਗ-ਅਲੱਗ ਰੰਗ ਵਾਲੀਆਂ ਸਬਜ਼ੀਆਂ ਸ਼ਾਮਲ ਹਨ ਜਦਕਿ ਫਲ਼ ਵਿਚ ਸਮੁੱਚੇ ਫਲ ਆ ਜਾਂਦੇ ਹਨ ਜਦਕਿ ਜਿੰਨਾ ਹੋ ਸਕੇ ਜੂਸ ਪਰਹੇਜ ਹੀ ਕਰਨਾ ਚਾਹੀਦੈ। ਓਮੈਗਾ ਵਿਚ 3 ਫੈਟੀ ਐਸਿਡ- ਵੱਖ-ਵੱਖ ਤਰ੍ਹਾਂ ਦੇ ਸੁੱਕੇ ਮੇਵੇ ਤੇ ਬੀਅ ਆ ਜਾਂਦੇ ਹਨ। ਤਰਲ ਪਦਾਰਥ ਵਜੋਂ ਦੁੱਧ/ ਚਾਹ/ ਕੌਫੀ/ ਮੱਠਾ/ ਗ੍ਰੀਨ ਟੀ/ ਨਾਰੀਅਲ ਪਾਣੀ/ ਸਬਜ਼ੀਆਂ ਦਾ ਰਸ/ ਸੂਪ/ਨਿੰਬੂ-ਪਾਣੀ ਆਦਿ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।