ਮੌਸਮ 'ਚ ਹੁੰਮਸ ਕਰ ਕੇ ਪੈਰ ਪਸਾਰ ਸਕਦੈ ਡੇਂਗੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹੁਣ ਤਕ 23 ਮਾਮਲੇ ਆਏ ਸਾਹਮਣੇ, ਪਿਛਲੇ ਸਾਲ 34 ਲੋਕਾਂ ਨੂੰ ਹੋਇਆ ਸੀ ਡੇਂਗੂ

Dengue

ਚੰਡੀਗੜ੍ਹ (ਤਰੁਣ ਭਜਨੀ): ਸ਼ਹਿਰ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਾਲੇ ਤਕ ਡੇਂਗੂ ਦੇ ਮਾਮਲੇ ਘਟੇ ਹਨ। ਹਾਲਾਂਕਿ ਸਿਹਤ ਵਿਭਾਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਜੇ ਮੌਸਮ ਵਿਚ ਇਸੇ ਤਰ੍ਹਾਂ ਹੁੰਮਸ ਰਹੀ ਤਾਂ ਡੇਂਗੂ ਪੈਰ ਪਸਾਰ ਸਕਦਾ ਹੈ। ਅਗੱਸਤ ਮਹੀਨੇ ਦੇ ਆਖ਼ਰ ਤਕ ਸ਼ਹਿਰ ਵਿਚ ਡੇਂਗੂ ਦੇ 23 ਦੇ ਕਰੀਬ ਮਾਮਲੇ ਆ ਚੁਕੇ ਹਨ ਜਦਕਿ ਪਿਛਲੇ ਸਾਲ ਅਗੱਸਤ ਤਕ 34 ਮਾਮਲੇ ਸਾਹਮਣੇ ਆਏ ਸਨ।

ਡਾਕਟਰਾਂ ਦਾ ਕਹਿਣਾ ਹੈ ਕਿ ਹੁੰਮਸ ਵਧਣ ਨਾਲ ਮੱਛਰ ਵਧ ਪਣਪਦੇ ਹਨ। ਜੇ ਮੌਸਮ ਵਿਚ ਸੁਧਾਰ ਨਾ ਹੋਇਆ ਤਾਂ ਡੇਂਗੂ ਦੇ ਮਾਮਲੇ ਵਧ ਸਕਦੇ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਇਸ ਸਬੰਧੀ ਧਿਆਨ ਦੇਣ ਲਈ ਕਿਹਾ ਹੈ ਤਾਕਿ ਉਹ ਡੇਂਗੂ ਤੋਂ ਬਚ ਸਕਣ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲੇ ਘਟੇ ਹਨ। ਉਨ੍ਹਾਂ ਕਿਹਾ ਕਿ ਲੋਕ ਘਰਾਂ ਵਿਚ ਪਾਣੀ ਇਕੱਠਾ ਨਾ ਹੋਣ ਦੇਣ। ਇਸ ਸਾਲ ਸਿਹਤ ਵਿਭਾਗ ਦੇ ਮਲੇਰੀਆ ਵਿੰਗ ਵਲੋਂ ਲੋਕਾਂ ਨੂੰ 5 ਹਜ਼ਾਰ ਨੋਟਿਸ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਪਾਣੀ ਖੜੇ ਪਾਣੀ ਦਾ ਧਿਆਨ ਨਾ ਰੱਖਣ 'ਤੇ ਚਲਾਨ ਵੀ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰਾਂ ਵਿਚ ਜਾਂਚ ਕਰਨ ਵਾਲੀ ਟੀਮ ਨੂੰ ਲੋਕ ਸਹਿਯੋਗ ਨਹੀਂ ਦਿੰਦੇ ਹਨ, ਜਿਸ ਨਾਲ ਜਾਂਚ ਕਰਨ ਔਖਾ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਸਾਲ 2017 ਵਿਚ  ਸੱਭ ਤੋਂ ਵੱਧ ਡੇਂਗੂ ਦੇ ਮਾਮਲੇ ਦਰਜ ਕੀਤੇ ਗਏ। 2017 ਵਿਚ 938, ਜਦਕਿ 2018 ਵਿਚ 700 ਦੇ ਕਰੀਬ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਡੇਂਗੂ ਨੂੰ ਰੋਕਣ ਵਿਚ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।

ਬਿਨਾਂ ਲੋਕਾਂ ਦੇ ਜਾਗਰੂਕ ਹੋਏ ਡੇਂਗੂ ਨੂੰ ਨਹੀਂ ਰੋਕਿਆ ਜਾ ਸਕਦਾ। ਡਾਕਟਰਾਂ ਮੁਤਾਬਕ 1970 ਵਿਚ ਡੇਂਗੂ ਕੇਵਲ 9 ਦੇਸ਼ਾਂ ਵਿਚ ਸੀ ਪਰ ਹੁਣ 100 ਦੇ ਕਰੀਬ ਦੇਸ਼ਾਂ ਵਿਚ ਇਹ ਬੀਮਾਰੀ ਵਧ ਚੁਕੀ ਹੈ। ਡੇਂਗੂ ਫੈਲਾਉਣ ਵਾਲੇ ਏਡੀਜ ਮੱਛਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਸੰਭਵ ਨਹੀਂ ਹੈ। ਗਰਮ ਤੋਂ ਗਰਮ ਮੌਸਮ ਵਿਚ ਵੀ ਇਹ ਮੱਛਰ ਜਿੰਦਾ ਰਹਿ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਏਡੀਜ ਮੱਛਰਾਂ ਦੇ ਆਂਡੇ 12 ਤੋਂ 18 ਮਹੀਨੇ ਤਕ ਗਰਮ ਅਤੇ ਸੁੱਕੇ ਦੀ ਹਾਲਤ ਵਿਚ ਵੀ ਜ਼ਿੰਦਾ ਰਹਿੰਦੇ ਹਨ ।
ਇਹ ਅੱਖਾਂ ਤੋਂ ਦਿਸਦੇ ਵੀ ਨਹੀਂ ਹਨ ਇਸ ਲਈ ਇਨ੍ਹਾਂ ਨੂੰ ਮਾਰ ਪਾਉਣਾ ਸੋਖਾ ਨਹੀਂ ਹੈ।

ਜਿਵੇਂ ਹੀ ਪਾਣੀ ਮਿਲਦਾ ਹੈ ਇਹ ਆਂਡਾ ਲਾਰਵਾ ਵਿਚ ਬਦਲ ਜਾਂਦਾ ਹੈ ਅਤੇ ਫਿਰ ਵੱਡਾ ਮੱਛਰ ਬਣ ਜਾਂਦਾ ਹੈ। ਇਸ ਤੋਂ ਬਾਅਦ ਲੋਕ ਮੱਛਰਾਂ ਤੋਂ ਬਚਾਅ ਲੱਭਣ ਲਗਦੇ ਹਨ। ਹਾਲੇ ਇਸ ਦੇ ਆਂਡੇ ਅਤੇ ਲਾਰਵਾ ਨੂੰ ਖ਼ਤਮ ਕਰਨ ਦਾ ਸੱਭ ਤੋਂ ਸਹੀ ਵਕਤ ਹੈ। ਡੇਂਗੂ ਬੁਖ਼ਾਰ ਦੇ ਲੱਛਣ : ਏਡੀਜ ਇਜਿਪਟੀ ਮੱਛਰ ਦੇ ਕੱਟੇ ਜਾਣ ਦੇ ਕਰੀਬ 3 - 5 ਦਿਨਾਂ ਦੇ ਬਾਅਦ ਮਰੀਜ਼ ਵਿਚ ਡੇਂਗੂ ਬੁਖਾਰ ਦੇ ਲੱਛਣ ਵਿਖਾਈ ਦੇਣ ਲੱਗ ਪੈਂਦੇ ਹਨ।

ਠੰਢ ਲੱਗਣ ਤੋਂ ਬਾਅਦ ਅਚਾਨਕ ਤੇਜ਼ ਬੁਖਾਰ ਚੜ੍ਹਨਾ, ਸਿਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ ਹੋਣਾ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ ਹੋਣਾ, ਜੋ ਅੱਖਾਂ ਨੂੰ ਦਬਾਉਣ ਜਾਂ ਹਿਲਾਉਣ ਨਾਲ ਹੋਰ ਵੱਧ ਜਾਂਦਾ ਹੈ, ਬਹੁਤ ਜ਼ਿਆਦਾ ਕਮਜ਼ੋਰੀ ਲੱਗਣਾ, ਭੁੱਖ ਨਾ ਲੱਗਣਾ ਅਤੇ ਸਰੀਰ ਖਾਸਕਰ ਚਿਹਰੇ,  ਗਰਦਨ ਅਤੇ ਛਾਤੀ ਤੇ ਲਾਲ-ਗੁਲਾਬੀ ਰੰਗ ਦੇ ਨਿਸ਼ਾਨ ਹੋਣਾ ਸਧਾਰਣ ਡੇਂਗੂ ਬੁਖ਼ਾਰ ਦੇ ਲੱਛਣ ਹਨ।